ਸੁੱਚਾ ਸਿੰਘ ਦਾ ਘਰ ਅੰਮ੍ਰਿਤਸਰ ਸ਼ਹਿਰ ਦੇ ਵਿਚਾਲੇ ਸਥਿਤ ਸੀ। ਉਹ ਫੌਜ ਵਿੱਚੋ ਸੂਬੇਦਾਰ ਰਿਟਾਇਰ ਹੋਇਆ ਸੀ। ਉਸਨੇ ਫੌਜ ਦੀ ਨੌਕਰੀ ਦੌਰਾਨ ਜਿਆਦਾਤਰ ਗਰੰਥੀ ਦੀ ਸੇਵਾ ਹੀ ਨਿਭਾਈ । ਹੁਣ ਉਹ ਰਿਟਾਇਰ ਹੋਣ ਤੋ ਬਾਦ ਆਪਣਾ ਜਿਆਦਾ ਸਮਾਂ ਗੁਰੂਘਰ ਵਿੱਚ ਹੀ ਬਤੀਤ ਕਰਦਾ ਸੀ । ਕਿਉਕਿ ਉਸਦੇ ਬੱਚੇ ਚੰਗੀ ਪੜ੍ਹਾਈ ਲਿਖਾਈ ਕਰਕੇ ਚੰਗੀਆਂ ਨੌਕਰੀਆਂ ਕਰ ਰਹੇ ਸਨ । ਉਸ ਦੇ ਦੋ ਪੁੱਤਰ ਸਨ ਹਰਪਾਲ ਤੇ ਗੁਰਪਾਲ ਉਹ ਦੋਵੇ ਵੀ ਪੂਰਨ ਗੁਰਸਿੱਖ ਸਨ । ਉਹ ਵੀ ਸ਼ਾਮ ਨੂੰ ਆਪਣੇ ਪਿਤਾ ਦੇ ਨਾਲ ਹਰਿਮੰਦਰ ਸਾਹਬ ਜਾਂਦੇ ਸਨ। ਸੁੱਚਾ ਸਿੰਘ ਦੀ ਪਤਨੀ ਹਰਵਿੰਦਰ ਅਕਸਰ ਬਿਮਾਰ ਹੀ ਰਹਿੰਦੀ ਸੀ । ਇਸ ਕਰਕੇ ਉਹ ਜਿਆਦਾਤਰ ਘਰ ਵਿੱਚ ਰਹਿਕੇ ਰੇਡੀਉ ਤੋ ਪ੍ਰਸਾਰਿਤ ਹੋਣ ਵਾਲਾ ਕੀਰਤਨ ਹੀ ਸੁਣਦੀ ਸੀ । ਸੁੱਚਾ ਸਿੰਘ ਦੀ ਜਿੰਦਗੀ ਬੜੀ ਹੀ ਸੁੱਖਮਈ ਬਤੀਤ ਹੋ ਰਹੀ ਸੀ । ਦੋਵੇ ਪੁੱਤਰ ਜੋ ਕਿ ਹਾਲੇ ਕੁਆਰੇ ਸਨ । ਉਹ ਆਪਣੇ ਮਾਂ ਪਿਉ ਦੀ ਬਹੁਤ ਹੀ ਇੱਜ਼ਤ ਕਰਦੇ ਸਨ । ਸੁੱਚਾ ਸਿੰਘ ਅਤੇ ਹਰਵਿੰਦਰ ਦੇ ਮੂੰਹੋ ਨਿਕਲੀ ਹਰ ਗੱਲ ਨੂੰ ਪੂਰਾ ਕਰਨਾ ਉਹ ਆਪਣਾ ਫਰਜ਼ ਸਮਝਦੇ ਸਨ । ਮੁਹੱਲੇ ਦੇ ਲੋਕ ਅਕਸਰ ਹੀ ਇਹ ਗੱਲਾਂ ਕਰਦੇ ਸਨ ਕਿ ਸੁੱਚਾ ਸਿੰਘ ਨੇ ਤਾਂ ਸਰਵਣ ਪੁੱਤ ਜੰਮੇ ਨੇ । ਅਜਿਹੇ ਪੁੱਤ ਤਾਂ ਘਰ ਘਰ ਜੰਮਣ ।
ਇਹ ਗੱਲ ਹੈ ਸਾਲ 1984 ਦੇ ਜੂਨ ਮਹੀਨੇ ਦੀ । ਜਦੋ ਗਰਮੀ ਬਹੁਤ ਜਿਆਦਾ ਸੀ । ਸੁੱਚਾ ਸਿੰਘ ਦੇ ਵੱਡੇ ਮੁੰਡੇ ਹਰਪਾਲ ਨੂੰ ਦੇਖਣ ਲਈ ਕੁਝ ਲੋਕਾਂ ਨੇ ਆਉਣਾ ਸੀ । ਸਵੇਰੇ ਦਸ ਵਜੇ ਦੇ ਕਰੀਬ ਉਹ ਲੋਕ ਸੁੱਚਾ ਸਿੰਘ ਦੇ ਘਰ ਪੁੱਜੇ ਗਏ । ਉਹਨਾਂ ਨੇ ਚਾਹ ਪਾਣੀ ਪੀਤਾ ਅਤੇ ਹਰਪਾਲ ਨਾਲ ਕੁਝ ਗੱਲਾਂ ਕਰਨ ਤੋ ਬਾਦ ਉਹਨਾਂ ਨੇ ਸ਼ਗਨ ਪਾ ਦਿੱਤਾ । ਇਸ ਤਰ੍ਹਾ ਹਰਪਾਲ ਦਾ ਰਿਸ਼ਤਾ ਪੱਕਾ ਹੋ ਗਿਆ । ਸੁੱਚਾ ਸਿੰਘ ਅਤੇ ਉਸ ਦੀ ਪਤਨੀ ਬਹੁਤ ਹੀ ਖੁਸ਼ ਸਨ । ਉਹਨਾਂ ਨੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਦੇਖਣ ਸੁਰੂ ਕਰ ਦਿੱਤੇ ।
ਹਰ ਰੋਜ਼ ਦੀ ਤਰ੍ਹਾ ਸੁੱਚਾ ਸਿੰਘ ਦੇ ਹਰਿਮੰਦਰ ਸਾਹਬ ਜਾਣ ਦਾ ਸਮਾਂ ਹੋ ਗਿਆ। ਅੱਜ ਹਰਵਿੰਦਰ ਅਤੇ ਹਰਪਾਲ ਵੀ ਸੁੱਚਾ ਸਿੰਘ ਦੇ ਨਾਲ ਚਲੇ ਗਏ ਕਿਉਕਿ ਉਹ ਰਿਸ਼ਤਾ ਪੱਕਾ ਹੋਣ ਦੀ ਖੁਸ਼ੀ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਪਰਿਵਾਰ ਸਮੇਤ ਕਰਨਾ ਚਾਹੁੰਦੇ ਸਨ । ਗੁਰਪਾਲ ਨੇ ਕੰਮ ਤੋ ਲੇਟ ਹੀ ਘਰ ਆਉਣਾ ਸੀ । ਇਸ ਕਰਕੇ ਸਾਰੇ ਪਰਿਵਾਰ ਨੇ ਲੰਗਰ ਦੀ ਸੇਵਾ ਕਰਨ ਦਾ ਵੀ ਮਨ ਬਣਾ ਲਿਆ । ਉਹ ਹਰਿੰਮਦਰ ਸਾਹਬ ਪੁੱਜ ਗਏ। ਅੱਜ ਗੁਰਪੁਰਬ ਹੋਣ ਕਰਕੇ ਉਥੇ ਬਹੁਤ ਹੀ ਭੀੜ ਸੀ । ਮੱਥਾ ਟੇਕਣ ਲਈ ਲੋਕਾਂ ਦੀ ਲੰਮੀਆ ਲੰਮੀਆ ਲਈਨਾਂ ਲੱਗੀਆ ਹੋਈਆ ਸਨ । ਛੋਟੇ ਛੋਟੇ ਬੱਚੇ ਮਾਂਵਾ ਨੇ ਗੋਦੀ ਚੁੱਕੇ ਹੋਏ ਸਨ । ਬਜ਼ੁਰਗ ਵੀ ਬੜੀ ਸ਼ਰਧਾ ਨਾਲ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ।
