ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਗਾਹਕਾਂ ਦੀ ਸੇਵਾ ਦੇ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਬੈਂਕਾਂ ਤੇ ਲਗਾਮ ਕਸਣ ਦੀ ਤਿਆਰੀ ਵਿੱਚ ਹੈ। ਇਸ ਲਈ ਆਰਬੀਆਈ ਜਲਦੀ ਹੀ ਨਵੇਂ ਨਿਯਮ ਲਾਗੂ ਕਰੇਗਾ। ਇਹ ਨਿਯਮ ਦਮੋਦਰਨ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਅਧਾਰ ਤੇ ਲਾਗੂ ਕੀਤੇ ਜਾਣਗੇ। ਇਸ ਦੇ ਅੰਤਰਗਤ ਸੇਵਾ ਵਿੱਚ ਗੜਬੜੀ ਕਰਨ ਵਾਲੇ ਬੈਂਕਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਛੋਟੇ ਅਤੇ ਪੈਨਸ਼ਨ ਲੈਣ ਵਾਲੇ ਵਰਗ ਨੂੰ ਖਾਸ ਫਾਇਦਾ ਹੋਵੇਗਾ।
ਸਾਬਕਾ ਸੇਬੀ ਚੇਅਰਮੈਨ ਐਮ ਦਮੋਦਰਨ ਦੀ ਪ੍ਰਧਾਨਗੀ ਅਧੀਨ ਇੱਕ ਉਚ ਸਤਰੀ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਇਸੇ ਮਹੀਨੇ ਆਪਣੀ ਰਿਪੋਰਟ ਦੇਵੇਗੀ। ਕਮੇਟੀ ਬੈਂਕਾਂ ਦੀ ਗਾਹਕ ਸੇਵਾ ਸਬੰਧੀ ਜੁੜੀਆਂ ਗਤੀਵਿਧੀਆਂ ਅਤੇ ਮੌਜੂਦਾ ਨੀਤੀਗਤ ਢਾਂਚੇ ਵਿੱਚ ਜਰੂਰੀ ਤਬਦੀਲੀਆਂ ਸਬੰਧੀ ਆਪਣੇ ਸੁਝਾਅ ਦੇਵੇਗੀ। ਇਹ ਕਮੇਟੀ ਗਾਹਕ ਸੇਵਾਾਂਵਾਂ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਬੈਂਕਾਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਸਿਫਾਰਿਸ਼ ਕਰੇਗੀ। ਇਸ ਵਿੱਚ ਭਾਰੀ ਜੁਰਮਾਨਾ ਵੀ ਸ਼ਾਮਿਲ ਹੈ। ਆਦਰਸ਼ ਗਾਹਕ ਸੇਵਾਂਵਾਂ ਦੇ ਮਾਪਦੰਡਾਂ ਨੂੰ ਅਪਨਾਉਣ ਅਤੇ ਲਾਗੂ ਕਰਨ ਵਿੱਚ ਢਿਲ ਵਰਤਣ ਵਾਲੇ ਬੈਂਕਾਂ ਨੂੰ ਵੀ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਾਹਕਾਂ ਦੁਆਰਾ ਕੀਤੀਆਂ ਜਾ ਰਹੀਆਂ ਸਿ਼ਕਾਇਤਾਂ ਨੂੰ ਵੀ ਜਲਦੀ ਨਿਪਟਾਇਆ ਜਾਵੇਗਾ।