ਲੁਧਿਆਣਾ: – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਅਕੈਡਮੀ ਵੱਲੋਂ ਡੀ ਏ ਵੀ ਕਾਲਜ ਅਬੋਹਰ ਵਿਖੇ ਕਰਵਾਏ ਵਿਸ਼ਾਲ ਪੰਜਾਬੀ ਕਵੀ ਦਰਬਾਰ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸ਼ਬਦ ਸਭਿਆਚਾਰ ਦੀ ਉਸਾਰੀ ਲਈ ਅਕੈਡਮੀ ਜਿਥੇ ਵੱਡੇ ਸ਼ਹਿਰਾਂ ਦੀ ਥਾਂ ਨਿੱਕੇ ਕਸਬਿਆਂ ਵੱਲ ਰੁਖ਼ ਕਰ ਰਹੀ ਉਥੇ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਉਥੋਂ ਦੇ ਪੰਜਾਬੀਆਂ ਨਾਲ ਸੰਪਰਕ ਕਰੇਗੀ ਤਾਂ ਜੋ ਉਥੋਂ ਦੀ ਨਵੀਂ ਪੀੜੀ ਨੂੰ ਸ਼ਬਦ ਸਭਿਆਚਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅਕੈਡਮੀ ਵੱਲੋਂ ਜੰਮੂ ਕਸ਼ਮੀਰ ਵਿੱਚ ਦੋ ਰੋਜ਼ਾ ਸੈਮੀਨਾਰ ਤੋਂ ਬਾਅਦ ਉਹ ਖੁਦ ਕਲਕੱਤਾ ਦੇ ਪੰਜਾਬੀਆਂ ਨੂੰ ਸੰਬੋਧਨ ਕਰਕੇ ਆਏ ਹਨ ਅਤੇ ਨੇੜ ਭਵਿੱਖ ਵਿੱਚ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਇਕ ਰੋਜ਼ਾ ਸਮਾਗਮ ਲਈ ਉਥੋਂ ਦੇ ਲੇਖਕਾਂ ਨੂੰ ਜਿੰਮੇਂਵਾਰੀ ਸੌਂਪ ਰਹੇ ਹਨ।
ਇਸ ਕਵੀ ਦਰਬਾਰ ਵਿੱਚ ਸੁਆਗਤੀ ਸ਼ਬਦ ਬੋਲਦਿਆਂ ਅਕੈਡਮੀ ਦੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ ਨੇ ਆਖਿਆ ਕਿ ਉਨ੍ਹਾਂ ਦਾ ਮਨੋਰਥ ਮਹਾਂ ਨਗਰੀ ਸਾਹਿਤ ਸਭਿਆਚਾਰ ਦੀ ਥਾਂ ਖੇਤਰੀ ਪਛਾਣ ਨੂੰ ਵਧੇਰੇ ਮਜ਼ਬੂਤ ਕਰਨਾ ਹੈ। ਉਨ੍ਹਾਂ ਆਖਿਆ ਕਿ ਜਿਹੜੀ ਵੀ ਸੰਸਥਾ ਅਕੈਡਮੀ ਨਾਲ ਸਾਹਿਤਕ ਸਹਿਯੋਗ ਕਰਨ ਲਈ ਸੰਪਰਕ ਕਰੇਗੀ ਉਸ ਨੂੰ ਭਰਵਾਂ ਸਹਿਯੋਗ ਦਿੱਤਾ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ: ਵੀ ਬੀ ਸ਼ਰਮਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ: ਇਕਬਾਲ ਸਿੰਘ ਗੋਂਦਾਰਾ ਨੇ ਆਖਿਆ ਕਿ ਅਬੋਹਰ ਵਿੱਚ 22 ਸਾਲਾਂ ਬਾਅਦ ਪੰਜਾਬੀ ਕਵੀ ਦਰਬਾਰ ਸੁਣਨ ਨੂੰ ਮਿਲਿਆ ਹੈ। ਇਸ ਕਵੀ ਦਰਬਾਰ ਵਿੱਚ ਉੱਘੇ ਪੰਜਾਬੀ ਕਵੀ ਪ੍ਰੋਫੈਸਰ ਰਵਿੰਦਰ ਭੱਠਲ, ਬੂਟਾ ਸਿੰਘ ਚੌਹਾਨ, ਗੁਰਮੀਤ ਬਰਾੜ, ਭੁਪਿੰਦਰ ਕੌਰ ਪ੍ਰੀਤ, ਤਰਲੋਚਨ ਲੋਚੀ, ਸੁਰਿੰਦਰਪ੍ਰੀਤ ਘਣੀਆ, ਸੋਹਣਦੀਪ ਥਿੰਦ, ਹਰਮੀਤ ਵਿਦਿਆਰਥੀ, ਵੀਰ ਵਹਾਬ, ਕੰਵਲਪ੍ਰੀਤ ਕੌਰ ਸਿੱਧੂ, ਜਸਵੰਤ ਜਫ਼ਰ, ਮਨਜਿੰਦਰ ਧਨੋਆ, ਗੁਰਭਜਨ ਗਿੱਲ, ਹਰਦੀਪ ਢਿੱਲੋਂ, ਬਲ ਬਹਾਦਰ ਬਰਾੜ, ਸਤੀਸ਼ ਗੁਲਾਟੀ ਨੇ ਆਪਣਾ ਕਲਾਮ ਪੇਸ਼ ਕੀਤਾ। ਕਾਲਜ ਪ੍ਰਬੰਧਕਾਂ ਨੇ ਆਏ ਸਮੂਹ ਕਵੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਜਗਜੀਤ ਸਿੰਘ, ਫਿਰੋਜਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਸ: ਗੁਰਚਰਨ ਸਿੰਘ ਸੰਧੂ, ਸ: ਰਜਿੰਦਰ ਸਿੰਘ ਜਾਖੜ, ਪ੍ਰੋਫੈਸਰ ਬਲਜਿੰਦਰ ਸਿੰਘ ਭੁੱਲਰ, ਡਾ: ਇਕਬਾਲ ਸਿੰਘ ਸੰਧੂ, ਪ੍ਰੋਫੈਸਰ ਗੁਰਰਾਜ ਸਿੰਘ ਚਹਿਲ, ਪ੍ਰੋਫੈਸਰ ਕੌਰ ਸਿੰਘ, ਸ: ਤਰਲੋਕ ਸਿੰਘ ਬਰਾੜ, ਰਾਜਿੰਦਰ ਮਾਜ਼ੀ ਤੋ ਇਲਾਵਾ ਸ਼ਹਿਰ ਦੇ ਕਈ ਹੋਰ ਪ੍ਰਮੁਖ ਵਿਅਕਤੀ ਹਾਜ਼ਰ ਸਨ।