ਨਵੀਂ ਦਿੱਲੀ- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜਿਆਦਾ ਵਿਆਜ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਮਾਂ-ਪੁੱਤ ਨੂੰ ਗ੍ਰਿਫਤਰਾ ਕੀਤਾ ਹੈ। ਅਰੋਪੀ ਦੀ ਪਛਾਣ ਸੋਨੀਆ ਵਿਹਾਰ ਨਿਵਾਸੀ ਕਿਤਾਬੂਨ ਨਿਸ਼ਾ (63) ਅਤੇ ਉਸ ਦੇ ਬੇਟੇ ਅਨਵਰ ਅਜਾਦ (36) ਦੇ ਰੂਪ ਵਿੱਚ ਹੋਈ ਹੈ। ਇਹ ਲੋਕਾਂ ਨੂੰ ਹਰ ਮਹੀਨੇ ਪੈਸੇ ਜਮ੍ਹਾਂ ਕਰਵਾਉਣ ਬਦਲੇ ਤਿੰਨ ਜਾਂ ਪੰਜ ਸਾਲਾਂ ਵਿੱਚ ਜਿਆਦਾ ਵਿਆਜ ਤੇ ਇੱਕਠੀ ਰਕਮ ਵਾਪਿਸ ਕਰਨ ਦਾ ਲਾਲਚ ਦਿੰਦੇ ਸਨ। ਜਦੋਂ ਜਿਆਦਾ ਪੇਸਾ ਇੱਕਠਾ ਹੋ ਜਾਂਦਾ ਸੀ ਤਾਂ ਇਹ ਰਫੂਚਕਰ ਹੋ ਜਾਂਦੇ ਸਨ।
ਦਿੱਲੀ ਵਿੱਚ ਆਰਥਿਕ ਅਪਰਾਧ ਸ਼ਾਖਾ ਅਨੁਸਾਰ ਸਰੇਸ਼ਟਪ੍ਰਿਆ ਫਾਈਨੈਂਸ ਅਤੇ ਪਾਪੂਲਰ ਸੇਵਿੰਗਵੈਸਟ ਲਿਮਟਿਡ ਦੇ ਨਾਂ ਨਾਲ ਦੋ ਕੰਪਨੀਆਂ ਦੇ ਦਿੱਲੀ ਵਿੱਚ ਕਈ ਥਾਂਵਾਂ ਤੇ ਦਫਤਰ ਸਨ ਅਤੇ ਏਜੰਟਾਂ ਦੀ ਮਦਦ ਨਾਲ ਲੋਕਾਂ ਨੂੰ ਜਿਆਦਾ ਵਿਆਜ ਦੇਣ ਦਾ ਝਾਂਸਾ ਦਿੱਤਾ ਜਾਂਦਾ ਸੀ। ਕੰਪਨੀ ਵਲੋਂ 100, 200, ਜਾਂ 300 ਰੁਪੈ ਹਰ ਮਹੀਨੇ ਜਮ੍ਹਾਂ ਕਰਵਾਉਣ ਤੇ ਤਿੰਨ ਜਾਂ ਪੰਜ ਸਾਲਾਂ ਵਿੱਚ ਇੱਕਮੁੱਠ 24 ਹਜ਼ਾਰ ਰੁਪੈ ਦੇਣ ਦਾ ਦਾਅਵਾ ਕੀਤਾ ਜਾਂਦਾ ਸੀ। ਏਜੰਟ ਨੂੰ ਬਦਲੇ ਵਿੱਚ 15 ਤੋਂ 27 ਪ੍ਰਤੀਸ਼ਤ ਤੱਕ ਕਮਿਸ਼ਨ ਦਿੱਤਾ ਜਾਂਦਾ ਸੀ। ਦੋਂਵੇ ਕੰਪਨੀਆਂ ਹੁਣ ਤੱਕ ਲੋਕਾਂ ਤੋਂ ਇੱਕ ਕਰੋੜ ਰੁਪੈ ਉਗਰਾਹ ਚੁੱਕੀਆਂ ਹਨ। ਅਰੋਪੀ ਕਿਤਾਬੂਨ ਨਿਸ਼ਾ ਅਨਪੜ੍ਹ ਹੈ ਅਤੇ ਉਸ ਦਾ ਬੇਟਾ ਅਨਵਰ 10ਵੀਂ ਤੱਕ ਪੜ੍ਹਿਆ ਹੈ।