ਵਾਸਿੰਗਟਨ- ਅਮਰੀਕਾ ਨੇ ਪਾਕਿਸਤਾਨ ਨਾਲ ਆਪਣੇ ਉਚਪੱਧਰ ਦੇ ਸਬੰਧ ਖਤਮ ਕਰ ਦਿੱਤੇ ਹਨ। ਅਮਰੀਕਾ ਦੇ ਖੁਫੀਆ ਅਧਿਕਾਰੀ ਰੇਮੰਡ ਡੇਵਿਸ ਦੀ ਰਿਹਾਈ ਲਈ ਦਬਾਅ ਬਣਾ ਰਹੇ ਅਮਰੀਕਾ ਨੇ ਕਿਹਾ ਹੈ ਕਿ ਜੇ ਉਸ ਦੀ ਮੰਗ ਨਾਂ ਮੰਨੀ ਗਈ ਤਾਂ ਅਗਲੇ ਮਹੀਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੀ ਅਮਰੀਕਾ ਯਾਤਰਾ ਰੱਦ ਕੀਤੀ ਜਾ ਸਕਦੀ ਹੈ। ਜੇ ਫਿਰ ਵੀ ਗੱਲ ਨਾਂ ਬਣਦੀ ਦਿਸੀ ਤਾਂ ਆਰਥਿਕ ਅਤੇ ਹੋਰ ਮਦਦ ਵੀ ਰੋਕੀ ਜਾ ਸਕਦੀ ਹੈ। ਡੇਵਿਸ ਨੇ ਪਿੱਛਲੇ ਦਿਨੀ ਦੋ ਪਾਕਿਸਤਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਡੇਵਿਸ ਦਾ ਕਹਿਣਾ ਹੈ ਕਿ ਉਹ ਲੁਟੇਰੇ ਸਨ।
ਅਮਰੀਕਾ ਇਸ ਅਧਾਰ ਤੇ ਡੇਵਿਸ ਨੂੰ ਰਿਹਾ ਕਰਨ ਦੀ ਮੰਗ ਕਰ ਰਿਹਾ ਹੈ ਕਿ ਉਸ ਕੋਲ ਰਾਜਨਾਇਕ ਪਾਸਪੋਰਟ ਹੈ। ਇਸ ਲਈ ਉਸ ਉਪਰ ਵਿਆਨਾ ਸੰਧੀ ਲਾਗੂ ਹੁੰਦੀ ਹੈ। ਇਸ ਅਨੁਸਾਰ ਰਾਜਨਾਇਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਤੇ ਪਾਕਿਸਤਾਨ ਵਿੱਚ ਹਾਲਾਤ ਸਰਕਾਰ ਦੇ ਕੰਟਰੋਲ ਤੋਂ ਬਾਹਰ ਹਨ। ਜਿਹੜੇ ਦੋ ਲੋਕਾਂ ਦੀ ਹੱਤਿਆ ਕੀਤੀ ਗਈ ਹੈ, ਉਨ੍ਹਾਂ ਵਿਚੋਂ ਇੱਕ ਦੀ ਪਤਨੀ ਦੀ ਵੀ ਸ਼ਕੀ ਹਾਲਤ ਵਿੱਚ ਮੌਤ ਤੋਂ ਬਾਅਦ ਲੋਕਾਂ ਵਿੱਚ ਅਮਰੀਕਾ ਦੇ ਖਿਲਾਫ਼ ਗੁਸਾ ਹੋਰ ਭੜਕ ਗਿਆ ਹੈ। ਕਈ ਨੇਤਾਵਾਂ ਵਲੋਂ ਹੱਤਿਆ ਦਾ ਮੁਕੱਦਮਾ ਚਲਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅਮਰੀਕੀ ਰਾਜਦੂਤ ਕੈਮਰਾਨ ਰਾਸ਼ਟਰਪਤੀ ਜਰਦਾਰੀ ਨੂੰ ਮਿਲ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਤਿੰਨ ਅਮਰੀਕੀਆਂ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ। ਉਹ ਡੇਵਿਸ ਨੂੰ ਲੈਣ ਲਈ ਆਏ ਸਨ ਪਰ ਉਨ੍ਹਾਂ ਦੀ ਗੱਡੀ ਥੱਲੇ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।