ਪਿਛਲੇ ਚਾਰ ਦਹਾਕਿਆਂ ਪੰਜਾਬੀ ਸਾਹਿਤ, ਸਭਿਆਚਾਰ, ਸਾਹਿਤਕ ਆਲੋਚਨਾ ਅਤੇ ਸਾਹਿਤਕ ਅਦਾਰਿਆਂ ਦੀ ਪ੍ਰਬੰਧਕੀ ਜਿੰਮੇਂਵਾਰੀ ਨਿਭਾ ਰਹੇ ਡਾ: ਸੁਤਿੰਦਰ ਸਿੰਘ ਨੂਰ ਅਲਵਿਦਾ ਕਹਿ ਗਏ ਹਨ। ਪੰਜਾਬੀ ਪਿਆਰਿਆਂ ਲਈ ਇਹ ਖ਼ਬਰ ਇਹੋ ਜਿਹੀ ਹੈ ਜਿਵੇਂ ਤੁਰਦਿਆਂ ਤੁਰਦਿਆਂ ਅਚਾਨਕ ਅੱਗੋਂ ਧਰਤੀ ਮੁਕ ਜਾਵੇ ਜਾਂ ਸਿਖਰ ਦੁਪਹਿਰੇ ਤਿਖੜ ਤੇਜ਼ ਧੁੱਪੇ ਸਿਰ ਤੋਂ ਘਣਛਾਵੇਂ ਬਿਰਖ਼ ਦੀ ਛਾਂ ਕੋਈ ਅਚਾਨਕ ਖੁੱਗ ਕੇ ਲੈ ਜਾਵੇ।
ਡਾ: ਨੂਰ ਆਪਣੇ ਸਤਿਕਾਰਯੋਗ ਪਿਤਾ ਅਤੇ ਪੰਜਾਬੀ ਲੇਖਕ ਗਿਆਨੀ ਹਰੀ ਸਿੰਘ ਜਾਚਕ ਦੇ ਘਰ 5 ਅਕਤੂਬਰ 1940 ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਪੈਦਾ ਹੋਏ। ਉਨ੍ਹਾਂ ਦੇ ਪਰਿਵਾਰ ਵਿੱਚ ਸਾਹਿਤ ਦਾ ਬੂਟਾ ਵਿਸ਼ਵ ਅਕਾਰੀ ਹੈ। ਲੇਖਕ ਬਾਪ ਦੇ ਘਰ ਵੱਡਾ ਪੁੱਤਰ ਡਾ: ਗੁਰਭਗਤ ਸਿੰਘ ਪੈਦਾ ਹੋਇਆ। ਡਾ: ਨੂਰ ਤੋਂ ਵੱਡਾ । ਅੰਗਰੇਜ਼ੀ ਤੇ ਪੰਜਾਬੀ ਦਾ ਇਕੋ ਵੇਲੇ ਉੱਚ ਦੁਮਾਲੜਾ ਵਿਦਵਾਨ। ਛੋਟਾ ਵੀਰ ਸੁਖਿੰਦਰ ਟੋਰਾਂਟੋ ਵਸਦਾ ਹੈ। ਸ਼ਾਇਰੀ ਦੇ ਨਾਲ-ਨਾਲ ਅਦਬੀ ਹਲਚਲ ਉਸ ਦਾ ਵਡਮੁੱਲਾ ਸ਼ੌਕ ਹੈ।
ਡਾ: ਸੁਤਿੰਦਰ ਸਿੰਘ ਨੂਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਅੰਗਰੇਜ਼ੀ ਅਤੇ ਬਾਅਦ ਵਿੱਚ ਪੰਜਾਬੀ ਭਾਸ਼ਾ ਵਿੱਚ ਐਮ ਏ ਪਾਸ ਕੀਤੀ। ਉਹ ਇਥੇ ਹੀ ਬਹੁਤਿਆਂ ਦਾ ਸਹਿਪਾਠੀ ਰਿਹਾ ਅਤੇ ਡਾ: ਸੁਰਜੀਤ ਪਾਤਰ ਵਰਗਿਆਂ ਦਾ ਮਿੱਤਰ ਅਧਿਆਪਕ ਵੀ। ਭੂਤ ਵਾੜਾ ਸਭਿਆਚਾਰ ਦਾ ਸਿਰਜਣਾਤਮਕ ਭੂਤ । ਪ੍ਰੋਫੈਸਰ ਪ੍ਰੀਤਮ ਸਿੰਘ ਦੇ ਚੇਲੇ ਬਾਲਕਿਆਂ ਤੋਂ ਅਗਲੀ ਪੀੜ੍ਹੀ ਦਾ ਸੋਨ ਸੁਨਹਿਰਾ ਇਕਰਾਰ। ਸੁਰਜੀਤ ਪਾਤਰ ਨਾਲ ਮਿਲ ਕੇ ਪਟਿਆਲਿਉਂ ਕਲਯੁਗ ਨਾਂ ਦਾ ਪਰਚਾ ਜਾਰੀ ਕੀਤਾ। ਫਿਰ ਦਿੱਲੀ ਜਾ ਕੇ ਇਕੱਤੀ ਫਰਵਰੀ। ਅਣਹੋਣੀਆਂ ਨੂੰ ਹੋਣੀ ਵਿੱਚ ਤਬਦੀਲ ਕਰਨ ਦਾ ਨਾਮ ਸੀ ਸੁਤਿੰਦਰ ਸਿੰਘ ਨੂਰ। 