ਕਾਹਿਰਾ-ਮਿਸਰ ਵਿਚ ਮੁਜਾਹਰਿਆਂ ਦਾ ਸਾਹਮਣਾ ਕਰ ਰਹੇ ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਲੇਕਨ ਮੁਜਾਹਰੇ ਕਰਨ ਵਾਲਿਆਂ ਦੀ ਮੰਗ ਹੈ ਕਿ ਹੁਸਨੀ ਮੁਬਾਰਕ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸੱਤਾ ਤੋਂ ਪਾਸੇ ਹੋ ਜਾਣ। ਇਸ ਲਈ ਉਨ੍ਹਾਂ ਵਲੋਂ ਅਜੇ ਵੀ ਮੁਜਾਹਰੇ ਜਾਰੀ ਹਨ।
ਇਨ੍ਹਾਂ ਮੁਜਾਹਰਾਕਾਰੀਆਂ ਦੀ ਇਕੋ ਮੰਗ ਹੈ ਪਿਛਲੇ 30 ਸਾਲਾਂ ਤੋਂ ਰਾਸ਼ਟਰਪਤੀ ਦੀ ਕੁਰਸੀ ‘ਤੇ ਕਾਬਜ਼ ਹੁਸਨੀ ਮੁਬਾਰਕ ਆਪਣਾ ਅਸਤੀਫ਼ਾ ਦੇ ਕੇ ਪਾਸੇ ਹੋ ਜਾਣ। ਇਹ ਮੁਜਾਹਰੇ ਪਿਛਲੇ 12 ਦਿਨਾਂ ਤੋਂ ਲਗਾਤਾਰ ਜਾਰੀ ਹੈ। ਕੁਝ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਮੁਬਾਰਕ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ। ਇਨ੍ਹਾਂ ਮੁਜਾਹਰਿਆਂ ਦੇ ਦੌਰਾਨ ਹੀ ਗਾਜ਼ਾ ਪੱਟੀ ਦੇ ਨਜ਼ਦੀਕ ਇਕ ਸ਼ਹਿਰ ਵਿਚ ਗੈਸ ਪਾਈਪਲਾਈਨ ‘ਤੇ ਕੁਝ ਅਣਪਛਾਤੇ ਲੋਕਾਂ ਵਲੋਂ ਧਮਾਕਾ ਕੀਤਾ ਗਿਆ ਹੈ। ਜਿਸ ਲਈ ਤੇਲ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਧਮਾਕੇ ਨੂੰ ਅਤਿਵਾਦੀਆਂ ਵਲੋਂ ਕੀਤੀ ਗਈ ਕਾਰਵਾਈ ਵਜੋਂ ਵੀ ਵੇਖਿਆ ਜਾ ਰਿਹਾ ਹੈ। ਮਿਸਰ ਵਿਚ ਮੁਜਾਹਰਿਆਂ ਦੌਰਾਨ ਲੋਕੀਂ ਮੁਬਾਰਕ ਦੇ ਅਹੁਦਾ ਛੱਡਣ ਅਤੇ ਦੇਸ਼ ਭਗਤੀ ਦੇ ਨਾਅਰੇ ਲਾ ਰਹੇ ਹਨ। ਇਥੇ ਇਹ ਵੀ ਜਿ਼ਕਰਯੋਗ ਹੈ ਕਿ ਇਸ ਦੌਰਾਨ ਕਈ ਵਾਰ ਹਿੰਸਾ ਭੜਕ ਚੁੱਕੀ ਹੈ ਅਤੇ ਫੌਜਾਂ ਵਲੋਂ ਇਨ੍ਹਾਂ ਮੁਜਾਹਰਾਕਾਰੀਆਂ ਉਪਰ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਜਾ ਚੁਕਿਆ ਹੈ।