ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਯੂਥ ਵਿੰਗ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾਜੀ ਨੇ ਐਡਵੋਕੇਟ ਕੇ. ਟੀ. ਐਸ. ਤੁਲਸੀ ਦਾ ਸਨਮਾਨ ਕੀਤੇ ਜਾਣ ਦਾ ਵਿਰੋਧ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਵਿਰੋਧੀ ਦਵੈਸ਼-ਭਾਵਨਾ ਦੇ ਸ਼ਿਕਾਰ ਅਤੇ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿਚ ਖੇਡ ਰਿਹਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਪੰਥਕ ਹਿਤਾਂ ਦੀ ਰੱਖਿਆ ਵਿਚ ਯੋਗਦਾਨ ਪਾਉਣ ਵਾਲੇ ਕਿਸੇ ਸੱਜਣ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਜਿਹਾ ਸਨਮਾਨ ਕੀਤਾ ਜਾਏ, ਜਿਸ ਤੋਂ ਉਤਸਾਹਿਤ ਹੋ ਕੇ ਹੋਰ ਸੱਜਣ ਵੀ ਪੰਥਕ ਹਿਤਾਂ-ਅਧਿਕਾਰਾਂ ਦੀ ਰਾਖੀ ਲਈ ਅੱਗੇ ਆ ਸਕਣ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਐਡਵੋਕੇਟ ਕੇ. ਟੀ. ਐਸ. ਤੁਲਸੀ ਦਾ ਸਨਮਾਨ ਕਰਦਿਆਂ ਕਿਸੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਗਈ। ਕੀਰਤਨ, ਰਹਿਰਾਸ ਸਾਹਿਬ ਦੇ ਪਾਠ, ਅਰਦਾਸ, ਹੁਕਮਨਾਮੇ ਅਤੇ ਆਰਤੀ ਦੇ ਕੀਰਤਨ ਦੀ ਮਰਿਆਦਾ ਦੇ ਪੂਰਣ ਹੋਤੋਂ ਬਾਅਦ ਅਤੇ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹੀ ਐਡਵੋਕੇਟ ਤੁਲਸੀ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਹੋਰ ਦੱਸਿਆ ਕਿ ਐਡਵੋਕੇਟ ਤੁਲਸੀ ਦਾ ਸਨਮਾਨ ਇਸ ਕਰਕੇ ਨਹੀਂ ਕੀਤਾ ਗਿਆ ਕਿ ਉਨ੍ਹਾਂ ਨੇ ਸਰਨਾ-ਭਰਾਵਾਂ ਨੂੰ ਕੋਈ ਲਾਭ ਪਹੁੰਚਾਇਆ ਹੈ, ਸਗੋਂ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਲੰਮੇ ਸਮੇਂ ਤੋਂ ਪੰਜਾਬ ਦੀ ਬਾਦਲ ਸਰਕਾਰ ਵਲੋਂ ਅਸਹਿਯੋਗ ਕੀਤੇ ਜਾਣ ਕਾਰਣ, ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਵਾਉਣ ਵਿਚ ਮਹੱਤਵਪ੍ਰੂਣ ਯੋਗਦਾਨ ਪਾਇਆ ਹੈ।
ਸ. ਹਰਮੀਤ ਸਿੰਘ ਕਾਲਕਾਜੀ ਨੇ ਇਸ ਸਬੰਧ ਵਿਚ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਐਡਵੋਕੇਟ ਕੇ. ਟੀ. ਐਸ.
ਤੁਲਸੀ ਨੇ ਆਪਣੀਆਂ ਦਲੀਲਾਂ ਨਾਲ ਹਾਈ ਕੋਰਟ ਦੇ ਵਿਦਵਾਨ ਜੱਜ ਸਾਹਿਬਾਨ ਨੂੰ ਕਾਇਲ ਕਰ ਦਿੱਤਾ ਕਿ ਲੰਮੇ ਸਮੇਂ ਤੋਂ ਕਾਲੀ ਸੂਚੀ ਵਿਚ ਦਰਜ ਪ੍ਰਵਾਸੀ ਸਿੱਖਾਂ ਦੇ ਨਾਵਾਂ ਨੂੰ ਲੈ ਕੇ ਉਨ੍ਹਾਂ ਸਿੱਖਾਂ ਨੂੰ ਵੀ ਵੀਜ਼ੇ ਦੇਣ ਦੇ ਮੁੱਦੇ ਤੇ ਭਾਰਤੀ ਦੂਤਾਵਾਸਾਂ ਦੇ
ਅਧਿਕਾਰੀਆਂ ਵਲੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਨਾਂ ਕਾਲੀ ਸੂਚੀ ਵਿਚ ਸ਼ਾਮਲ ਨਹੀਂ ਹਨ। ਐਡਵੋਕੇਟ ਤੁਲਸੀ ਨੇ ਅਦਾਲਤ ਨੂੰ ਇਸ ਮੁੱਦੇ ਤੇ ਵੀ ਸੰਤੁਸ਼ਟ ਕੀਤਾ ਕਿ ਲੰਮੇ ਸਮੇਂ ਤੋਂ ਕਾਲੀ ਸੂਚੀ ਦਾ ਸ਼ਿਕਾਰ ਹੋ ਰਹੇ ਪ੍ਰਵਾਸੀ ਸਿੱਖ ਆਪਣੇ ਦੇਸ਼ ਪਰਤ ਕੇ ਮੁਖ ਧਾਰਾ ਵਿਚ ਸ਼ਾਮਲ ਹੋਣ ਦੇ ਨਾਲ ਹੀ ਦਹਾਕਿਆਂ ਤੋਂ ਵਿਛੜੇ ਪਰਿਵਾਰਾਂ ਦੇ ਨਾਲ ਮਿਲ ਬੈਠਣਾ ਚਾਹੁੰਦੇ ਹਨ।
ਸ. ਕਾਲਕਾਜੀ ਨੇ ਕਿਹਾ ਕਿ ਅਦਾਲਤ ਦੇ ਵਿਦਵਾਨ ਜੱਜਾਂ ਨੇ ਉਨ੍ਹਾਂ ਦੀਆਂ ਦਲੀਲਾਂ ਤੋਂ ਸੰਤੁਸ਼ਟ ਹੋ ਕੇ ਹੀ ਸਰਕਾਰ ਨੂੰ
ਕਾਲੀ ਸੂਚੀ ਵਿਚ ਸ਼ਾਮਲ ਸਿੱਖਾਂ ਦੇ ਸਬੰਧ ਵਿਚ ਸਾਰੀ ਜਾਣਕਾਰੀ ਉਪਲੱਬਧ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਸ ਤਰ੍ਹਾਂ
ਐਵਡੋਕੇਟ ਤੁਲਸੀ ਦੇ ਯਤਨਾਂ ਨੇ ਕਾਲੀ ਸੂਚੀ ਖਤਮ ਕਰਨ ਅਤੇ ਕਾਲੀ ਸੂਚੀ ਦੇ ਨਾਂ ਤੇ ਤੰਗ ਤੇ ਪ੍ਰੇਸ਼ਾਨ ਪ੍ਰਵਾਸੀ ਸਿੱਖਾਂ ਲਈ
ਰਾਹਤ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਯੋਗਦਾਨ ਲਈ ਐਡਵਕੇਟ ਤੁਲਸੀ ਦਾ ਸਨਮਾਨ ਕਰਨਾ ਪੰਥਕ ਮੁਖੀਆਂ ਦਾ ਫਰਜ਼ ਸੀ ਅਤੇ ਇਸ ਫਰਜ਼ ਦੀ ਪੂਰਤੀ ਕਰਦਿਆਂ ਉਨ੍ਹਾਂ ਕੌਮ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਹੈ।