ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੰਤਰ ਰਾਸ਼ਟਰੀ ਗੋਸ਼ਟੀ ਵਿੱਚ ਭਾਗ ਲੈਣ ਆਏ ਪਾਕਿਸਤਾਨੀ ਖੇਤੀ ਵਿਗਿਆਨੀ ਅਤੇ ਪੰਜਾਬੀ ਸ਼ਾਇਰ ਜਨਾਬ ਹਾਫ਼ਿਜ਼ ਅਬਦੁੱਲ ਕਿਯੂਮ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਅੱਜ ਲਾਇਲਪੁਰ ਅਤੇ ਲੁਧਿਆਣਾ ਦੀ ਖੇਤੀਬਾੜੀ ਸਿੱਖਿਆ, ਖੋਜ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਨੂੰ ਸੰਭਾਲਣ ਲਈ ਨੌਜਵਾਨ ਪੀੜ੍ਹੀ ਨੂੰ ਨਾਲ ਰਲਾ ਕੇ ਹੰਭਲਾ ਮਾਰਨ ਦੀ ਲੋੜ ਹੈ ਕਿਉਂਕਿ ਜਿਹੜੀ ਪੁਸ਼ਤ ਨੇ ਇਕ ਸਦੀ ਪਹਿਲਾਂ ਇਕੱਠ ਜੀਣ ਮਰਨ ਦਾ ਪ੍ਰਣ ਕੀਤਾ ਸੀ ਉਹ ਖਤਮ ਹੋ ਰਹੀ ਹੈ ਪਰ ਇਹ ਮੁਹੱਬਤ ਦੀ ਲੜੀ ਨਹੀਂ ਟੁੱਟਣੀ ਚਾਹੀਦੀ। ਉਨ੍ਹਾਂ ਆਖਿਆ ਕਿ ਮਹਿੰਗੀ ਮਾਲਾ ਦੇ ਮਣਕਿਆਂ ਵਿੱਚੋਂ ਹੌਲੀ ਹੌਲੀ ਮੇਰੇ ਸੱਜਣ ਪਿਆਰੇ ਕਿਰਦੇ ਜਾ ਰਹੇ ਹਨ। ਮੈਂ ਵੀ 86 ਸਾਲ ਦੀ ਉਮਰੇ ਇਥੇ ਮੁਹੱਬਤ ਪਾਲਣ ਹੀ ਆਇਆਂ ਹਾਂ। ਮੇਰੇ ਕਾਲਜ ਦੇ ਸਾਥੀ ਡਾ: ਦੇਵ ਰਾਜ ਭੁੰਬਲਾ, ਡਾ: ਸੁਖਦੇਵ ਸਿੰਘ, ਡਾ: ਗੁਰਚਰਨ ਸਿੰਘ ਕਾਲਕਟ ਅਤੇ ਡਾ: ਹੇਤ ਰਾਮ ਕਾਲੀਆ ਦੀ ਧਰਤੀ ਨੂੰ ਸਲਾਮ ਕਰਨ ਆਉਂਦਾ ਹਾਂ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਮੇਰੇ ਪੁਰਾਣੇ ਅਧਿਆਪਕ ਡਾ: ਪੂਰਨ ਆਨੰਦ ਅਦਲੱਖਾ ਦੇ ਬੇਟੇ ਬ੍ਰਿਗੇਡੀਅਰ ਅਨਿਲ ਅਦਲੱਖਾ ਨੇ ਲਾਇਲਪੁਰ ਫੇਰੀ ਦੌਰਾਨ ਆਪਣੇ ਬਾਪ ਦੀਆਂ ਯਾਦਾਂ ਨੂੰ ਆਪ ਅੱਖੀਂ ਜਾ ਕੇ ਵੇਖਿਆ ਅਤੇ ਉਥੇ ਇਕ ਟਰੱਸਟ ਬਣਾ ਕੇ 9 ਲੱਖ 72 ਹਜ਼ਾਰ ਰੁਪਏ ਦਿੱਤੇ ਹਨ ਜਿਸ ਨਾਲ ਬੀ ਐਸ ਸੀ ਦੇ ਪਹਿਲੇ ਅਤੇ ਦੂਸਰੇ ਸਾਲ ਲਈ ਚਾਰ ਅਤੇ ਐਮ ਐਸ ਸੀ ਲਈ ਦੋ ਵਜ਼ੀਫੇ ਸ਼ੁਰੂ ਕੀਤੇ ਗਏ ਹਨ। ਇਵੇਂ ਹੀ ਮੇਰੇ ਬੇਲੀ ਡਾ: ਸਰਦਾਰਾ ਸਿੰਘ ਜੌਹਲ ਨੇ ਆਪਣੀ ਜਨਮ ਭੂਮੀ ਚੱਕ ਜੌਹਲ ਨੇੜੇ ਪਿੰਡ ਪਾਲੋਆਣੀ ਵਿਖੇ ਆਪਣੇ ਅਧਿਆਪਕ ਸੂਫੀ ਮੁਹੰਮਦ ਦੀਨ ਦੀ ਯਾਦ ਵਿੱਚ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਜ਼ੀਫੇ ਸ਼ੁਰੂ ਕੀਤੇ ਹਨ। ਇਹ ਰਵਾਇਤਾਂ ਅਗਲੀ ਪੀੜ੍ਹੀ ਨੂੰ ਦੱਸਣ ਦੀ ਲੋੜ ਹੈ ਕਿ ਸਾਡੀਆਂ ਤੰਦਾਂ ਕਿੰਨੀਆਂ ਪੀਡੀਆਂ ਹਨ।
ਜਨਾਬ ਕਿਯੂਮ ਨੇ ਆਖਿਆ ਕਿ ਅੱਜ ਬਸੰਤ ਪੰਚਮੀ ਵਾਲੇ ਦਿਨ ਇਧਰਲੇ ਪੰਜਾਬ ਵਿੱਚ ਓਨਾ ਉਤਸ਼ਾਹ ਨਹੀਂ ਦਿਸ ਰਿਹਾ ਜਿੰਨਾਂ ਪਾਕਿਸਤਾਨੀ ਪੰਜਾਬ ਵਿੱਚ ਹੈ। ਅੱਜ ਲਾਹੌਰ ਦੀਆਂ ਪਾਰਕਾਂ ਵਿੱਚ ਲੱਖਾਂ ਕਰੋੜਾਂ ਰੁਪਏ ਸਿਰਫ ਜਸ਼ਨਾਂ ਤੇ ਖਰਚੇ ਜਾਣੇ ਹਨ ਅਤੇ ਲਾਹੌਰ ਦਾ ਅੰਬਰ ਪਤੰਗਾਂ ਨੇ ਭਰਿਆ ਹੋਇਆ ਹੋਣਾ। ਕਿਸੇ ਹੋਟਲ ਵਿੱਚ ਇਸ ਦਿਨ ਕੋਈ ਕਮਰਾ ਖਾਲੀ ਨਹੀਂ ਲੱਭਦਾ ਪਰ ਹੁੱਲੜਬਾਜੀ ਵਧਣ ਕਾਰਨ ਸਰਕਾਰ ਹੁਣ ਕੁਝ ਸਖਤੀ ਕਰ ਰਹੀ ਹੈ ਪਰ ਲੋਕ ਸਖਤੀ ਦੀ ਵੀ ਪਰਵਾਹ ਨਹੀ ਨਹੀਂ ਕਰਦੇ। ਉਨਾਂ ਆਖਿਆ ਕਿ ਸਾਂਝੇ ਤਿਉਹਾਰਾਂ ਸਾਵਣ ਮਹੀਨੇ ਦੇ ਸਾਵਿਆਂ, ਵਿਸਾਖੀ ਅਤੇ ਲੋਹੜੀ ਰਲ ਕੇ ਮਨਾਉਣ ਵਾਲੀ ਨਸਲ ਦੀ ਫਸਲ ਮੁੱਕ ਰਹੀ ਹੈ। ਉਨ੍ਹਾਂ ਆਖਿਆ ਕਿ ਜੱਗਾ ਸੂਰਮਾ ਅੱਜ ਵੀ ਬਾਰ ਦੇ ਇਲਾਕੇ ਦਾ ਨਾਇਕ ਹੈ ਜੋ ਗਊ ਗਰੀਬ ਦੀ ਰਖਵਾਲੀ ਕਰਦਾ ਸੀ। ਉਸ ਨੂੰ ਫਰੰਗੀਆਂ ਨੇ ਭਾਵੇਂ ਡਾਕੂ ਕਿਹਾ ਪਰ ਉਹ ਮਾਨਵਵਾਦੀ ਸੋਚ ਵਾਲਾ ਸੂਰਮਾ ਸੀ ਅਤੇ ਦੋਹਾਂ ਪੰਜਾਬਾਂ ਦੀ ਸਾਂਝੀ ਵਿਰਾਸਤ ਦਾ ਅੱਜ ਵੀ ਪ੍ਰਤੀਕ ਹੈ। ਉਨ੍ਹਾਂ ਆਖਿਆ ਕਿ ਆਜ਼ਾਦੀ ਦੀ ਲੜਾਈ ਇਕੱਠੇ ਲੜਨ ਦੀ ਬਾਤ ਨਵੀਂ ਪੀੜ੍ਹੀ ਨੂੰ ਸੁਣਾਉਣੀ ਚਾਹੀਦੀ ਹੈ ਤਾਂ ਜੋ ਇਤਿਹਾਸ ਨੂੰ ਗਲਤ ਦਿਸ਼ਾ ਨਾ ਮਿਲੇ।
ਖੇਤੀ ਕਾਲਜ ਵਿਖੇ ਡਾ: ਜਗਤਾਰ ਸਿੰਘ ਧੀਮਾਨ ਦੇ ਪੇਸ਼ਕਸ਼ ਤੇ ਜਨਾਬ ਹਾਫਿਜ਼ ਅਬਦੁੱਲ ਕਿਯੂਮ ਨੇ ਆਪਣੀਆਂ ਕੁਝ ਨਜ਼ਮਾਂ ਦੇ ਟੁਕੜੇ ਵੀ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਉਹ ਵੇਲਾ ਹੀ ਕੁਝ ਹੋਰ ਸੀ, ਨਾ ਸਾਡੇ ਦਿਲ ਵਿੱਚ ਚੋਰ ਸੀ। ਇਸ ਮੌਕੇ ਡਾ: ਅੱਲ੍ਹਾਰੰਗ, ਡਾ: ਹਰਜੀਤ ਸਿੰਘ ਧਾਲੀਵਾਲ ਅਤੇ ਗੁਰਭਜਨ ਗਿੱਲ ਨੇ ਵੀ ਵਾਰਤਾਲਾਪ ਵਿੱਚ ਭਾਗ ਲਿਆ।
ਖੇਤੀਬਾੜੀ ਸਿੱਖਿਆ, ਖੋਜ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਨੂੰ ਰਲ ਕੇ ਸੰਭਾਲੀਏ-ਡਾ: ਕਿਯੂਮ
This entry was posted in ਖੇਤੀਬਾੜੀ.