ਟੋਰਾਂਟੋ – ਕਨੇਡਾ ਦੇ ਕਿਊਬਿਕ ਸੂਬੇ ਦੇ ਵਿਧਾਇਕਾਂ ਨੇ ਸਿੱਖ ਕਮਿਊਨਿਟੀ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਵਿਧਾਨ ਸੱਭਾ ਵਿੱਚ ਲੈ ਕੇ ਜਾਣ ਤੇ ਪਬੰਦੀ ਲਗਾਉਣ ਸਬੰਧੀ ਪ੍ਰਸਤਾਵ ਨੂੰ ਇੱਕਮੁੱਠ ਹੋ ਕੇ ਪਾਸ ਕਰ ਦਿੱਤਾ ਹੈ। ਇਸ ਨਾਲ ਸਿੱਖ ਭਾਈਚਾਰੇ ਵਿੱਚ ਕਾਫੀ ਨਰਾਜਗੀ ਹੈ। ਪਿੱਛਲੇ ਦਿਨੀ ਸਿੱਖ ਕਮਿਊਨਟੀ ਦੇ ਚਾਰ ਲੋਕਾਂ ਨੂੰ ਇੱਕ ਸੰਸਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਕਿਉਂਕਿ ਇਨ੍ਹਾਂ ਨੇ ਆਪਣੀ ਕਿਰਪਾਨ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਹ ਪ੍ਰਸਤਾਵ ਵਿਰੋਧੀ ਧਿਰ ਪੈਕਿਊ ਵਲੋਂ ਪੇਸ਼ ਕੀਤਾ ਗਿਆ ਸੀ। ਵਿਧਾਨ ਸੱਭਾ ਦੇ ਸਾਰੇ113 ਮੈਂਬਰਾਂ ਨੇ ਪਰਸਤਾਵ ਦੇ ਹੱਕ ਵਿੱਚ ਵੋਟ ਦਿੱਤੇ। ਸੂਬੇ ਦਾ ਇਹ ਪ੍ਰਸਤਾਵ ਕਨੇਡਾ ਦੀ ਸੁਪਰੀਮ ਕੋਰਟ ਦੇ 2006 ਦੇ ਉਸ ਫੈਸਲੇ ਦੇ ਖਿਲਾਫ਼ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਕਿਰਪਾਨ ਕੋਈ ਹੱਥਿਆਰ ਨਹੀਂ, ਧਾਰਮਿਕ ਚਿੰਨ੍ਹ ਹੈ।
ਕਨੇਡਾ ਦੀ ਸੰਸਦ ਅਤੇ ਸੁਪਰੀ ਕੋਰਟ ਦੇ ਅੰਦਰ ਕਿਰਪਾਨ ਲੈ ਕੇ ਜਾਣ ਤੇ ਕੋਈ ਪਬੰਦੀ ਨਹੀਂ ਹੈ। ਸੰਸਦ ਦੇ 7 ਸਿੱਖ ਸਾਂਸਦਾਂ ਵਿੱਚੋਂ ਦੋ ਸਿੱਖ ਸਾਂਸਦ ਨਵਦੀਪ ਬੈਂਸ ਅਤੇ ਟਿਮ ਉਪਲ ਸੰਸਦ ਦੇ ਅੰਦਰ ਵੀ ਕਿਰਪਾਨ ਆਪਣੇ ਨਾਲ ਰੱਖਦੇ ਹਨ। ਕਨੇਡਾ ਦੇ ਸਿੱਖਾਂ ਨੂੰ ਇਹ ਪ੍ਰਸਤਾਵ ਮਨਜੂਰ ਨਹੀਂ ਹੈ। ਉਹ ਵਿਧਾਨ ਸੱਭਾ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਹਨ।