ਮਿਊਨਿਖ-ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਬਾਰੇ ਸੰਧੀ ਲਾਗੂ ਹੋ ਗਈ ਹੈ। ਇਸ ਸੰਧੀ ਬਾਰੇ ਦਸਤਾਵੇਜ਼ਾਂ ਦੀ ਅਦਲਾ ਬਦਲੀ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਫ਼ ਨੇ ਮਿਊਨਿਖ ਵਿਖੇ ਕੀਤੀ। ਜਿਕਰਯੋਗ ਹੈ ਕਿ ਇਸ ਸਬੰਧੀ ਅਮਰੀਕਾ ਅਤੇ ਰੂਸ ਵਲੋਂ ਕਾਫ਼ੀ ਸਮੇਂ ਤੋਂ ਗੱਲਬਾਤ ਕੀਤੀ ਜਾ ਰਹੀ ਸੀ ਕਿ ਦੁਨੀਆਵੀ ਪੱਧਰ ‘ਤੇ ਤਬਾਹੀ ਵਾਲੇ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਕੀਤੀ ਜਾਵੇ। ਇਹ ਦੋਵੇਂ ਲੀਡਰ ਮਿਊਨਿਖ ਵਿਖੇ ਸੁਰੱਖਿਆ ਮਾਮਲਿਆਂ ਬਾਰੇ ਇਕ ਕੌਮਾਂਤਰੀ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ।
ਇਸ ਸੰਧੀ ਨੂੰ ਸਟਾਰਟ ਸੰਧੀ ਕਿਹਾ ਜਾਂਦਾ ਹੈ। ਇਸ ਸੰਧੀ ਦਾ ਪੂਰਾ ਨਾਮ ਸਟ੍ਰੇਟੇਜਿਕ ਆਰਮਜ਼ ਰਿਡਕਸ਼ਨ ਟ੍ਰੀਟੀ ਹੈ। ਇਸ ਵੇਲੇ ਦੋਵੇਂ ਦੇਸ਼ਾਂ ਦੇ ਕੋਲ ਵੱਡੀ ਪੱਧਰ ‘ਤੇ ਪ੍ਰਮਾਣੂ ਹਥਿਆਰਾਂ ਦੇ ਜ਼ਖ਼ੀਰੇ ਹਨ। ਇਸ ਅਨੁਸਾਰ ਦੋਵੇਂ ਦੇਸ਼ਾਂ ਦੇ ਪ੍ਰਮਾਣੂ ਹਥਿਆਰਾਂ ਵਿਚ ਕਮੀ ਕਰਕੇ ਇਸਦੀ ਗਿਣਤੀ 1550 ਤੱਕ ਲਿਆਉਣਾ ਹੈ। ਇਸ ਸਬੰਧੀ ਮਤੇ ਨੂੰ ਅਮਰੀਕੀ ਕਾਂਗਰਸ ਵਲੋਂ ਪਿਛਲੇ ਸਾਲ ਦਸੰਬਰ ਵਿਚ ਪ੍ਰਵਾਨਗੀ ਦਿੱਤੀ ਗਈ ਸੀ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਇਸ ਨੂੰ ਇਕ ਇਤਿਹਾਸਕ ਕਦਮ ਕਰਾਰ ਦਿੱਤਾ ਗਿਆ ਸੀ। ਇਸ ਸੰਧੀ ਅਨੁਸਾਰ ਹੁਣ ਬਲਾਸਟਿਕ ਮਿਸਾਈਲਾਂ ਅਤੇ ਬੰਬਾਰੀ ਦੀ ਗਿਣਤੀ ਵੀ ਹੁਣ 700 ਤੋਂ ਵੱਧ ਨਹੀਂ ਹੋ ਸਕਦੀ। ਇਸ ਸੰਧੀ ਨੂੰ 7 ਸਾਲਾਂ ਵਿਚ ਅਮਲ ਵਿਚ ਲਿਆਂਦਾ ਜਾਵੇਗਾ।
ਪ੍ਰਮਾਣੂ ਹਥਿਆਰਾਂ ਦੀ ਕਟੌਤੀ ਬਾਰੇ ਅਮਰੀਕਾ-ਰੂਸ ਸੰਧੀ ਲਾਗੂ
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.