ਰੋਪੜ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਵੱਖਰੀ ਕਮੇਟੀ ਨਹੀਂ ਬਣਾਈ ਜਾਵੇਗੀ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਕੋਈ ਫੈਸਲਾ ਲਿਆ ਜਾਵੇਗਾ। ਇਹ ਵਿਚਾਰ ਐਸਜੀਪੀਸੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਸਿੰਘ ਝੀਂਡਾ ਛੋਟਾ ਭਰਾ ਬਣਕੇ ਕੰਮ ਕਰਨ।
ਜਿਕਰਯੋਗ ਹੈ ਕਿ ਹਰਿਆਣੇ ਵਿਚ ਇਕ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਐਸਜੀਪੀਸੀ ਵਲੋਂ ਹਰਿਆਣੇ ਦੇ ਮੈਂਬਰਾਂ ਨੂੰ ਕੋਈ ਖਾਸ ਅਹੁਦਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਹਰਿਆਣੇ ਦੇ ਗੁਰਦੁਆਰਿਆਂ ਤੋਂ ਹੋਈ ਆਮਦਨੀ ਨੂੰ ਹਰਿਆਣੇ ਦੇ ਗੁਰਦੁਆਰਿਆਂ ਲਈ ਖਰਚ ਕੀਤਾ ਜਾਂਦਾ ਹੈ। ਇਸ ਬਾਰੇ ਸ: ਮੱਕੜ ਨੇ ਕਿਹਾ ਕਿ ਅਸੀਂ ਹਰਿਆਣੇ ਦੇ ਗੁਰੂਘਰਾਂ ਦੀ ਸੇਵਾ ਸੰਭਾਲ ਅਤੇ ਹੋਰਨਾਂ ਅਦਾਰਿਆਂ ਦੇ ਵਾਧੇ ਤੇ ਵਿਕਾਸ ਲਈ ਵੱਡੀ ਪੱਧਰ ‘ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਗੁਰਦੁਆਰਿਆਂ ਤੋਂ ਹੋਈ ਆਮਦਨ ਨੂੰ ਇਨ੍ਹਾਂ ਗੁਰਦੁਆਰਿਆਂ ਦੀ ਸੰਭਾਲ ਲਈ ਹੀ ਵਰਤਿਆ ਜਾਵੇਗਾ। ਸਾਬਕਾ ਖ਼ਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੂੰ ਮੀਟਿੰਗ ਤੋਂ ਰੋਕਣ ਦੇ ਸਵਾਲ ਬਾਰੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਧਾਰਮਕ ਸਥਾਨ ‘ਤੇ ਮੀਟਿੰਗ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ। ਗੁਰੂਘਰਾਂ ਵਿਚ ਮੱਥਾ ਟੇਕਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ।
ਵਖਰੀ ਹਰਿਆਣਾ ਪ੍ਰਬੰਧਕ ਕਮੇਟੀ ਨਹੀਂ ਬਣੇਗੀ-ਮੱਕੜ
This entry was posted in ਪੰਜਾਬ.