ਫਤਿਹਗੜ੍ਹ ਸਾਹਿਬ:- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਚੋਣ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਸ: ਰਣਦੇਵ ਸਿੰਘ ਦੇਬੀ ਅਤੇ ਉਨ੍ਹਾ ਦੇ ਕੁਝ ਸਾਥੀਆਂ ਉੱਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਅਤੇ ਪ੍ਰਸ਼ਾਸਨ ਵੱਲੋ ਬੀਤੇ ਦਿਨੀਂ ਦਰਜ ਕੀਤੀ ਗਈ ਐਫ ਆਈ ਆਰ ਨੂੰ ਮੌਜੂਦਾ ਪੰਜਾਬ ਦੀ ਹਕੂਮਤ ‘ਤੇ ਕਾਬਿਜ਼ ਬਾਦਲ ਦਲੀਆਂ ਦੇ ਪ੍ਰਭਾਵ ਹੇਠ ਆ ਕੇ ਮੰਦਭਾਵਨਾ ਅਧੀਨ ਗੈਰ ਸਮਾਜਿਕ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦੇ ਹੋਏ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਸ: ਮਾਨ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਅਤਿ ਸਤਿਕਾਰਯੋਗ “ਨਾਇਕ” ਹਨ। ਜਿਨ੍ਹਾ ਨੂੰ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਵੀਹਵੀ ਸਦੀ ਦਾ “ਮਹਾਨ ਸਿੱਖ” ਦਾ ਖਿਤਾਬ ਦੇ ਕੇ ਨਿਵਾਜਿਆ ਅਤੇ ਸਨਮਾਨਿਆ ਹੋਇਆ ਹੈ ਅਤੇ ਜਿਨ੍ਹਾ ਦੀ ਵੱਡੀ ਆਦਮ ਕੱਦ ਫੋਟੋ ਸਿੱਖ ਅਜਾਇਬ ਘਰ ਵਿੱਚ ਸ਼ੁਸੋਭਿਤ ਹੈ। ਉਨ੍ਹਾ ਕਿਹਾ ਕਿ ਸਿੱਖ ਕੌਮ ਦੀ ਇਸ ਮਹਾਨ ਸਖਸੀਅਤ ਦੀਆਂ ਫੋਟੋਆਂ ਸਮੇਤ ਪਾਰਟੀ ਵੱਲੋ ਕੁਝ ਦਿਨ ਪਹਿਲੇ ਲਾਏ ਗਏ ਹੋਰਡਿੰਗਾਂ ਅਤੇ ਪੋਸਟਰਾਂ ਵਗੈਰਾ ਨੂੰ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਤਰੀਕੇ ਪਾੜਣ ਜਾਂ ਲਾਹੁਣ ਦਾ ਕਿਸੇ ਵੀ ਜਮਾਤ, ਸੰਗਠਨ, ਪ੍ਰਸ਼ਾਸਨ ਜਾਂ ਸਰਕਾਰ ਨੂੰ ਕੋਈ ਹੱਕ ਨਹੀਂ। ਦੂਸਰਾ ਸਾਡੇ ਹੋਰਡਿੰਗਾਂ ਅਤੇ ਪੋਸਟਰਾਂ ਵਿੱਚ ਅਜਿਹੀ ਕੋਈ ਭੜਕਾਊ ਗੱਲ ਨਹੀਂ, ਜਿਸ ਨਾਲ ਕਿਸੇ ਵਰਗ ਦੀ ਮਨ ਅਤੇ ਆਤਮਾ ਨੂੰ ਠੇਸ ਪਹੂੰਚੇ। ਫਿਰ ਵੀ ਰਾਤ ਦੇ ਹਨੇਰੇ ਵਿੱਚ ਸਾਡੇ ਹੋਰਡਿੰਗਾਂ ਨੂੰ ਜ਼ਬਰੀ ਲਾਹੁਣ ਦੀ ਕੀਤੀ ਗਈ ਗੈਰ ਕਾਨੂੰਨੀ ਕਾਰਵਾਈ ਸਮੁੱਚੀ ਸਿੱਖ ਕੌਮ ਲਈ ਅਸਹਿ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਨੂੰ ਕਤਈ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾ ਕਿਹਾ ਕਿ ਸ: ਰਣਦੇਵ ਸਿੰਘ ਦੇਬੀ ਅਤੇ ਉਨ੍ਹਾ ਦੇ ਸਾਥੀਆਂ ਵੱਲੋ, ਮੁਤੱਸਵੀ ਜਮਾਤਾਂ ਜਾਂ ਪ੍ਰਸਾਸਨ ਵੱਲੋ ਆਪਣੇ ਕੌਮੀ ਨਾਇਕ ਸੰਤ ਭਿੰਡਰਾਂਵਾਲਿਆ ਦੇ ਕੀਤੇ ਗਏ ਅਪਮਾਨ ਨੂੰ ਨਾ ਸਹਾਰਦੇ ਹੋਏ ਜੋ ਚੁਣੌਤੀ ਦਿੱਤੀ ਗਈ ਹੈ, ਉਹ ਬਿਲਕੁਲ ਦਰੁੱਸਤ ਅਤੇ ਸਹੀ ਹੈ। ਲੇਕਿਨ ਜਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋ ਹੋਰਡਿੰਗ ਲਾਹੁਣ ਵਾਲੇ ਅਨਸਰਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਬਜਾਏ ਸ: ਰਣਦੇਵ ਸਿੰਘ ਦੇਬੀ ਅਤੇ ਉਨ੍ਹਾ ਦੇ ਸਾਥੀਆਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਕਾਰਵਾਈ ਵਿਤਕਰੇ ਭਰੀ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋ ਮੁਤੱਸਵੀ ਹਿੱਤਾਂ ਦੀ ਪੂਰਤੀ ਕਰਨ ਦੇ ਤੁੱਲ ਕਾਰਵਾਈ ਹੈ। ਜਿਸਦੇ ਨਤੀਜੇ ਕਦੀ ਵੀ ਸਮਾਜ ਪੱਖੀ ਨਹੀਂ ਹੋ ਸਕਦੇ। ਉਨ੍ਹਾ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਅਜਿਹੀ ਕਾਰਵਾਈ ਕਰਕੇ ਕੇਵਲ ਸ਼੍ਰੀ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਬੱਜਰ ਗੁਸਤਾਖੀ ਕੀਤੀ ਹੈ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਮਨਮਈ ਲੀਹਾਂ ਅਤੇ ਜਮਹੂਰੀਅਤ ਦੀ ਸੋਚ ਦੀ ਪੁਜਾਰੀ ਹੈ। ਇਸ ਲਈ ਹੀ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ 64ਵੇ ਜਨਮ ਦਿਹਾੜੇ ਨੂੰ ਮਨਾਉਦੇ ਹੋਏ ਸਟੇਜ ਤੋਂ ਖੁੱਲ੍ਹੀ ਅਪੀਲ ਕੀਤੀ ਸੀ ਕਿ ਜਿਸ ਕਿਸੇ ਨੂੰ ਵੀ ਸਾਡੀ ਕੌਮੀ ਮਨੁੱਖਤਾ ਪੱਖੀ ਸੋਚ, ਸਰਬੱਤ ਦੇ ਭਲੇ ਵਾਲੇ ਮਿਸ਼ਨ, ਸੰਤ ਭਿੰਡਰਾਂਵਾਲਿਆ ਦੀ ਸਖਸੀਅਤ, ਉਨ੍ਹਾ ਦੀ ਫੋਟੋ ਜਾਂ ਖਾਲਿਸਤਾਨ ਦੇ ਨਾਮ ‘ਤੇ ਕਿਸੇ ਤਰ੍ਹਾ ਦੀ ਵਿਰੋਧੀ ਵਿਚਾਰਧਾਰਾ ਰੱਖਦਾ ਹੈ, ਉਹ ਧਿਰਾਂ, ਸੰਗਠਨ ਆਦਿ ਸਾਡੇ ਨਾਲ ਟੇਬਲ ‘ਤੇ ਬੈਠ ਕੇ ਗੱਲ ਕਰਨ। ਅਸੀਂ ਇਨ੍ਹਾ ਮੁਤੱਸਵੀ ਸੋਚ ਵਾਲੇ ਲੋਕਾਂ ਦੀ ਹਰ ਪੱਖੋ ਤਸੱਲੀ ਕਰਵਾ ਕੇ ਦਲੀਲ ਸਹਿਤ ਵਾਪਿਸ ਭੇਜਾਂਗੇ। ਉਨ੍ਹਾ ਕਿਹਾ ਕਿ ਇਸ ਉਪਰੋਕਤ ਦਲੀਲ ਵਾਲੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਪਾਰਟੀ ਨੇ ਸੰਜੀਦਾ ਮੀਟਿੰਗ ਕਰਕੇ, ਪਾਰਟੀ ਦੇ ਅਤਿ ਸੂਝਵਾਨ, ਗੱਲਬਾਤ ਕਰਨ ਦੇ ਮਾਹਿਰ ਆਗੂ ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਦੀ ਅਗਵਾਈ ਹੇਠ ਇੱਕ ਡੈਪੂਟੇਸ਼ਨ ਨਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨਿਕ ਮੁਖੀ ਅਤੇ ਪੁਲਿਸ ਮੁਖੀ ਨਾਲ ਗੱਲਬਾਤ ਕਰਨ ਲਈ ਬੀਤੇ ਦਿਨੀ ਭੇਜਿਆ ਸੀ। ਮੈਨੂੰ ਦੁੱਖ ਅਤੇ ਅਫਸੋਸ ਹੈ ਕਿ ਜਿਲ੍ਹਾ ਪੁਲਿਸ ਮੁਖੀ ਦਾ ਸਲੀਕਾ ਅਤੇ ਤਹਿਜ਼ੀਬ ਮਨੁੱਖਤਾ ਪੱਖੀ ਨਹੀਂ ਸੀ। ਜਦੋ ਕਿ ਪ੍ਰਸ਼ਾਸਨਿਕ ਮੁਖੀ ਨੇ ਸਾਡੇ ਵੱਲੋ ਭੇਜੇ ਗਏ ਡੈਪੂਟੇਸ਼ਨ ਦੀ ਗੱਲ ਨੂੰ ਸੰਜੀਦਗੀ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਦਰਜ ਕੀਤੀ ਗਈ ਐਫ ਆਈ ਆਰ ਨੂੰ ਵਾਪਿਸ ਲੈਣ ਲਈ ਜਲਦੀ ਹੀ ਅਮਲ ਕੀਤਾ ਜਾਵੇਗਾ। ਸ: ਮਾਨ ਨੇ ਕਿਹਾ ਕਿ ਜੇਕਰ ਸਾਡੀ ਮੰਗ ਅਨੁਸਾਰ ਪ੍ਰਸ਼ਾਸਨ ਨੇ ਸ: ਰਣਦੇਵ ਸਿੰਘ ਦੇਬੀ ਅਤੇ ਹੋਰਾਂ ਉੱਤੇ ਦਰਜ ਕੀਤੀ ਗਈ ਐਫ ਆਈ ਆਰ ਨੂੰ ਵਾਪਿਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਸਕੱਤਰੇਤ ਵਿਖੇ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋਵੇਗੀ ਅਤੇ ਇਹ ਐਕਸ਼ਨ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਸ: ਰਣਦੇਵ ਸਿੰਘ ਦੇਬੀ ਅਤੇ ਉਨ੍ਹਾ ਦੇ ਸਾਥੀਆਂ ਵਿਰੁੱਧ ਦਰਜ ਕੇਸ ਵਾਪਿਸ ਨਹੀਂ ਲਏ ਜਾਂਦੇ। ਜੇਕਰ ਸਾਨੂੰ ਮਜ਼ਬੂਰ ਕੀਤਾ ਗਿਆ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਲਈ ਜਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਦੀ ਬਾਦਲ ਹਕੂਮਤ ਸਿੱਧੇ ਤੌਰ ‘ਤੇ ਜਿਮੇਵਾਰ ਹੋਵੇਗੀ।