ਕਾਇਰਾ- ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਅੰਦੋਲਨ ਹੋਰ ਵੀ ਜੋਰ ਫੜ ਰਿਹਾ ਹੈ। ਨਵੇਂ ਨੇਤਾ ਦੇ ਰੂਪ ਵਿੱਚ ਉਭਰ ਰਹੇ ਉਮਰ ਸੁਲੇਮਾਨ ਦੀ ਟਿਪਣੀ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ।
ਸੁਲੇਮਾਨ ਨੇ ਵਿਖਾਵਾਕਾਰੀਆਂ ਨੂੰ ਕਿਹਾ ਕਿ ਉਹ ਜਾਂ ਤਾਂ ਸਰਕਾਰ ਨਾਲ ਗੱਲਬਾਤ ਕਰਨ ਜਾਂ ਕਾਰਵਾਈ ਲਈ ਤਿਆਰ ਰਹਿਣ। ਸੁਲੇਮਾਨ ਦੀ ਇਸ ਟਿਪਣੀ ਨਾਲ ਲੋਕ ਭੜਕ ਗਏ। ਲੋਕ ਤਹਿਰੀਰ ਚੌਂਕ ਤੋਂ ਅੱਗੇ ਨਿਕਲ ਕੇ ਦੇਸ਼ ਦੀ ਸੰਸਦ ਦੇ ਸਾਹਮਣੇ ਜਾ ਪਹੁੰਚੇ। ਜਦੋਂ ਸੈਨਾ ਨੇ ਇਨ੍ਹਾਂ ਨੂੰ ਮੁੱਖ ਗੇਟ ਤੇ ਰੋਕਿਆ ਤਾਂ ਇਨ੍ਹਾਂ ਨੇ ਸੰਸਦ ਭਵਨ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਕਰ ਦਿਤੀਆਂ। ਜਿਸ ਕਰਕੇ ਉਹ ਸੰਸਦ ਦੇ ਅੰਦਰ ਨਹੀ ਜਾ ਸਕੇ। ਅਲ-ਜਜੀਰਾ ਵਾਲਿਆਂ ਦਾ ਕਹਿਣਾ ਹੈ ਕਿ ਲੋਕਤੰਤਰ ਦੇ ਸਮਰਥਕਾਂ ਦਾ ਵਲੋਂ ਵਿਢਿਆ ਜਾ ਰਿਹਾ ਅੰਦੋਲਨ ਹੋਰ ਵੀ ਜੋਰ ਫੜ ਰਿਹਾ ਹੈ। ਹੋਰ ਲੋਕ ਵੀ ਇਸ ਨਾਲ ਜੁੜ ਰਹੇ ਹਨ। ਲੋਕ ਤਹਿਰੀਰ ਚੌਂਕ ਤੋਂ ਅੱਗੇ ਨਿਕਲ ਕੇ ਸੰਸਦ ਅਤੇ ਹੋਰ ਸਰਕਾਰੀ ਇਮਾਰਤਾਂ ਦੇ ਆਸ ਪਾਸ ਇਕੱਠੇ ਹੋ ਰਹੇ ਹਨ। ਇਸ ਅੰਦੋਲਨ ਨੂੰ ਸ਼ੁਰੂ ਹੋਏ 16 ਦਿਨ ਹੋ ਗਏ ਹਨ। ਕਈ ਸ਼ਹਿਰਾਂ ਵਿੱਚ ਲੱਖਾਂ ਲੋਕ ਮੁਬਾਰਕ ਦੇ ਵਿਰੁਧ ਨਾਅਰੇ ਲਗਾਂਉਦੇ ਨਜ਼ਰ ਆਏ। ਵਿਖਾਵਾਕਾਰੀ ਸੰਸਦ ਨੂੰ ਤਤਕਾਲ ਭੰਗ ਕਰਨ ਅਤੇ ਮੁਬਾਰਕ ਨੂੰ ਅਹੁਦਾ ਛੱਡਣ ਦੀ ਮੰਗ ਕਰ ਰਹੇ ਸਨ।