ਗੁਰਦਾਸਪੁਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਉਤੇ ਸਰਹੱਦੀ ਖੇਤਰ ਪ੍ਰਤੀ ਅਣ ਦੇਖੀ ਦਾ ਦੋਸ਼ ਲਾਇਆ ਅਤੇ ਸਰਹੱਦੀ ਇਲਾਕੇ ਦੀ ਸਰਵ ਪਖੀ ਵਿਕਾਸ ਲਈ ਵਿਸ਼ੇਸ਼ ਕੌਮੀ ਨੀਤੀ ਅਪਣਾਉਣ ਦੀ ਲੋੜ ’ਤੈ ਜੋਰ ਦਿੰਦਿਆਂ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ।
ਸਥਾਨਕ ਪੁਡਾ ਗਰਾਂਊਡ ਵਿਖੇ ਜਿਲਾ ਯੂਥ ਅਕਾਲੀ ਦਲ ਦੀ ਇਕ ਵਿਸ਼ਾਲ ਇਤਿਹਾਸਕ ਰੈਲੀ ਨੂੰ ਸੰਬੰਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਪਾਕਿਸਤਾਨ ਅਤੇ ਭਾਰਤ ਵਿਚਾਲੇ ਅਕਸਰ ਤਣਾਅ ਰਹਿੰਦਾ ਹੇ , ਇਸ ਤਣਾਅ ਦੀ ਤਪਸ਼ ਨੂੰ ਸਰਹੱਦੀ ਖੇਤਰ ਦੇ ਲੋਕਾਂ ਨੇ ਆਪਣੇ ਪਿੰਡੇ ’ਤੇ ਝੱਲਿਆ ਹੈ। 1965 ਤੇ 71 ਦੀਆਂ ਭਾਰਤ ਪਾਕਿ: ਜੰਗ ਸਮੇਂ ਸਰਹੱਦੀ ਲੋਕਾਂ ਨੇ ਦੇਸ਼ ਦੀ ਨਿਸ਼ਕਾਮ ਸੇਵਾ ਕੀਤੀ। ਉਹਨਾਂ ਕਿਹਾ ਕਿ ਸਰਹਦੀ ਖੇਤਰ ਵਿਸ਼ੇਸ ਸਹੂਲਤਾਂ ਦੇ ਹੱਕਦਾਰ ਹਨ। ਤਾਂ ਜੋ ਇਥੋਂ ਗਰੀਬੀ , ਬੇਰੁਜਗਾਰੀ, ਅਨਪੜਤਾ ਦੂਰ ਕੀਤਾ ਜਾ ਸਕੇ।
ਉਹਨਾਂ ਬਾਦਲ ਸਰਕਾਰ ਵਲੋਂ ਸਰਹੱਦੀ ਖੇਤਰ ਦੀ ਖੁਸ਼ਹਾਲੀ ਤੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਿਕਰ ਕੀਤਾ। ਉਹਨਾਂ ਗੁਰਦਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਸੰਬੰਧੀ ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਦੋਹਾਂ ਦੇਸ਼ਾਂ ਵਿਚਲੇ ਹੋਣ ਵਾਲੀ ਦੁਵਲੀ ਗਲਬਾਤ ਦੌਰਾਨ ਇਸ ਨੂੰ ਮੁਖ ਏਜੰਡੇ ਵਜੋਂ ਸ਼ਾਮਿਲ ਕਰਨ ਦੀ ਵੀ ਮੰਗ ਕੀਤੀ।
ਅਤਿ ਦੀ ਮਹਿੰਗਾਈ ਅਤੇ ਵਿਅਪਕ ਭ੍ਰਿਸ਼ਟਾਚਾਰ ਲਈ ਕਾਂਗਰਸ ਪਾਰਟੀ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾੳਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ ਵੀ ਵੱਡੀ ਮੁਸੀਬਤ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਕੇਂਦਰ ਸਰਕਾਰ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੇ ਕਾਬੂ ਪਾਵੇ ਜਾਂ ਫਿਰ ਐਨ ਡੀ ਏ ਲਈ ਰਾਹ ਸਾਫ ਕਰੇ।
ਅੱਜ ਦੀ ਰੈਲੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀ ਕੀਤੀ ਗਈ ਕਾਂਗਰਸ ਦੀ ਰੈਲੀ ਨਾਲੋ ਇਕਠ ਸਮੇਤ ਕਈ ਪਖਾਂ ਤੋਂ ਵਿਲਖਣ ਹੋ ਨਿਬੜੀ। ਆਪ ਮੁਹਾਰੇ ਪਹੁੰਚੇ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਤੇ ਜੋਸ਼ ਦੇਖਿਆਂ ਹੀ ਬਣਦਾ ਸੀ । ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਆਮ ਜਨਤਾ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਚੱਕੀ ਵਿਚ ਬੁਰੀ ਤਰਾਂ ਪਿਸ ਰਹੀ ਹੈ।
ਉਹਨਾਂ ਕਿਹਾ ਕਿ ਗਰੀਬਾਂ ਦੇ ਘਰਾਂ ਵਿਚ ਇਕ ਟਾਈਮ ਰੋਟੀ ਖਾਕੇ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਅਖਬਾਰੀ ਸੁਰਖੀਆਂ ਬਟੋਰਨ ’ਚ ਲਗਾ ਹੋਇਆ ਹੈ ਅਸਲ ’ਚ ਕੇਂਦਰ ਵਲੋਂ ਬਹੂ-ਕੌਮੀ ਕੰਪਨੀਆਂ, ਕਾਲਾਬਜਾਰੀਆਂ ਅਤੇ ਜਮਾਖੋਰਾਂ ਨੂੰ ਆਮ ਜਨਤਾ ਦੀ ਰੋਟੀ ਰੋਜੀ ਖੋਹਣ ਅਤੇ ਉਹਨਾਂ ਦੀ ਖੱਲ ਲਾਹੁੰਣ ਦੀ ਖੁਲੀ ਛੋਟ ਦੇ ਦਿਤੀ ਗੱਈ ਹੈ । ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਵਿਦੇਸ਼ਾਂ ਵਿਚ ਨਜਾਇਜ਼ ਰੂਪ ਵਿਚ ਕਾਲਾ ਧਨ ਜਮ੍ਹਾ ਕਰਾਉਣਾ ਦੇਸ਼ ਦੀ ਮਿੱਟੀ ਨਾਲ ਵਿਸ਼ਵਾਸ਼ਘਾਤ ਹੈ, ਸਵਿਸ ਬੈਕਾਂ ਵਿਚ ਜਮਾ ਭਾਰਤੀਆਂ ਦੇ 70 ਲੱਖ ਕਰੋੜ ਰੁਪੈ 30 ਸਾਲ ਤੱਕ ਦੇਸ਼ ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ ਜਾ ਸਕਦਾ ਹੈ ਅਤੇ ਸਦਾ ਲਈ ਗਰੀਬੀ ਤੇ ਬੇ ਰੁਜਗਾਰੀ ਦੂਰ ਕੀਤੀ ਜਾ ਸਕਦੀ ਹੈ।
ਇਸ ਮੌਕੇ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਕੈਪਟਨ ਰਾਜ ਦੇ ਵਿਕਾਸ ਵਿਚ ਆਈ ਤੇਜੀ ਨੂੰ ਵੇਖ ਕੇ ਬੁਖਲਾ ਗਿਆ ਹੈ। ਉਹਨਾਂ ਕੈਪਟਨ ਵਲੋਂ ਪ੍ਰਧਾਨ ਮੰਤਰੀ ਅਤੇ ਰਿਜਰਵ ਬੈਕ ਨੂੰ ਚਿੱਠੀਆਂ ਲਿਖ ਕੇ ਰਾਜ ਦੇ ਵਿਕਾਸ ਦੇ ਰਾਹ ਵਿਚ ਅੜਿਕੇ ਢਾਹੁਣ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ । ਉਹਨਾਂ ਸ਼ਾਇਰਾਨੇ ਅੰਦਾਜ਼ ਵਿਚ ਕਿਹਾ ਕਿ ਬਾਦਲ ਸਰਕਾਰ ਨੂੰ ਕੈਪਟਨ ਦੀਆਂ ਗਿੱਦੜ ਭਬਕੀਆਂ ਦੀ ਕੋਈ ਪਰਵਾਹ ਨਹੀਂ । ਉਹਨਾਂ ਕਿਹਾ ਕਿ ਕੈਪਟਨ ਨੇ ਅਪਣੇ ਰਾਜ ਦੌਰਾਨ 19,620 ਕਰੋੜ ਰੁਪੈ ਦਾ ਕਰਜਾ ਲੈ ਕੇ ਸਰਕਾਰ ਚਲਾਈ। ਉਹਨਾਂ ਕਿਹਾ ਕਿ ਕਰਜਾ ਇਕਲੇ ਪੰਜਾਬ ਸਿਰ ਨਹੀਂ ਹੈ, ਪਛਮੀ ਬੰਗਾਲ ਤੇ ਮਹਾਂਰਾਸ਼ਟਰਾ ਸਿਰ 2-2 ਲੱਖ ਕਰੋੜ ਤੇ ਯੂ ਪੀ ਸਿਰ 2. 21 ਲੱਖ ਕਰੋੜ ਦਾ ਕਰਜਾ ਹੈ।
ਸ: ਮਜਠੀਆ ਨੇ ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਕੈਪਟਨ ਨੂੰ ਸਵਾਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਕੈਪਟਨ ਦਸੇ ਕਿ ਉਹ ਕੇਂਦਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਬਾਰੇ ਚੁੱਪ ਕਿਉਂ ਹੈ। 35ਹਜਾਰ ਕਰੋੜ ਦਾ ਕਰਜਾ ਸਿਰ ਚੁੱਕ ਕੇ 60 ਫੀਸਦੀ ਕੇਂਦਰੀ ਅੰਨ ਭੰਡਾਰ ਵਿਚ ਹਿਸਾ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਦੀ ਕੇਂਦਰ ਵਲੋਂ ਅਣ ਦੇਖੀ, ਗੁਆਂਢੀ ਰਾਜਾਂ ਨੂੰ ਕੇਂਦਰ ਵਲੋਂ ਦਿਤੀ ਜਾ ਰਹੀ ਸਨਅਤੀ ਰਿਆਇਤਾਂ ਦੀ ਮਿਆਦ ਵਿਚ ਕੀਤੇ ਗਏ ਵਧਾ ਬਾਰੇ ਕਿਉ ਉਹ ਖਾਮੋਸ਼ ਹੈ?
ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਭਾਰੀ ਪੰਡ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦਸਿਆ ਕਿ ਕੇਂਦਰ ਪੰਜਾਬ ਵਿਚੋਂ ਸਭ ਤੋਂ ਵੱਧ ਮਾਲੀਆ ਇਕਠਾ ਕਰਦਾ ਹੈ ਪਰ ਦੇਣ ਸਮੇਂ ਪੰਜਾਬ ਨੂੰ ਕੇਂਦਰੀ ਟੈਕਸਾਂ ਵਿਚੋਂ ਸਿਰਫ 1. 29 ਫੀਸਦੀ ਹਿਸਾ ਅਤੇ ਗਰਾਂਟ ਵਿਚੋਂ ਸਿਰਫ 1.19 ਫੀਸਦੀ ਹਿੱਸਾ ਹੀ ਦਿੰਦਾ ਹੈ। ਜਦ ਕਿ ਕੇਂਦਰੀ ਟੇਕਸਾਂ ਵਿਚੋਂ ਯੂ ਪੀ ਨੂੰ 21 . 7 ਫੀਸਦੀ ਤੇ ਬਿਹਾਰ ਨੂੰ 12 ਫੀਸਦੀ ਤੋਂ ਵੱਧਠ ਗਰਾਂਟਾਂ ਵਿਚੋਂ ਯੂ ਪੀ ਤੇ ਮਹਾਰਾਸ਼ਟਰਾ ਨੂੰ 9 ਫੀਸਦੀ, ਅੰਧਰਾ ਪ੍ਰਦੇਸ਼ , ਜਮੂ ਕਸ਼ਮੀਰ, ਅਸਾਮ ਤੇ ਬਿਹਾਰ ਨੂੰ 6 ਤੋਂ 8 ਫੀਸਦੀ ਦਿਤੀਆਂ ਜਾ ਰਹੀਆਂ ਹਨ।
