ਲੁਧਿਆਣਾ:- ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ) ਵੱਲੋਂ ਪੰਜਾਬ ਮਾਤਾ ਨਗਰ, ਲੁਧਿਆਣਾ ਵਿਖੇ ਕਰਵਾਏ ਸਮਾਗਮ ਵਿੱਚ ਪਾਕਿਸਤਾਨ ਤੋਂ ਆਏ ਪੰਜਾਬੀ ਕਵੀ ਅਤੇ ਵਿਗਿਆਨੀ ਡਾ: ਹਾਫ਼ਿਜ਼ ਅਬਦੁੱਲ ਕਿਯੂਮ (ਫੈਸਲਾਬਾਦ) ਅਤੇ ਬਜ਼ੁਰਗ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਨੂੰ ਉਨ੍ਹਾਂ ਦੀਆਂ ਸੱਤ ਦਹਾਕੇ ਲੰਮੀਆਂ ਸਾਹਿਤਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਹਾਫ਼ਿਜ਼ ਅਬਦੁੱਲ ਕਿਯੂਮ ਅਤੇ ਸ: ਗੁਰਦਿਤ ਸਿੰਘ ਕੰਗ ਦੀਆਂ ਸਾਹਿਤਕ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਕਿਯੂਮ ਸਾਹਿਬ ਸਿਰਫ ਵਿਗਿਆਨੀ ਹੀ ਨਹੀਂ ਸਗੋਂ ਕਵਿਤਾਵਾਂ ਰਾਹੀਂ ਹਿੰਦ-ਪਾਕਿ ਦੋਸਤੀ ਦਾ ਪੁਲ ਉਸਾਰਨ ਵਾਲੇ ਸੂਰਮੇ ਹਨ। 86 ਸਾਲ ਦੀ ਉਮਰ ਵਿੱਚ ਵੀ ਉਹ ਸਾਡੇ ਨਾਲੋਂ ਕਿਤੇ ਵੱਧ ਉਤਸ਼ਾਹ ਨਾਲ ਨੌਜੁਆਨਾਂ ਨੂੰ ਪ੍ਰੇਰਿਤ ਕਰਦੇ ਹਨ। ਇਸੇ ਤਰ੍ਹਾਂ 93 ਸਾਲਾ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਨੇ ਵੀ ਲਾਲ ਹਰਦਿਆਲ ਦੀ ਪੁਸਤਕ ਹਿੰਟਸ ਫਾਰ ਸੈਲਫ ਕਲਚਰ ਅਤੇ ਸਟੀਫਨ ਹਾਅਕਿਨ ਦੀ ਪੁਸਤਕ ਸਮੇਂ ਦਾ ਸੰਖੇਪ ਇਤਿਹਾਸ ਅਨੁਵਾਦ ਕਰਕੇ ਆਪਣੇ ਸਿਰਜਣਾਤਮਕ ਅਮਲ ਨੂੰ ਨਵੀਂ ਦਿਸ਼ਾ ਦਿੱਤੀ ਹੈ। ਸ: ਕੰਗ ਪ੍ਰੋਫੈਸਰ ਮੋਹਨ ਸਿੰਘ ਨਾਲ ਪੰਜ ਦਰਿਆ ਦੇ ਸੰਪਾਦਨ ਵੇਲੇ ਵੀ ਜੁੜੇ ਰਹੇ ਹਨ।
ਉਸਤਾਦ ਉਰਦੂ ਅਤੇ ਪੰਜਾਬੀ ਕਵੀ ਜਨਾਬ ਸਰਦਾਰ ਪੰਛੀ ਨੇ ਡਾ: ਹਾਫਿਜ਼ ਅਬਦੁੱਲ ਕਿਯੂਮ ਲਈ ਇਕ ਸੁਆਗਤੀ ਨਜ਼ਮ ਸੁਣਾਈ ਅਤੇ ਉਨ੍ਹਾਂ ਨੂੰ ਇਕ ਦੀਨੀ ਨਜ਼ਮ ਦਾ ਹੱਥ ਲਿਖਤ ਨੁਸਖਾ ਵੀ ਭੇਂਟ ਕੀਤਾ। ਇਸ ਮੌਕੇ ਬੋਲਦਿਆਂ ਡਾ: ਹਾਫ਼ਿਜ਼ ਅਬਦੁੱਲ ਕਿਯੂਮ ਨੇ ਆਖਿਆ ਕਿ ਭਰਾਵਾਂ ਵਿੱਚ ਵੰਡੀਆਂ ਪੈਂਦੀਆਂ ਆਈਆਂ ਨੇ ਪਰ ਮਨਾਂ ਵਿੱਚ ਵੰਡੀਆਂ ਨਾ ਪੈਣ ਦੇਈਏ। ਇਕ ਦੂਸਰੇ ਨਾਲ ਸਾਂਝ ਵਧਾਉਣ ਵਾਲੇ ਸ਼ਬਦਾਂ ਦੀ ਰੋਸ਼ਨੀ ਵਿੱਚ ਹੀ ਦੱਖਣੀ ਏਸ਼ੀਆ ਦਾ ਅਮਨ ਸਲਾਮਤ ਰਹਿ ਸਕਦਾ ਹੈ। ਇਸ ਮੌਕੇ ਸ ਗੁਰਦਿੱਤ ਸਿੰਘ ਕੰਗ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਭਾਵੇਂ ਅਸੀਂ ਲੱਖ ਦੀਵਾਰਾਂ ਬਣਾ ਲਈਏ, ਪਰ ਪਿਆਰ ਸਭ ਹੱਦਾਂ-ਬੰਨ੍ਹੇ ਮਿਟਾ ਦਿੰਦਾ ਹੈ। ਰਚਨਾਵਾਂ ਦੇ ਦੌਰ ਵਿੱਚ ਡਾ ਹਫੀਜ਼ ਅਬਦੁੱਲ ਕਿਯੂਮ ਨੇ ਗ਼ਜ਼ਲ, ਸੱਸੀ ਸੇ ਕੋਈ ਕਹਿ ਦੇ ਕਿ ਪੁਨੂੰ ਕੋ ਭੂਲ ਜਾ, ਸਹਿਰਾ ਮੇਂ ਕੋਈ ਸਾਇਆ-ਏ-ਦੀਵਾਰ ਭੀ ਨਹੀਂ, ਗੁਰਭਜਨ ਗਿੱਲ ਨੇ ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਐ, ਸ਼ਾਇਦ ਏਸੇ ਕਰਕੇ ਮੇਰੇ ਅੰਬਰ ਵੱਲ ਰਾਹ ਜਾਂਦੇ ਨੇ, ਤ੍ਰੈਲੋਚਨ ਲੋਚੀ ਨੇ ਬੜਾ ਪਿਆਸਾ ਹਾਂ ਮੇਰੇ ਦੋਸਤੋ ਮੈਂ, ਸ਼ਹਿਰ ਦੇ ਵਿਚ ਨਦੀ ਹੁੰਦੇ ਹੋਏ ਵੀ , ਤ੍ਰੈਲੋਚਨ ਝਾਂਡੇ ਨੇ ਮਿਤਰਾਚਾਰੀ ਦੇ ਵਿਚ ਗੱਲਾਂ ਹੋਣਗੀਆਂ, ਭੁੱਬਾਂ ਮਾਰ ਕਿਤਾਬਾਂ ਤੈਨੂੰ ਰੋਣਗੀਆਂ, ਹਰਭਜਨ ਧਰਨਾ ਨੇ ਜੇ ਦਿਲਦਾਰ ਦੇ ਆਉਣ ਦੀ ਲੋਚਾ ਰੱਖਦਾ ਹੈ, ਯਾਦਾਂ ਦੀ ਮੱਮਟੀ ਤੇ ਦੀਪ ਜਗਾਇਆ ਕਰ, ਦਲਵੀਰ ਸਿੰਘ ਲੁਧਿਆਣਵੀ ਨੇ ਜਿਸ ਸੀਨੇ ਵਿਚ ਪਿਆਰ ਦਾ ਚਸ਼ਮਾ ਫੁੱਟਦਾ ਹੈ, ਅੱਧੀ ਰਾਤੀਂ ਉਹੀਓ ਦਰਿਆ ਤਰਦੇ ਨੇ ਅਮਰਜੀਤ ਕੌਰ ਹਿਰਦੇ ਨੇ ਤੜਪ ਤੜਪ ਕੇ ਮੱਛੀ ਪਾਣੀ ਦੇ ਬਿਨ ਮਰਦੀ ਦੇਖੀ ਮੈਂ, ਮਿੱਟੀ ਨਾਲੋਂ ਵਿਛੜ ਕੇ ਰੂਹ ਵੀ ਪਲ ਪਲ ਖਰਦੀ ਵੇਖੀ ਮੈਂ ਗੁਰਦੀਸ਼ ਕੌਰ ਗਰੇਵਾਲ ਨੇ ਕਿਸ ਨੇ ਚੁਰਾਇਆ ਖ਼ੁਆਬ ਹੈ ਮੇਰੇ ਪੰਜਾਬ ਦਾ, ਸੁਪਨਾ ਹੀ ਬਣ ਕੇ ਰਹਿ ਗਿਆ ਮਹਿਕੇ ਗੁਲਾਬ ਦਾ ਪਰਮਜੀਤ ਕੌਰ ਮਹਿਕ ਨੇ ਤਾਜਪੋਸ਼ੀ ਕਾ ਗੁਮਾਨ ਤੋਂ ਹੋਗਾ ਹੀ ਉਸ ਕੋ ਮਗਰ, ਟੂਟਾ ਸੁਪਨਾ ੲਸੇ ਜੈਸੇ ਕਾਂਚ ਕਾ ਸਾਮਾਨ ਹੈ ਜਸਪ੍ਰੀਤ ਕੌਰ ਨੇ ਵੀ ਜੱਸੀ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਸਰਦਾਰ ਪੰਛੀ ਦੀ ਧਰਮ ਪਤਨੀ ਸਰਦਾਰਨੀ ਜਸਵੰਤ ਕੌਰ ਨੇ ਆਏ ਹੋਏ ਵਿਦਵਾਨਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ ।