ਆਈਸੀਸੀ ਵਲੋਂ ਤਿੰਨ ਪਾਕਿ ਕ੍ਰਿਕਟਰਾਂ ‘ਤੇ ਮੈਚ ਫਿਕਸਿੰਗ ਮਾਮਲੇ ‘ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਵਿਚ ਸਾਬਕਾ ਕਪਤਾਨ ਸਲਮਾਨ ਬੱਟ, ਮੁਹੰਮਦ ਆਸਿਫ਼ ਅਤੇ ਮੁਹੰਮਦ ਆਮਿਰ ਦੇ ਨਾਮ ਸ਼ਾਮਲ ਹਨ। ਸਲਮਾਨ ਬੱਟ ‘ਤੇ ਸਭ ਤੋਂ ਵੱਧ 10 ਸਾਲਾਂ ਲਈ ਪਾਬੰਦੀ ਲਾਈ ਗਈ ਹੈ। ਇਨ੍ਹਾਂ ਚੋਂ ਸਲਮਾਨ ਬੱਟ ਨੂੰ 10 ਚੋਂ ਪੰਜ ਸਾਲ ਅਤੇ ਮੁਹੰਮਦ ਆਸਿਫ਼ ਨੂੰ ਸੱਤ ਚੋਂ ਦੋ ਸਾਲਾਂ ਲਈ ਬਰਖਾਸਤ ਕੀਤਾ ਗਿਆ ਹੈ।
ਇਨ੍ਹਾਂ ਤਿੰਨੇ ਖਿਡਾਰੀਆਂ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ 2010 ਵਿਚ ਅਗਸਤ ਮਹੀਨੇ ਦੌਰਾਨ ਇੰਗਲੈਂਡ ਦੇ ਖਿਲਾਫ਼ ਲਾਰਡਜ਼ ਟੈਸਟ ਦੌਰਾਨ ਸਪਾਟ ਫਿਕਸਿੰਗ ਕੀਤੀ ਸੀ। ਪਰੰਤੂ ਇਨ੍ਹਾਂ ਖਿਡਾਰੀਆਂ ਵਲੋਂ ਇਸਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਆਈਸੀਸੀ ਅਨੁਸਾਰ ਇਹ ਤਿੰਨੇ ਖਿਡਾਰੀ ਇਸ ਫ਼ੈਸਲੇ ਦੇ ਖਿਲਾਫ਼ ਅਪੀਲ ਕਰ ਸਕਦੇ ਹਨ। ਜਿਕਰਯੋਗ ਹੈ ਇੰਗਲੈਂਡ ਦੀ ਅਖ਼ਬਾਰ ਨਿਊਜ਼ ਆਫ਼ ਦ ਵਰਲਡ ਵਲੋਂ ਇਹ ਇੰਕਸ਼ਾਫ਼ ਕੀਤਾ ਗਿਆ ਸੀ ਕਿ ਇੰਗਲੈਂਡ ਦੇ ਖਿਲਾਫ਼ ਖੇਡਦੇ ਹੋਏ ਇਕ ਖਾਸ ਸਮੇਂ ਨੋ ਬਾਲ ਸੁੱਟੀ ਗਈ ਸੀ। ਇਸ ਲਈ ਪਾਕਿਸਤਾਨੀ ਖਿਡਾਰੀਆਂ ਨੂੰ ਪੈਸੇ ਦਿੱਤੇ ਗਏ ਸਨ।