ਉਹਨਾਂ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਰਾਜ ਦੇ ਬੁਨਿਆਦੀ ਢਾਂਜੇ ਨੂੰ ਮਜਬੂਤ ਕੀਤਾ ਹੈ, ਜਿਸ ਕਾਰਨ ਕਈ ਨਾਮੀ ਕੰਪਨੀਆਂ ਰਾਜ ਵਿੱਚ ਪੂੰਜੀ ਨਿਵੇਸ਼ ਲਈ ਅੱਗੇ ਆ ਰਹੀਆਂ ਹਨ ਅਤੇ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ’ਚ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਰਾਜ ਨੂੰ ਬਿਜਲੀ ਸਰਪ੍ਰਸਤ ਬਣਾਉਣ ਲਈ 4 ਨਵੇਂ ਥਰਮਲ ਪਲਾਂਟ, ਕਿਸਾਨਾਂ ਨੂੰ ਬਿਜਲੀ ਫਰੀ ਤੇ ਗਰੀਬਾਂ ਲਈ ਆਟਾ ਦਾਲ ਸਕੀਮਾਂ ਲਾਗੂ ਹਨ।
ਨੌਜਵਾਨਾਂ ਦੇ ਠਾਠਾਂ ਮਾਰਦੇ ਜੋਸ਼ ਵੇਖ ਕੇ ਉਤਸ਼ਾਹ ਨਾਲ ਭਰੇ ਸ: ਮਜੀਠੀਆ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਮੁਕੰਮਲ ਸਫਾਇਆ ਕਰਨ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ। ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ ਸਮਾਜਕ ਬੁਰਾਈਆਂ ਵਿਰੁੱਧ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ, ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ, ਹਰ ਵਰਕਰ ਇੱਕ ਰੁੱਖ ਲਾਉਣ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਅੱਜ ਮਜੀਠੀਆ ਦੀ ਆਮਦ ਮੌਕੇ ਆਤਿਸ਼ਬਾਜ਼ੀ ਤੋਂ ਇਲਾਵਾ ਸਵਾਗਤ ਲਈ ਸੜਕਾਂ ’ਤੇ ਪੰਜ ਕਿੱਲੋ ਮੀਟਰ ਤੱਕ ਗੱਡੀਆਂ ਦਾ ਕਾਫਲਾ ਢੋਲ ਧਮਕੇ ਨਾਲ ਸ਼ਾਮਿਲ ਸੀ। ਇਸ ਮੌਕੇ ਮੰਤਰੀ ਸ:ਸੁਚਾ ਸਿੰਘ ¦ਗਾਹ, ਮੰਤਰੀ ਬਲਬੀਰ ਸਿੰਘ ਬਾਠ, ਮੰਤਰੀ ਸੇਵਾ ਸਿੰਘ ਸੇਖਵਾਂ, ਗੁਰਬਚਨ ਸਿੰਘ ਬਬੇਹਾਲੀ, ਲਖਬੀਰ ਸਿੰਘ ਲੋਧੀ ਨੰਗਲ, ਰਵੀਕਰਨ ਸਿੰਘ ਕਾਹਲੋਂ, ਸੁਖਬੀਰ ਸਿੰਘ ਵਾਹਲਾ, ਖੁਸ਼ਹਾਲ ਸਿੰਘ ਬਹਿਲ, ਜਰਨੈਲ ਸਿੰਘ ਮਾਹਲ ਸਮੇਤ ਸੀਨੀਅਰ ਅਕਾਲੀ ਆਗੂਆਂ ਨੇ ਵੀ ਸੰਬੋਧਨ ਕੀਤਾ।