ਕਾਹਿਰਾ-ਮਿਸਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਖ਼ਬਰਾਂ ਅਨੁਸਾਰ ਇਸ ਗੱਲਬਾਤ ਵਿਰ ਵਿਰੋਧੀ ਨੁਮਾਇੰਦਿਆਂ ਅਤੇ ਸਰਕਾਰ ਵਿਚਕਾਰ ਸੰਵਿਧਾਨ ਦੀ ਸਮੀਖਿਆ ਬਾਰੇ ਇਕ ਰਾਏ ਕਾਇਮ ਹੋ ਗਈ ਹੈ। ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਸੱਤਾ ਤੋਂ ਹਟਾਉਣ ਲਈ ਪਿਛਲੇ 13 ਦਿਨਾਂ ਤੋਂ ਮਿਸਰ ਵਿਚ ਵੱਡੀ ਪੱਧਰ ‘ਤੇ ਮੁਜਾਹਰੇ ਕੀਤੇ ਜਾ ਰਹੇ ਹਨ।
ਮਿਸਰ ਵਿਚ ਲਗਾਤਾਰ ਜਾਰੀ ਮੁਜਾਹਰਿਆਂ ਅਤੇ ਸਿਆਸੀ ਸੰਕਟ ਨੂੰ ਹਰਲ ਕਰਨ ਲਈ ਪਾਬੰਦੀਸ਼ੁਦਾ ਵਿਰੋਧੀ ਜਥੇਬੰਦੀ ਮੁਸਲਿਮ ਬਰਦਰਹੁੱਡ, ਨੌਜਵਾਨ ਮੁਜਾਹਰਾਕਾਰੀਆਂ ਦੇ ਨੁਮਾਇੰਦਿਆਂ ਅਤੇ ਵਿਰੋਧੀ ਲੀਡਰ ਅਲ ਬਾਰਾਦਾਈ ਦੇ ਨੁਮਾਇੰਦਿਆਂ ਨੇ ਸਰਕਾਰ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਪਾਰਟੀਆਂ ਵਲੋਂ ਇਹ ਵੀ ਸਹਿਮਤੀ ਬਣੀ ਹੈ ਕਿ ਇਸ ਗੱਲਬਾਤ ਦੌਰਾਨ ਕਿਸੇ ਵੀ ਵਿਦੇਸ਼ੀ ਧਿਰ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਪਰੰਤੂ ਵਿਰੋਧੀ ਧੜਿਆਂ ਵਲੋਂ ਅਜੇ ਤੱਕ ਇਨ੍ਹਾਂ ਫ਼ੈਸਲਿਆਂ ਦੀ ਸਹਿਮਤੀ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ।
ਮਿਸਰ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਵਿਰੋਧੀ ਧਿਰਾਂ ਅਤੇ ਸਰਕਾਰ ਕੁਝ ਗੱਲਾਂ ਬਾਰੇ ਇਕ ਮਤ ਹੋ ਗਏ ਹਨ। ਇਸ ਅਨੁਸਾਰ ਸੰਵਿਧਾਨ ਵਿਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਤਬਦੀਲੀਆਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਜਾਵੇਗੀ, ਇਸ ਕਮੇਟੀ ਵਿਚ ਸਿਆਸੀ ਅਤੇ ਕਾਨੂੰਨੀ ਮਾਹਿਰਾਂ ਨੂੰ ਲਿਆ ਜਾਵੇਗਾ। ਇਹ ਕਮੇਟੀ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਸੀਮਤ ਕਰਨ ਅਤੇ ਰਾਸ਼ਟਰਪਤੀ ਦੇ ਕੰਮਕਾਰ ਨੂੰ ਨਿਸਚਿਤ ਕਰਨ ਸਮੇਤ ਕਈ ਹੋਰ ਸੰਵਿਧਾਨਿਕ ਸੁਧਾਰਾਂ ਬਾਰੇ ਗੌਰ ਕਰੇਗੀ।
ਜਿਕਰਯੋਗ ਹੈ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਰਾਸ਼ਟਰਪਤੀ ਹੁਸਨੀ ਮੁਬਾਰਕ ਦੇ ਅਸਤੀਫ਼ੇ ਨੂੰ ਲੈਕੇ ਵੱਡੀ ਪੱਧਰ ‘ਤੇ ਲੋਕੀਂ ਤਹਿਰੀਰੀ ਚੌਰਾਹੇ ‘ਤੇ ਜਮ੍ਹਾਂ ਹਨ ਅਤੇ ਇਸਤੋਂ ਪਹਿਲਾਂ ਮਿਸਰ ਵਿਚ ਅਨੇਕਾਂ ਥਾਵਾਂ ‘ਤੇ ਮੁਜਾਹਰੇ ਅਤੇ ਹਿੰਸਕ ਵਾਰਦਾਤਾਂ ਵੀ ਹੋਈਆਂ। ਬਰਦਰਹੁੱਡ ਸਮੇਤ ਵਿਰੋਧੀ ਪਾਰਟੀਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਉਪ ਰਾਸ਼ਟਰਪਤੀ ਉਮਰ ਸੁਲੇਮਾਨ ਨਾਲ ਮੁਲਾਕਾਤ ਕੀਤੀ। ਦੂਸਰੇ ਪਾਸੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਲੋਕਾਂ ਦੇ ਸਨਮਾਨ ਵਿਚ ਹਜ਼ਾਰਾਂ ਲੋਕਾਂ ਨੇ “ਸ਼ਹੀਦ ਦਿਵਸ” ਮਨਾਇਆ।