40 ਤੋਂ ਵੱਧ ਵਿਦਿਆਰਥੀਆਂ ਨੂੰ ਪੀ ਐਚ ਡੀ ਪੱਧਰ ਤੀਕ ਦੀ ਅਗਵਾਈ ਦੇਣ ਵਾਲਾ ਡਾ: ਨੂਰ ਇਕ ਪਾਸੇ ਸ਼ਾਇਰ ਸੀ ਅਤੇ ਦੂਸਰੇ ਪਾਸੇ ਨਵੀਂ ਸੋਚ ਦਾ ਪ੍ਰਮੁਖ ਆਲੋਚਕ। ਪੰਜਾਬੀ ਸਾਹਿਤ ਦੀ ਦਿੱਲੀ ਡਾ: ਸੁਤਿੰਦਰ ਸਿੰਘ ਨੂਰ ਨੂੰ ਹੀ ਗਿਣਿਆ ਜਾਂਦਾ ਸੀ। ਇਸ ਵੇਲੇ ਡਾ: ਨੂਰ ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਦਾ ਚੇਅਰਮੈਨ ਸੀ ਅਤੇ ਇਹ ਆਦਰ ਪਹਿਲੀ ਵਾਰ ਕਿਸੇ ਪੰਜਾਬੀ ਲੇਖਕ ਨੂੰ ਨਸੀਬ ਹੋਇਆ । ਡਾ: ਨੂਰ ਦੀਆਂ ਆਲੋਚਨਾ ਦੇ ਖੇਤਰ ਵਿੱਚ ਪੁਸਤਕਾਂ ਨਵੀਂ ਕਵਿਤਾ ਸੀਮਾ ਤੇ ਸੰਭਾਵਨਾ, ਮੋਹਨ ਸਿੰਘ ਦਾ ਕਾਵਿ ਜਗਤ, ਨਵੀਂ ਪੰਜਾਬੀ ਆਲੋਚਨਾ (ਤਿੰਨ ਭਾਗ)। ਸਾਹਿਤ ਸਿਧਾਂਤ ਤੇ ਵਿਹਾਰ, ਆਧੁਨਿਕ ਕਵਿਤਾ : ਸਿਧਾਂਤਕ ਪਰਿਪੇਖ, ਸਭਿਆਚਾਰ ਤੇ ਸਾਹਿਤ, ਕਵਿਤਾ ਦੀ ਭੂਮਿਕਾ, ਕਵਿਤਾ ਅਕਵਿਤਾ ਚਿੰਤਨ, ਪੰਜਾਬੀ ਗਲਪ ਚੇਤਨਾ, ਸਮਕਾਲੀ ਸਾਹਿਤ ਸੰਵਾਦ ਅਤੇ ਗੁਰਬਾਣੀ ਸਾਸ਼ਤਰ ਪ੍ਰਮੁਖ ਸਨ। ਬੜਾ ਔਖਾ ਹੈ ਹੈ ਤੋਂ ਸੀ ਤੀਕ ਦਾ ਸਫ਼ਰ। ਉਹ ਵੀ ਆਪਣੇ ਮਿੱਤਰ ਪਿਆਰੇ ਨਾਲ ਜੋੜ ਕੇ ਲਿਖਣਾ।
ਡਾ: ਨੂਰ ਦੇ ਕਾਵਿ ਸੰਗ੍ਰਹਿ ਬਿਰਖ਼ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ-ਪਾਰ, ਮੌਲਸਰੀ, ਨਾਲ-ਨਾਲ ਤੁਰਦਿਆਂ ਅਤੇ ਆ ਮੇਰੇ ਨਾਲ ਗੱਲਾਂ ਕਰ ਤੋਂ ਇਲਾਵਾ ਹਿੰਦੀ ਵਿੱਚ ਸਾਥ ਚਲਤੇ ਹੂਏ ਪ੍ਰਕਾਸ਼ਤ ਹੋ ਚੁੱਕੀਆਂ ਹਨ। ਵਿਸ਼ਵ ਕਵਿਤਾ ਦੇ ਅਨੁਵਾਦ ਤੋਂ ਇਲਾਵਾ ਡਾ: ਨੂਰ ਨੇ ਭਾਰਤੀ ਕਵਿਤਾ ਨੂੰ ਵੀ ਪੰਜਾਬੀ ਅੱਖਰਾਂ ਵਿੱਚ ਢਾਲ ਕੇ ਸਾਹਿਤ ਸਭਿਆਚਾਰ ਦਾ ਪਿੜ ਮੋਕਲਾ ਕੀਤਾ । ਉਨ੍ਹਾਂ ਦੇ ਦੋ ਅਨੁਵਾਦਿਤ ਕਾਵਿ ਸੰਗ੍ਰਹਿ ਚੈਰੀ ਦੇ ਫੁੱਲ (ਜਪਾਨੀ ਕਵਿਤਾ) ਅਤੇ ਸੂਰਜ ਤੇ ਮਸੀਹਾ (ਚਾਰ ਯੂਰਪੀ ਕਵੀ) ਮਹੱਤਵਪੂਰਨ ਰਚਨਾਵਾਂ ਸਨ।
ਡਾ: ਨੂਰ ਨੇ ਸੰਪਾਦਨ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਪੈੜਾਂ ਪਾਈਆਂ । ਕਾਵਿ ਦੀਖਿਆ ਤੋਂ ਸ਼ੁਰੂ ਕਰਕੇ ਉਨ੍ਹਾਂ ਨੇ ਸਮੇਂ ਦੇ ਹਸਤਾਖਰ, ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਤ ਸਭਿਆਚਾਰ ਨੂੰ ਦੇਣ, ਪੂਰਬੀ ਦ੍ਰਿਸ਼ਟੀ ਅਤੇ ਪੰਜਾਬੀ ਸਾਹਿਤ, ਵਿਸ਼ਵ ਕਹਾਣੀ, ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ, ਲੋਕਯਾਨ ਸਭਿਆਚਾਰ ਤੇ ਸਾਹਿਤ, ਦਲਿਤ ਚੇਤਨਾ ਤੇ ਸਾਹਿਤ, ਉੱਤਰ ਆਧੁਨਿਕਤਾ ਕਲਾ ਤੇ ਸਾਹਿਤ, ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਆਧੁਨਿਕ ਕਾਵਿ ਸੰਗਮ, ਹੀਰ ਵਾਰਿਸ, ਜਗਤ ਤੇ ਜੁਗਤ, ਗੁਰੂ ਗੋਬਿੰਦ ਸਿੰਘ ਜੀ ਦਾ ਸੰਚਾਰ ਸਭਿਆਚਾਰ, ਪੰਜਾਬੀ ਸੂਫੀ ਕਾਵਿ, ਸੰਕਲਪ ਖਾਲਸਾ, ਦੇਵ ਕਲਾ ਤੇ ਕਾਵਿ, ਸੰਤਾਲੀ ਨਾਮਾ, ਸਮਕਾਲੀ ਪੱਛਮੀ ਚਿੰਤਨ, ਪਰਮਿੰਦਰਜੀਤ ਦਾ ਕਾਵਿ ਪੈਰਾਡਾਈਮ, ਰਾਜਸਥਾਨ ਦੀ ਸਮਕਾਲੀ ਕਵਿਤਾ, ਸਪਤਿਕਾ, 20ਵੀਂ ਸਦੀ ਦਾ ਪੰਜਾਬੀ ਕਾਵਿ ਅਤੇ ਸੁਖਿੰਦਰ ਦਾ ਕਾਵਿ ਜਗਤ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਵਾਰਤਕ ਰਚਨਾ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਪੜ੍ਹਦਿਆਂ ਲਿਖਦਿਆਂ, ਸੰਵਾਦ ਸਿਰਜਣਾ ਅਤੇ ਵਿਚਾਰਧਾਰਾ ਸਾਹਿਤ ਤੇ ਸਭਿਆਚਾਰ ਨੇ ਪੰਜਾਬੀ ਵਿੱਚ ਨਵੀਂ ਸ਼ੈਲੀ ਪ੍ਰਬੰਧ ਨੂੰ ਜਨਮ ਦਿੱਤਾ ।
ਪੰਜਾਬੀ ਯੂਨੀਵਰਸਿਟੀ ਪੜ੍ਹਦੇ ਪੜ੍ਹਾਉਂਦੇ ਵੇਲੇ ਉਨ੍ਹਾਂ ਨੇ ਸੁਰਜੀਤ ਪਾਤਰ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਕਲਯੁਗ ਨਾਂ ਦਾ ਸਾਹਿਤਕ ਪਰਚਾ ਸ਼ੁਰੂ ਕੀਤਾ ਜਿਸ ਦੀ ਕੰਪੋਜਿੰਗ ਵੀ ਉਹ ਖੁਦ ਕਰਦੇ ਅਤੇ ਆਪੇ ਹੀ ਛਪਾਈ ਮਸ਼ੀਨ ਚਲਾ ਕੇ ਪਰਚਾ ਤਿਆਰ ਕਰਦੇ। ਉਨ੍ਹਾਂ ਦੇ ਸਤਿਕਾਰਯੋਗ ਪਿਤਾ ਗਿਆਨੀ ਹਰੀ ਸਿੰਘ ਜਾਚਕ ਦੀ ਅੰਬਾਲਾ ਵਿੱਚ ਪ੍ਰਿੰਟਿੰਗ ਪ੍ਰੈਸ ਹੋਣ ਦਾ ਉਹ ਪੂਰਾ ਲਾਭ ਉਠਾਉਂਦੇ। ਦਿੱਲੀ ਜਾ ਕੇ ਉਨ੍ਹਾਂ ਨੇ ਡਾ: ਹਰਿਭਜਨ ਸਿੰਘ ਦੀ ਸੰਗਤ ਵਿੱਚ ਸਮੁੱਚੇ ਪੰਜਾਬੀ ਸਾਹਿਤ ਜਗਤ ਨੂੰ ਨਵੀਂ ਨੁਹਾਰ ਦੇਣ ਦਾ ਬੀੜਾ ਚੁੱਕਿਆ। ਇਕ ਮਾਸਕ ਪੱਤਰ ਇਕੱਤੀ ਫਰਵਰੀ ਸ਼ੁਰੂ ਕੀਤਾ ਜੋ 1973 ਤੋਂ 1978 ਤੀਕ ਨਿਰੰਤਰ ਛਪਿਆ। ਪੰਜਾਬੀ ਅਕਾਡਮੀ ਦਿੱਲੀ ਵੱਲੋਂ ਛਪਦੇ ਸਾਹਿਤਕ ਪੱਤਰ ਸਮਦਰਸ਼ੀ ਦੇ ਉਹ ਲੰਮੇ ਸਮੇਂ ਤੋਂ ਸੰਪਾਦਕ ਹਨ ਅਤੇ ਇਸੇ ਅਕਾਡਮੀ ਦੇ ਪ੍ਰਮੁਖ ਸਲਾਹਕਾਰ ਵੀ । ਭਾਰਤੀ ਦੂਰਦਰਸ਼ਨ ਲਈ ਉਨ੍ਹਾਂ ਨੇ ਡਾ: ਸਾਧੂ ਸਿੰਘ ਅਤੇ ਅਮਰਜੀਤ ਗਰੇਵਾਲ ਨਾਲ ਮਿਲ ਕੇ ਕਾਲੀਦਾਸ ਦੇ ਪ੍ਰਸਿੱਧ ਨਾਟਕ ਮੇਘਦੂਤ ਦੀਆਂ 15 ਕਿਸ਼ਤਾਂ ਲਿਖੀਆਂ ਅਤੇ ਪ੍ਰਸਾਰਿਤ ਕਰਵਾਈਆਂ ।
ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਗਏ ਡਾ: ਨੂਰ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਕਈ ਵਰ੍ਹੇ ਪਹਿਲਾਂ ਸੇਵਾ ਮੁਕਤ ਹੋ ਗਏ ਸਨ ਪਰ ਉਨ੍ਹਾਂ ਦੀ ਅਦਬੀ ਅਤੇ ਅਕਾਦਮਿਕ ਖੇਤਰ ਵਿੱਚ ਸਰਦਾਰੀ ਪੂਰੀ ਤਰ੍ਹਾਂ ਕਾਇਮ ਰਹੀ। ਭਾਰਤੀ ਗਿਆਨਪੀਠ ਲਈ ਉਹ ਪੰਜਾਬੀ ਭਾਸ਼ਾ ਦੇ ਕਨਵੀਨਰ ਸਨ ਅਤੇ ਬਿਰਲਾ ਫਾਉਂਡੇਸ਼ਨ ਲਈ ਵੀ ਉਹ ਪੁਰਸਕਾਰ ਚੋਣ ਕਮੇਟੀ ਦੇ ਕਨਵੀਨਰ ਸਨ। ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਲੇਖਕਾਂ ਦੀ ਸਾਰਕ ਫਾਉਂਡੇਸ਼ਨ ਦੇ ਵੀ ਸਲਾਹਕਾਰ ਸਨ। ਅਕੈਡਮੀ ਆਫ ਫਾਈਨ ਆਰਟ ਦੇ ਸਲਾਹਕਾਰ ਹੋਣ ਤੋਂ ਇਲਾਵਾ ਪ੍ਰਸਾਰ ਭਾਰਤੀ ਦੀ ਕੋਰ ਕਮੇਟੀ ਦੇ ਵੀ ਮੈਂਬਰ ਸਨ। ਘੱਟ ਗਿਣਤੀ ਕਮਿਸ਼ਨ ਦੀ ਉੱਚ ਤਾਕਤੀ ਕਮੇਟੀ ਵਿੱਚ ਵੀ ਲੰਮਾ ਸਮਾਂ ਮੈਂਬਰ ਰਹੇ । ਨੈਸ਼ਨਲ ਬੁੱਕ ਟਰੱਸਟ ਦੇ ਪੈਨਲ ਮਾਹਿਰ ਹੋਣ ਦੇ ਨਾਲ-ਨਾਲ ਉਹ ਪੰਜਾਬੀ ਅਕੈਡਮੀ ਨਵੀਂ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸਨ । ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਦੀ ਭਾਸ਼ਾ ਕੌਂਸਲ ਤੋਂ ਇਲਾਵਾ ਨਵੀਂ ਦਿੱਲੀ ਦੇ ਪੰਜਾਬੀ ਸਭਿਆਚਾਰਕ ਕੇਂਦਰ ਦੀ ਕਾਰਜਕਾਰਨੀ ਦੇ ਮੈਂਬਰ ਹਨ। ਲੁਧਿਆਣਾ ਸਥਿਤ ਇੰਸਟੀਚਿਊਟ ਆਫ ਕੰਟੈਂਪਰੇਰੀ ਪੰਜਾਬ ਸਟੱਡੀਜ਼ ਦੇ ਵੀ ਚੇਅਰਮੈਨ ਸਨ।
ਡਾ: ਨੂਰ 1981 ਤੋਂ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰਦੇ ਆ ਰਹੇ ਸਨ। 1981 ਵਿੱਚ ਇੰਗਲੈਂਡ, 1983 ਵਿੱਚ ਬੈਂਕਕਾਕ, 1984 ਵਿੱਚ ਨਵੀਂ ਦਿੱਲੀ, 1988 ਵਿੱਚ ਅੰਤਰ ਰਾਸ਼ਟਰੀ ਬਾਬਾ ਫਰੀਦ ਸੈਮੀਨਾਰ ਲਾਹੌਰ, 1992 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਨਵੀਂ ਦਿੱਲੀ, 1094 ਵਿੱਚ ਅੰਤਰ ਰਾਸ਼ਟਰੀ ਪੰਜਾਬੀ ਸਾਹਿਤ ਸੈਮੀਨਾਰ ਕੋਲੰਬੀਆ ਯੂਨੀਵਰਸਿਟੀ ਅਮਰੀਕਾ, 1993 ਵਿੱਚ ਸਮਕਾਲੀ ਪੰਜਾਬੀ ਸਭਿਆਚਾਰ ਪੋਲੈਂਡ, 1997 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਮਿਲਵਾਕੀ ਅਮਰੀਕਾ, ਸਾਲ 2000 ਵਿੱਚ ਚੰਡੀਗੜ੍ਹ, 2001 ਵਿੱਚ ਲਾਹੌਰ, 2003 ਵਿੱਚ ਨਿਊਯਾਰਕ, 2004 ਵਿੱਚ ਲਾਹੌਰ ਅਤੇ ਫਿਰ ਇਸੇ ਸਾਲ ਹੀ ਚੰਡੀਗੜ੍ਹ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਲਾਈਆਂ। 2005 ਵਿੱਚ ਇਸਲਾਮਾਬਾਦ ਵਿਖੇ ਹੋਈ ਵਿਸ਼ਵ ਉਰਦੂ ਕਾਨਫਰੰਸ ਵਿੱਚ ਸ਼ਾਮਿਲ ਹੋਏ । ਇਸ ਕਾਨਫਰੰਸ ਵਿੱਚ ਮੈਨੂੰ ਵੀ ਉਨ੍ਹਾਂ ਦੇ ਅੰਗ ਸੰਗ ਰਹਿਣ ਦਾ ਮੌਕਾ ਮਿਲਿਆ। ਇਥੇ ਉਹ ਸੂਫੀ ਰਵਾਇਤ ਬਾਰੇ ਏਨਾ ਖੂਬਸੂਰਤ ਬੋਲੇ ਕਿ ਸਰੋਤਿਆਂ ਵਿੱਚ ਬੈਠੇ ਪ੍ਰੋਫੈਸਰ ਸ਼ਰੀਫ ਕੁੰਜਾਹੀ ਅਤੇ ਪੰਜਾਬੀ ਸ਼ਾਇਰ ਅਹਿਮਦ ਰਾਹੀ ਅਸ਼ ਅਸ਼ ਕਰ ਉੱਠੇ। ਇਸੇ ਸਾਲ ਲਾਹੌਰ ਵਿਖੇ ਫੁਲਕਾਰੀ ਸੈਮੀਨਾਰ ਵਿੱਚ ਵੀ ਉਨ੍ਹਾਂ ਸ਼ਮੂਲੀਅਤ ਕੀਤੀ। 2006 ਵਿੱਚ ਸੂਫੀਵਾਦ ਬਾਰੇ ਸਾਰਕ ਕਾਨਫਰੰਸ ਵਿੱਚ ਹਿੱਸਾ ਲਿਆ।
ਔਹ ਗਏ ਸੱਜਣ ਔਹ ਗਏ, ਲੰਘ ਗਏ ਦਰਿਆ।
ਅਸਾਂ ਰੱਜ ਨਾ ਗੱਲਾਂ ਕੀਤੀਆਂ, ਸਾਡੇ ਮਨੋ ਨਾ ਲੱਥੜਾ ਚਾਅ।
ਡਾ: ਸੁਤਿੰਦਰ ਸਿੰਘ ਨੂਰ ਨੂੰ ਅਨੇਕਾਂ ਸਾਹਿਤਕ, ਸਭਿਆਚਾਰਕ ਪੁਰਸਕਾਰ ਹਾਸਿਲ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਸਾਲ 2004 ਦੌਰਾਨ ਮਿਲਿਆ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਸਭ ਤੋਂ ਸਰਵੋਤਮ ਸੀ। ਡਾ: ਨੂਰ ਨੂੰ ਵਿਸ਼ਵ ਲੋਕ ਸੇਵਾ ਪੁਰਸਕਾਰ, ਪੰਜਾਬੀ ਸੱਥ ਐਵਾਰਡ ਲਾਂਬੜਾ ਜ¦ਧਰ, ਬੁੱਲ੍ਹੇਸ਼ਾਹ ਪੁਰਸਕਾਰ ਡੈਨਮਾਰਕ, ਨਾਭਾ ਕਵਿਤਾ ਉਸਤਵ ਸਨਮਾਨ, ਵਿਸ਼ਵ ਪੰਜਾਬੀ ਕਾਂਗਰਸ ਲਾਹੌਰ, ਲਾਈਫ ਟਾਈਮ ਅਚੀਵਮੈਂਟ ਸਨਮਾਨ, ਅਮਨ ਕਾਵਿ ਪੁਰਸਕਾਰ, ਭਾਈ ਕਾਹਨ ਸਿੰਘ ਪੁਰਸਕਾਰ, ਵਾਰਿਸ ਸ਼ਾਹ ਪੁਰਸਕਾਰ ਡੈਨਮਾਰਕ, ਇਆਪਾ ਪੁਰਸਕਾਰ ਕੈਨੇਡਾ, ਪ੍ਰੇਰਨਾ ਸਨਮਾਨ, ਮਾਲਵਾ ਸਾਹਿਤ ਸਨਮਾਨ, ਪੰਜਾਬੀ ਲੋਕਯਾਨ ਸਨਮਾਨ, ਸਫਦਰ ਹਾਸ਼ਮੀ ਐਵਾਰਡ, ਬਾਵਾ ਬਲਵੰਤ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮਿਲੇ । ਪੰਜਾਬੀ ਅਕਾਡਮੀ ਦਿੱਲੀ ਵੱਲੋਂ ਵੀ ਉਨ੍ਹਾਂ ਨੂੰ ਪੰਜਾਬੀ ਆਲੋਚਨਾਤਮਕ ਪੁਰਸਕਾਰ ਹਾਸਿਲ ਹੋ ਚੁੱਕਾ ਸੀ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਵੀ ਉਨ੍ਹਾਂ ਨੂੰ ਫੈਲੋਸ਼ਿਪ ਦੇ ਕੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੋਇਆ ਸੀ।
ਡਾ: ਸੁਤਿੰਦਰ ਸਿੰਘ ਨੂਰ ਇਸ ਵੇਲੇ ਨਵੀਂ ਦਿੱਲੀ ਵਿੱਚ ਵਸਦੇ ਸਨ ਪਰ ਉਨ੍ਹਾਂ ਦਾ ਕਾਰਜ ਖੇਤਰ ਪੂਰੀ ਦੁਨੀਆਂ ਸੀ। ਉਮਰ ਦੇ 71ਵੇਂ ਡੰਡੇ ਤੇ ਖੜ੍ਹੇ ਡਾ: ਨੂਰ ਨੂੰ ਵੱਖ-ਵੱਖ ਸਮੇਂ ਤੇ ਆਏ ਸਰੀਰਕ ਕਸ਼ਟਾਂ ਨੇ ਵੀ ਰਫ਼ਤਾਰ ਮੱਧਮ ਕਰਨ ਲਈ ਨਹੀਂ ਪ੍ਰੇਰਿਆ ਸਗੋਂ ਹਰ ਨਵੇਂ ਸੂਰਜ ਉਹ ਨਵੀਂ ਮੁਹਿੰਮ ਤੇ ਚੜ੍ਹਦੇ ਹਨ। ਦਸੰਬਰ ਮਹੀਨੇ ਵਿੱਚ ਹੀ ਅਸੀਂ ਕਲਕੱਤਾ ਅਤੇ ਸ਼ਾਂਤੀ ਨਿਕੇਤਨ ਵਿੱਚ ਚਾਰ ਦਿਨਾਂ ਲਈ ਇਕੱਠੇ ਸਾਂ। ਉਨ੍ਹਾਂ ਦੀ ਹਿੰਮਤ ਨਾਲ ਹੀ ਭਾਰਤੀ ਸਾਹਿਤ ਅਕੈਡਮੀ ਪਾਸੋਂ ਸਾਨੂੰ ਰਵਿੰਦਰ ਨਾਥ ਟੈਗੋਰ ਦੀ ਡੇਢ ਸੌ ਸਾਲਾ ਸ਼ਤਾਬਦੀ ਦੇ ਪ੍ਰਸੰਗ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ 12 ਪੁਸਤਕਾਂ ਦਾ ਸੈੱਟ ਟੈਗੋਰ ਸ਼ਤਾਬਦੀ ਦੇ ਨਾਂ ਹੇਠ ਛਾਪਣ ਲਈ ਤਿੰਨ ਲੱਖ ਰੁਪਏ ਦੀ ਗਰਾਂਟ ਹਾਸਿਲ ਹੋਈ। ਇਹੀ ਕਿਤਾਬਾਂ ਅਸੀਂ ਸ਼ਾਂਤੀ ਨਿਕੇਤਨ ਵਿਖੇ ਲੋਕ ਅਰਪਣ ਕਰਨ ਲਈ ਗਏ ਸਾਂ। ਇਥੇ ਹੀ ਕਲਕੱਤੇ ਦੇ ਪੰਜਾਬੀਆਂ ਦੀ ਮੰਗ ਤੇ ਉਨ੍ਹਾਂ ਨੇ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ। ਉਨ੍ਹਾਂ ਨੂੰ ਕਦੇ ਮੁੰਬਈ ਵਾਲੇ ਪੰਜਾਬੀ ਉਡੀਕਦੇ, ਕਦੇ ਧੰਨਬਾਦ ਵਾਲੇ ਲੱਭਦੇ। ਉਹ ਚਕਰਵਰਤੀ ਬਿਰਤੀ ਵਾਲੇ ਪੰਜਾਬੀ ਲਿਆਕਤਵਾਨ ਸੱਜਣ ਸਨ ਜਿਨ੍ਹਾਂ ਦੀ ਰੂਹ ਵਿੱਚ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚਣ ਲਈ ਵਸ ਚੁੱਕਿਆ ਸੀ। ਸੰਤ ਸੁੱਚਾ ਸਿੰਘ ਜਵੱਦੀ ਅਤੇ ਬੀਬੀ ਜਸਬੀਰ ਕੌਰ ਖਾਲਸਾ ਨਾਲ ਮਿਲ ਕੇ ਉਨ੍ਹਾਂ ਨੇ ਵਿਸਮਾਦ ਨਾਦ ਭਾਸ਼ਣ ਲੜੀ ਅਤੇ ਸੈਮੀਨਾਰਾਂ ਨੂੰ ਨਵਾਂ ਰੂਪ ਸਰੂਪ ਬਖਸ਼ਿਆ। ਕਮਾਲ ਦੀ ਗੱਲ ਵੇਖੋ ਡਾ: ਨੂਰ ਤੋਂ ਅਗਲੇ ਦਿਨ ਬੀਬੀ ਜਸਬੀਰ ਕੌਰ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉੱਚ ਦੁਮਾਲੜੇ ਸੱਜਣ ਦੇ ਅਕਾਲ ਚਲਾਣੇ ਨੂੰ ਪੰਜਾਬੀ ਪਿਆਰਿਆਂ ਨੇ ਆਪਣੇ ਨਿੱਜੀ ਘਾਟੇ ਵਾਂਗ ਲਿਆ ਹੈ। ਡਾ: ਸੁਤਿੰਦਰ ਸਿੰਘ ਨੂਰ ਨੂੰ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਨੇ ਜਦੋਂ 2009 ਵਿੱਚ ਸ਼ਾਮ ਚੌਰਾਸੀ ਮੇਲੇ ਮੌਕੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਤਾਂ ਉਨ੍ਹਾਂ ਨੇ ਆਪਣਾ ਬਚਨ ਦੁਹਰਾਇਆ, ‘‘ ਪ੍ਰੋਫੈਸਰ ਮੋਹਨ ਸਿੰਘ ਮੇਰੇ ਗੁਰੂ ਸਨ, ਉਨ੍ਹਾਂ ਬਾਰੇ ਖੋਜ ਕਰਕੇ ਹੀ ਮੈਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਅਤੇ ਹੁਣ ਮੈਂ ਉਨ੍ਹਾਂ ਨਾਲ ਹੀ ਇਕਰਾਰ ਕਰਦਾ ਹਾਂ ਕਿ ਪੰਜਾਬੀ ਅਦਬ ਨੂੰ ਨਵੀਨਤਮ ਲੀਹਾਂ ਤੇ ਪਹੁੰਚਾਉਣ ਲਈ ਆਖਰੀ ਸਾਹਾਂ ਤੀਕ ਨਿਰੰਤਰ ਤੁਰਾਂਗਾ। ’’ ਕਮਾਲ ਦੀ ਗੱਲ ਵੇਖੋ ਬੀਮਾਰੀ ਦੀ ਹਾਲਤ ਵਿੱਚ ਮੰਜੇ ਤੇ ਪੈਣ ਤੋਂ ਪਹਿਲਾਂ ਉਹ ਹਰ ਕਦਮ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿਰੰਤਰ ਤੁਰਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੇਂਦਰ ਵੱਲੋਂ ਧਨਬਾਦ (ਝਾਰਖੰਡ) ਵਿਖੇ ਕਾਨਫਰੰਸ ਉਨ੍ਹਾਂ ਦੀ ਆਖਰੀ ਹਿੰਮਤ ਸੀ। ਉਸ ਰਾਤ ਤੋਂ ਬਾਅਦ ਉਨ੍ਹਾਂ ਨੂੰ ਤੁਰਨਾ ਨਸੀਬ ਨਾ ਹੋਇਆ।