ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਨੇ ਮਿਸਰ ਵਿੱਚ ਜਸ਼ਨ ਮਨਾ ਰਹੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਝਾਸੇ ਵਿੱਚ ਨਾਂ ਆਉਣ। ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਲੋਕ ਵਿਦਰੋਹ ਕਰਕੇ ਅਮਰੀਕਾ ਪੱਖੀ ਮੁਬਾਰਕ ਨੂੰ ਆਪਣੀ ਗੱਦੀ ਛੱਡਣੀ ਪਈ। ਇਸ ਨਾਲ ਪੱਛਮੀ ਏਸ਼ੀਆ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਮਿਸਰ ਦੇ ਲੋਕਾਂ ਨੂੰ ਅਮਰੀਕਾ ਦੀ ਦੋਸਤੀ ਤੋਂ ਬੱਚ ਕੇ ਰਹਿਣ ਦੀ ਸਲਾਹ ਦਿੱਤੀ।
ਈਰਾਨ ਵਿੱਚ ਇਸਲਾਮਿਕ ਕਰਾਂਤੀ ਦੀ 32ਵੀਂ ਵਰ੍ਹੇਗੰਢ ਤੇ ਤਹਿਰਾਨ ਦੇ ਆਜਾਦੀ ਚੌਂਕ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇਜਾਦ ਨੇ ਮਿਸਰ ਦੇ ਲੋਕਾਂ ਨੂੰ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਪੱਛਮੀ ਏਸ਼ੀਆ ਚਾਹੁੰਦੇ ਹਾਂ ਜੋ ਪੂਰੀ ਤਰ੍ਹਾਂ ਅਮਰੀਕਾ ਅਤੇ ਇਜਰਾਈਲ ਦੇ ਚੁੰਗਲ ਤੋਂ ਅਜਾਦ ਰਹੇ। ਉਨ੍ਹਾਂ ਅਨੁਸਾਰ ਅਮਰੀਕਾ ਮਿਸਰ ਦੇ ਲੋਕਾਂ ਨੂੰ ਇਹ ਭਰੋਸਾ ਦਿਵਾ ਰਿਹਾ ਹੈ ਕਿ ਉਹ ਮਿਸਰ ਦੀ ਜਨਤਾ ਦਾ ਦੋਸਤ ਹੈ, ਪਰ ਉਸਦਾ ਮਨਸੂਬਾ ਕੁਝ ਹੋਰ ਹੀ ਹੈ। ਅਮਰੀਕਾ ਉਤਰੀ ਅਫ਼ਰੀਕਾ ਅਤੇ ਅਰਬ ਦੇਸ਼ਾਂ ਵਿੱਚ ਆਪਣੀ ਚੌਧਰ ਰੱਖਣਾ ਚਾਹੁੰਦਾ ਹੈ।