ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਈਕਲ ਕਲੱਬ ‘ਪੀ ਏ ਯੂ ਪੈਡਲਜ਼’ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਸਰੀਰਕ ਕਸਰਤ ਲਈ ਸਾਈਕਲ ਬੇਹੱਦ ਸਹਾਈ ਹੁੰਦਾ ਹੈ। ਡਾ: ਕੰਗ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਰੋਜ਼ਾਨਾ ਕੰਮ ਕਾਰ ਲਈ ਸਾਈਕਲ ਦੀ ਵਰਤੋਂ ਆਮ ਹੁੰਦੀ ਸੀ ਜਿਸ ਕਰਕੇ ਮਨੁੱਖ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਸੀ ਅਤੇ ਮਾਨਸਿਕ ਤੌਰ ਤੇ ਵੀ ਸੰਤੁਸ਼ਟੀ ਮਿਲਦੀ ਸੀ। ਇਸ ਮੌਕੇ ਹੀਰੋ ਸਾਈਕਲਜ਼ ਵੱਲੋਂ ਸ਼੍ਰੀ ਓ ਪੀ ਮੁੰਜਾਲ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਪੀ ਏ ਯੂ ਕੈਂਪਸ ਖੁੱਲੀ ਡੁੱਲੀ ਹਵਾ ਵਾਲਾ ਸਥਾਨ ਹੈ ਜਿਥੇ ਸਾਈਕਲ ਦੀ ਵਰਤੋਂ ਵਧੀਆ ਤਰੀਕੇ ਨਾਲ ਹੋ ਸਕਦੀ ਹੈ।
ਯੂਨੀਵਰਸਿਟੀ ਦੇ ਮਿਲਖ ਅਫਸਰ ਡਾ: ਪਰਿਤਪਾਲ ਸਿੰਘ ਲੁਬਾਣਾ ਨੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਸਾਈਕਲ ਜਗਤ ਦੀ ਮੰਨੀ ਪ੍ਰਮੰਨੀ ਫਰਮ ਹੀਰੋ ਸਾਈਕਲਜ਼ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਕੱਲਬ ਦਾ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਲਾਭ ਪੁੱਜੇਗਾ। ਡਾ: ਲੁਬਾਣਾ ਨੇ ਕਿਹਾ ਕਿ ਹੀਰੋ ਸਾਈਕਲਜ਼ ਵੱਲੋਂ ਦਿੱਤੇ ਸੌ ਸਾਈਕਲਾਂ ਨਾਲ ਇਸ ਕਲੱਬ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਜਸਵਿੰਦਰ ਕੌਰ ਸਾਂਘਾ ਨੇ ਦੱਸਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਕੋਲ ਪੀ ਏ ਯੂ ਪੈਡਲਜ਼ ਦੀ ਸਥਾਪਨਾ ਕੀਤੀ ਗਈ ਹੈ ਜਿਥੋਂ ਚਾਹਵਾਨ ਸਾਈਕਲ ਇਸ਼ੂ ਕਰਵਾ ਕੇ ਕਸਰਤ ਕਰ ਸਕਦੇ ਹਨ। ਡਾ: ਸਾਂਘਾ ਨੇ ਕਿਹਾ ਕਿ ਹਰ ਕਿਸੇ ਦੇ ਜੀਵਨ ਵਿੱਚ ਸਾਈਕਲ ਦੀ ਵਰਤੋਂ ਦੇ ਨਾਲ ਨਾਲ ਸਾਈਕ¦ਿਗ ਕਰਨਾ ਵੀ ਰੋਜ਼ਨਾਮਚੇ ਵਿੱਚ ਹੋਣਾ ਚਾਹੀਦਾ ਹੈ। ਡਿਪਟੀ ਡਾਇਰੈਕਟਰ ਲੋਕ ਸੰਪਰਕ ਡਾ: ਨਿਰਮਲ ਜੌੜਾ ਨੇ ਸਾਈਕਲ ਕਲੱਬ ਬਾਰੇ ਜਾਣ ਪਹਿਚਾਣ ਦਿੱਤੀ। ਇਸ ਮੌਕੇ ਅਮਰੀਕਾ ਦੇ ਉੱਘੇ ਵਿਗਿਆਨੀ ਡਾ: ਬਿਕਰਮ ਸਿੰਘ ਗਿੱਲ ਅਤੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਸਾਹਿਬਾਨ ਹਾਜ਼ਰ ਸਨ।