ਸ. ਹਰਵਿੰਦਰ ਸਿੰਘ ਸਰਨਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੋਨੀ ਬਾਰੇ ਛਪੀ ਇਕ ਖਬਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਕੂਲ ਦੀਆਂ ਚਾਰ ਮੁਲਾਜ਼ਮ ਔਰਤਾਂ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਪ੍ਰਿੰਸੀਪਲ ਦਾ ਉਨ੍ਹਾਂ ਨਾਲ ਵਤੀਰਾ ਅਪਮਾਨਜਨਕ ਹੈ। ਇਨ੍ਹਾਂ ਚੁੰਹ ਮੁਲਾਜ਼ਮ ਔਰਤਾਂ ਨੇ ਆਪਣੀ ਸ਼ਿਕਾਇਤ ਵਿਚ, ਜਿਸ ਘਟਨਾ ਦਾ ਜ਼ਿਕਰ ਕੀਤਾ ਹੈ, ਉਸ ਬਾਰੇ ਪੁੱਛਗਿੱਛ ਕਰਨ ਤੇ ਦੱਸਿਆ ਗਿਆ ਕਿ ਇਹ ਘਟਨਾ ਤਕਰੀਬਨ ਤਿੰਨ ਮਹੀਨੇ ਪਹਿਲਾਂ ਵਾਪਰੀ ਹੈ। ਤਿੰਨੋਂ ਸ਼ਿਕਾਇਤਾਂ ਇਕੋ ਲਿਖਤ ਵਿਚ ਹੋਣ ਦੇ ਬਾਵਜੂਦ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ, ਇਸ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸਕੂਲ ਦੀ ਪਹਿਲਾਂ ਰਹਿ ਚੁੱਕੀ ਪ੍ਰਿੰਸੀਪਲ, ਪ੍ਰਿੰਸੀਪਲ ਐਚ. ਕੇ. ਤਲਵਾੜ ਨੂੰ ਸੌਂਪ ਦਿੱਤੀ ਗਈ ਹੈ ਅਤੇ ਜਾਂਚ ਮੁੰਕਮਲ ਹੋਣ ਤਕ ਦੇ ਲਈ ਪ੍ਰਿੰਸੀਪਲ ਅਤੇ ਸ਼ਿਕਾਇਤ ਕਰਤਾਵਾਂ ਨੂੰ ਤਨਖਾਹ ਸਮੇਤ ਛੁੱਟੀ ਤੇ ਭੇਜ ਦਿੱਤਾ ਗਿਆ ਹੈ, ਤਾਂ ਜੋ ਉਨ੍ਹਾਂ ਵਿਚੋਂ ਕੋਈ ਵੀ ਜਾਂਚ ਨੂੰ ਪ੍ਰਭਾਵਤ ਨਾ ਕਰ ਸਕੇ। ਸ. ਸਰਨਾ ਨੇ ਦੱਸਿਆ ਕਿ ਰਿਪੋਰਟ ਆਉਣ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਇਗਾ।
ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਜੇ ਕੋਈ ਅਜਿਹਾ ਮਸਲਾ ਸੀ, ਤਾਂ ਬਾਦਲਕਿਆਂ ਨੂੰ ਚਾਹੀਦਾ ਸੀ ਕਿ ਉਹ ਉਸ ਨੂੰ ਪ੍ਰਧਾਨ ਸਾਹਿਬ ਦੇ ਨੋਟਿਸ ਵਿਚ ਲਿਆਉਂਦੇ, ਪਰ ਉਨ੍ਹਾਂ ਨੇ ਕੌਮ ਅਤੇ ਕੌਮ ਦੇ ਅਦਾਰਿਆਂ ਨੂੰ ਬਦਨਾਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸੇ ਕਾਰਣ ਉਹ ਗੰਦੀ ਰਾਜਨੀਤੀ ਖੇਡ ਰਾਜਸੀ ਰੋਟੀਆਂ ਸੇਂਕਣ ਤੇ ਤੁਲੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬਾਦਲਕਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਸੁੰਦਰੀਕਰਨ, ਗੁਰਦੁਆਰਾ ਰਕਾਬ ਗੰਜ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਵਿਕਾਸ ਕਾਰਜਾਂ ਦਾ ਵਿਰੋਧ ਕੀਤਾ, ਗੁਰਦੁਆਰਾ ਬਾਲਾ ਸਾਹਿਬ ਦੇ ਹਸਪਤਾਲ ਦੀ ਅਰੰਭਤਾ ਵਿਚ ਰੁਕਾਵਟਾਂ ਪਾਈਆਂ ਤੇ ਦੁਰਭਾਵਨਾ ਨਾਲ ਆਰ. ਟੀ. ਆਈ. ਦਾ ਸਹਾਰਾ ਲੈ ਕੇ ਗੁਰਦੁਆਰਾ ਪ੍ਰਬੰਧ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਰਚ ਰਹੇ ਹਨ। ਸ. ਸਰਨਾ ਨੇ ਦੱਸਿਆ ਕਿ ਆਰ. ਟੀ. ਆਈ. ਦੇ ਮਾਮਲੇ ਤੇ ਗੁਰਦੁਆਰਾ ਕਮੇਟੀ ਨੂੰ ਸਟੇਅ ਮਿਲ ਚੁੱਕਿਆ ਹੋਇਆ ਹੈ।