ਸੁੱਚਾ ਸਿੰਘ ਅਤੇ ਉਸ ਦਾ ਪਰਿਵਾਰ ਵੀ ਮੱਥਾ ਟੇਕ ਕੇ ਕੀਰਤਨ ਸੁਣਨ ਲੱਗੇ । ਰਾਗੀ ਸਿੰਘ ਬਹੁਤ ਹੀ ਰਸਮਈ ਕੀਰਤਨ ਕਰਨ ਰਹੇ ਸਨ । ਅਚਾਨਕ ਹੀ ਅੱਧੇ ਘੰਟੇ ਬਾਦ “ ਬਾਹਰੋ ਇਹ ਰੌਲਾ ਸੁਣਾਈ ਦੇਣ ਲੱਗਾ ਕਿ ਫੌਜ ਆ ਗਈ , ਫੌਜ ਆ ਗਈ”ਪਰ ਹਾਲੇ ਵੀ ਲੋਕ ਕੀਰਤਨ ਸੁਣਨ ਵਿੱਚ ਮਸਤ ਸਨ। ਪੰਦਰਾਂ ਕੁ ਮਿੰਟਾਂ ਦੇ ਬਾਦ ਹੀ ਗੋਲੀਆਂ ਚੱਲਣ ਦੀਆ ਅਵਾਜਾਂ ਸੁਣਾਈ ਦੇਣ ਲੱਗੀਆ। ਮੱਥਾ ਟੇਕਣ ਲਈ ਲਾਈਨਾਂ ਵਿੱਚੇ ਲੱਗੇ ਲੋਕਾਂ ਵਿੱਚ ਭਗਦੜ ਮੱਚ ਗਈ । ਇਸੇ ਦੌਰਾਨ ਗੋਲੀਆਂ ਚੱਲਣ ਦੀ ਰਫਤਾਰ ਤੇਜ਼ ਹੋ ਗਈ । ਦੇਖਦੇ ਹੀ ਦੇਖਦੇ ਭੀੜ ਲਾਸ਼ਾ ਦੇ ਢੇਰ ਵਿਚ ਬਦਲ ਗਈ । ਕੁਝ ਲੋਕ ਜ਼ਖਮੀ ਹੋਏ ਜ਼ਮੀਨ ਤੇ ਪਏ ਪਾਣੀ ਪਾਣੀ ਦੀ ਪੁਕਾਰ ਕਰ ਰਹੇ ਸਨ ਪਰ ਉਹਨਾਂ ਦੀ ਸੁਣਨ ਵਾਲਾ ਕੋਈ ਵੀ ਨਹੀ ਸੀ ।
ਸੁੱਚਾ ਸਿੰਘ ਤੇ ਉਸਦੇ ਪਰਿਵਾਰ ਨੂੰ ਵੀ ਆਪਣੇ ਸਾਹਮਣੇ ਖੜ੍ਹੀ ਮੌਤ ਸਾਫ ਸਾਫ ਦਿਖਾਈ ਦੇਣ ਲੱਗੀ । ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੌਸ਼ਿਸ ਕੀਤੀ ਪਰ ਮੌਤ ਨੇ ਸੁੱਚਾ ਸਿੰਘ ਦੇ ਸਾਰੇ ਪਰਿਵਾਰ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ । ਦੂਜੇ ਪਾਸੇ ਫੌਜ ਨੇ ਸਾਰੇ ਸ਼ਹਿਰ ਵਿੱਚ ਮਾਰਚ ਕਰਨਾ ਸੁਰੂ ਕਰ ਦਿੱਤਾ । ਅੰਮ੍ਰਿਤਸਰ ਵਿੱਚ ਕਰਫਿਊ ਲੱਗ ਗਿਆ ਸੁੱਚਾ ਸਿੰਘ ਦਾ ਛੋਟਾ ਪੁੱਤਰ ਗੁਰਪਾਲ ਆਪਣੇ ਸਾਰੇ ਪਰਿਵਾਰ ਦੀ ਸੁੱਖ ਸ਼ਾਦ ਜਾਣਨ ਲਈ ਹਰਿਮੰਦਰ ਸਾਹਬ ਵੱਲ ਨੂੰ ਤੁਰ ਪਿਆ । ਰਸ਼ਤੇ ਵਿੱਚ ਗਸਤ ਕਰ ਰਹੇ ਫੌਜੀਆਂ ਨੇ ਉਸ ਨੂੰ ਕਰਫਿਊ ਲੱਗੇ ਹੋਣ ਕਰਕੇ ਅੱਗੇ ਜਾਣ ਤੋ ਰੋਕਣ ਦੀ ਕੋਸ਼ਿਸ ਕੀਤੀ । ਇਸੇ ਦੌਰਾਨ ਗੁਰਪਾਲ ਤੇ ਇੱਕ ਫੌਜੀ ਵਿਚਕਾਰ ਹੱਥੋਪਾਈ ਹੋ ਗਈ । ਗੁੱਸੇ ਵਿੱਚ ਆਏ ਫੌਜੀ ਨੇ ਆਪਣੀ ਬੰਦੂਕ ਦਾ ਪਿਛਲਾ ਹਿੱਸਾ ਗੁਰਪਾਲ ਦੇ ਸਿਰ ਵਿੱਚ ਮਾਰ ਦਿੱਤਾ । ਗੁਰਪਾਲ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ।
ਕੁਝ ਦਿਨਾਂ ਬਾਦ ਜਦੋ ਗੁਰਪਾਲ ਨੂੰ ਹੋਸ਼ ਆਈ ਤਾਂ ਉਹ ਇੱਕ ਹਸਪਤਾਲ ਵਿੱਚ ਭਰਤੀ ਸੀ। ਉਹ ਪੂਰੀ ਤਰ੍ਹਾ ਨਾਲ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਸੀ । ਡਾਕਟਰਾਂ ਨੇ ਉਸ ਨੂੰ ਪਾਗਲਖਾਨੇ ਭੇਜ ਦਿੱਤਾ । ਜਿਥੇ ਕਿ ਉਸਨੂੰ ਸੰਗਲਾਂ ਦੇ ਨਾਲ ਬੰਨ੍ਹਕੇ ਰੱਖਿਆ ਗਿਆ । ਉਹ ਸਾਰਾ ਦਿਨ ਚੀਕਾਂ ਮਾਰਦਾ ਰਹਿੰਦਾ ਤੇ ਏਹੋ ਆਖਦਾ “ਮੈਨੂੰ ਵੀ ਗੋਲੀ ਮਾਰ ਦਿਉ “ ਪਰ ਸ਼ਾਮ ਨੂੰ ਜਦੋ ਹਰਿਮੰਦਰ ਸਾਹਬ ਤੋ ਗੁਰਬਾਣੀ ਸਪੀਕਰ ਰਾਹੀ ਉਸ ਦੇ ਕੰਨਾਂ ਵਿੱਚ ਪੈਂਦੀ ਤਾਂ ਉਹ ਬੜੀ ਹੀ ਸ਼ਰਧਾ ਨਾਲ ਦੋਵੇ ਹੱਥ ਜੋੜਕੇ ਚੁੱਪ ਚਾਪ ਬੈਠ ਜਾਂਦਾ ਅਤੇ ਉਸ ਦੀਆਂ ਅੱਖਾਂ ਵਿੱਚੋ ਹੰਝੂ ਵੱਗਦੇ ਰਹਿੰਦੇ ।
(ਨੋਟ : ਇਸ ਕਹਾਣੀ ਦਾ ਕਿਸੇ ਦੀ ਨਿੱਜੀ ਜਿੰਦਗੀ ਨਾਲ ਕੋਈ ਸੰਬੰਧ ਨਹੀ )