ਮੋਗਾ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ ਆਪ ਮੁਹਾਰੇ ਪਹੁੰਚੇ ਲੋਕਾਂ ਦੀ ਭਾਰੀ ਇਕਤਰਤਾ ਇਸ ਗਲ ਦਾ ਸਬੂਤ ਹੈ ਕਿ ਕਾਂਗਰਸ ਪ੍ਰਤੀ ਲੋਕਾਂ ਦੀ ਨਫਰਤ ਸਿਖਰਾਂ ਨੂੰ ਪਹੁੰਚ ਚੁੱਕੀ ਹੈ ਅਤੇ ਦੇਸ਼ ਵਿਚ ਗਰੀਬੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਫੈਲਾ ਕੇ ਕਾਂਗਰਸ ਨੇ ਆਪਣੀ ਕਬਰ ਖੋਦ ਲਈ ਹੈ।
ਅਜ ਇਥੇ ਕੀਤੀ ਗਈ ਯੂਥ ਅਕਾਲੀ ਦਲ ਦੀ 14 ਵੀਂ ਜਿਲੇਵਾਰ ਰੈਲੀ ਬੀਤੇ ਦਿਨੀ ਕਾਂਗਰਸ ਵਲੋਂ ਕੀਤੀ ਗਈ ਰੈਲੀ ਨੂੰ ਹਾਜਰੀ ਪਖੋਂ ਮਾਤ ਦੇਣ ਵਿਚ ਕਾਮਯਾਬ ਰਹੀ। ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਨਤਾ ਦੀ ਸਬਰ ਦਾ ਪੈਮਾਨਾ ਟੁੱਟ ਚੁੱਕਾ ਹੈ ਅਤੇ ਜਿਵੇਂ ਮਿਸਰ ਦੇ ਲੋਕਾਂ ਨੇ 32 ਅਰਬ ਰੁਪੈ ਦੀ ਲੁੱਟ ਕਰਨ ਵਾਲੇ ਮਿਸਰ ਦੇ ਤਾਨਾਸ਼ਾਹ ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਭਜਾ ਦਿਤਾ ਹੈ, ਉਹ ਦਿਨ ਦੂਰ ਨਹੀਂ ਜਦ ਭਾਰਤੀ ਜਨਤਾ ਦਾ ਖੂਨ ਪਸੀਨਾ ਚੂਸ ਕੇ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਿਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਗਾਂਧੀ ਪਰਿਵਾਰ ਨੂੰ ਵੀ ਲੋਕ ਇਸ ਦੇਸ਼ ਵਿਚੋਂ ਦਫਾ ਕਰਕੇ ਹੀ ਸਾਹ ਲੈਣਗੇ। ਉਹਨਾਂ ਕਿਹਾ ਕਿ ਕਾਂਗਰਸ ਦੇ ਹੱਥਾਂ ਵਿਚ ਦੇਸ਼ ਸੁਰਖਿਅਤ ਨਹੀਂ ਰਿਹਾ। ਉਹਨਾਂ 1.75 ਲੱਖ ਕਰੋੜ ਦੀ 2ਜੀ ਸਪੈਕਟਰਮ, 70 ਹਜਾਰ ਕਰੋੜ ਦਾ ਕੋਮਨਵੈਲਥ ਗੇਮ, ਹੁਣ ਐਸ ਬੈਂਡ ਸਪੈਕਟ੍ਰਮ ਰਾਹੀਂ 2 ਲੱਖ ਕਰੋੜ ਅਤੇ ਸਵਿਸ ਬੈਂਕਾਂ ’ਚ ਲੁਕੋਏ ਗਏ 70 ਲੱਖ ਕਰੋੜ ਰੁਪੈ ਦੀ ਵਡੀ ਰਾਸ਼ੀ ਤੇ ਘੁਟਾਲਿਆਂ ਦੀ ਗਲ ਕਰਦਿਆਂ ਕਿਹਾ ਕਿ ਕਾਂਗਰਸ ਤੇ ਸੋਨੀਆ ਗਾਂਧੀ ਨੂੰ ਘੁਟਾਲਿਆਂ ਦਾ ਮੁੱਲ ਤਾਰਨਾ ਪਵੇਗਾ। ਉਹਨਾਂ ਕੇਂਦਰ ਦੀ ਯੂ. ਪੀ. ਏ. ਭਾਈਵਾਲਾਂ ਵਲੋਂ ਕਾਂਗਰਸ ਦਾ ਸਾਥ ਨਾ ਦੇਣ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਮੱਧਕਾਲੀ ਚੋਣਾਂ ਲਈ ਤਿਆਰ ਰਹਿਣ ਦਾ ਸਦਾ ਦਿਤਾ।
ਇਸ ਮੌਕੇ ਸ:ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਜਥੇਬੰਦਕ ਢਾਂਚਾ ਐਲਾਨ ਕਰਨ ਵਿਚ ਨਾਕਾਮ ਕੈਪਟਨ ਵਲੋਂ ਆਗਾਮੀ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦਾ ਐਲਾਨ ਕਰਨਾ ਉਸਦੀ ਬੁਖਲਾਹਟ ਤੇ ਕਮਜੋਰ ਲੀਡਰਸ਼ਿਪ ਦਾ ਸਬੂਤ ਹੈ। ਕਿਉਂਕਿ ਬਹੁਤ ਸਾਰੇ ਆਗੂਆਂ ਨੇ ਕੈਪਟਨ ਨੂੰ ਛੱਡਣ ਦਾ ਮਨ ਬਣਾ ਲਿਆ ਹੋਇਆ ਹੈ। ਉਹਨਾਂ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿਚ ਪੱਗ ਦੇ ਮਸਲਿਆਂ ਅਤੇ ਵਿਦੇਸ਼ਾਂ ਵਿਚ ਰੁਲ ਰਹੇ ਪੰਜਾਬੀ ਨੌਜਵਾਨਾਂ ਦੇ ਮਸਲਿਆਂ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ ਅਤੇ ’84 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਬਾਰੇ ਕੈਪਟਨ ਖਾਮੋਸ਼ ਕਿਉਂ ਹੈ। ਅਕਾਲੀਆਂ ਤੇ ਸਰਕਾਰੀ ਅਧਿਕਾਰੀਆਂ ਸੰਬੰਧੀ ਵਰਤੀ ਜਾ ਰਹੀ ਮਾੜੀ ਸ਼ਬਦਾਵਲੀ ’ਤੇ ਸੱਖਤ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਦਾ ਦਿਮਾਗੀ ਤਵਾਜਨ ਖੋਹ ਚੁੱਕਾ ਹੈ ਅਤੇ ਉਸ ਨੂੰ ਹੁਣ ਕਿਸੇ ਚੰਗੇ ਡਾਕਟਰ ਦੀ ਲੋੜ ਹੈ। ਉਹਨਾਂ ਕਿਹਾ ਕਿ ਆਪਣਾ ਕਾਰਜ ਕਾਲ ਐਸ਼ ਪ੍ਰਸਤੀ ਵਿਚ ਬਿਤਾਉਣ ਵਾਲਾ ਕੈਪਟਨ ਸਤਾ ਹਾਸਲ ਕਰਨ ਵਾਲੇ ਮੁਗੇਰੀ ਲਾਲ ਦੇ ਸੁਪਨੇ ਦੇਖਣਾ ਛੱਡ ਦੇਵੇ ਤੇ ਕੰਧ ਉਤੇ ਲਿਖਿਆ ਪੜ੍ਹ ਲਵੇ , ਲੋਕ ਕਾਂਗਰਸ ਦਾ ਸਾਥ ਨਹੀਂ ਦੇਣਗੇ।
ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਕੈਪਟਨ ਨੇ ਪੰਜਾਬ ਨੂੰ ਤਬਾਅ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਬਠਿੰਡਾ ਰਿਫਾਨਰੀ ਦਾ ਵਿਰੋਧ ਕਰਨ ਵਾਲੇ ਕੈਪਟਨ ਨੇ ਪੰਜਾਬ ਵਿਚ ਕੋਈ ਸਨਅਤੀ ਪ੍ਰਾਜੈਕਟ ਨਹੀਂ ਲਾਇਆ ਤੇ ਅਜ ਰਾਜ ਨੂੰ ਸਨਅਤੀਕਰਨ ਦੀ ਲੋੜ ਬਾਰੇ ਫੋਕੀਆਂ ਗਲਾਂ ਕਰ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਕੈਪਟਨ ਦਾ ਰਾਜ ਕਾਲ ਮਿਸ ਮੈਨੇਜਮੈਟ ਅਤੇ ਭ੍ਰਿਸ਼ਟਾਚਾਰ ਦਾ ਸਿਖਰ ਸੀ। ਉਹਨਾਂ ਕਿਹਾ ਕਿ ਕੈਪਟਨ ਦੇ ਰਾਜ ਕਾਲ ਦੌਰਾਨ ਕੈਪਟਨ ਦੇ ਪਰਿਵਾਰਕ ਮੈਬਰਾਂ ਦਾ ਹਵਾਲਾ ਸਕੈਂਡਲ ਵਿੱਚ ਸ਼ਾਮਿਲ ਹੋਣਾ, ਲੁਧਿਆਣਾ ਸਿਟੀ ਸੈਂਟਰ ਸਕੈਮ, ਅੰਮ੍ਰਿਤਸਰ ਇੰਪਰੂਵਮੈਂਟ, ਰਿਲਾਇੰਸ ਕੰਪਨੀ ਪ੍ਰਤੀ ਉਲਾਰ ਰਵਇਆ ਤੇ ਮੈਗਾ ਸਕੈਮ ਤੇ ਮੈਗਾ ਲੂਟਾਂ ਨੂੰ ਪੰਜਾਬ ਦੇ ਲੋਕ ਭੁਲੇ ਨਹੀਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਕਿਸੇ ਦੀ ਵੀ ਗਿੱਦੜ ਭਬਕੀਆਂ ਦੀ ਪਰਵਾਹ ਨਹੀਂ ਤੇ ਪਾਰਟੀ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜੇਗੀ। ਉਹਨਾਂ ਦਸਿਆ ਕਿ ਕੈਪਟਨ ਸਰਕਾਰ ਨੇ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿਤੀ ਉਥੇ ਬਾਦਲ ਸਰਕਾਰ ਵੱਲੋਂ 70 ਹਜ਼ਾਰ ਨੌਜਵਾਨਾਂ ਨੂੰ ਵੱਖ ਵੱਖ ਸਰਕਾਰੀ ਨੌਕਰੀਆਂ ਦਿੱਤਿਆਂ ਜਾ ਚੁੱਕੀਆਂ ਹਨ। ਉਹਨਾਂ ਦਾਅਵਾ ਕੀਤਾ ਕਿ ਬਾਦਲ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਵੱਡੀਆਂ ਕੰਪਨੀਆਂ ਪੰਜਾਬ ਵਿਚ ਵਡੀ ਪੂੰਜੀ ਨਿਵੇਸ਼ ਕਰ ਰਹੀਆਂ ਹਨ। ਬਠਿੰਡਾ ਰਿਫੈਨਰੀ, 4 ਥਰਮਲ ਪਲਾਂਟ, ਕਿਸਾਨਾਂ ਨੂੰ ਫਰੀ ਬਿਜਲੀ , ਗਰੀਬਾਂ ਨੂੰ 4 ਰੁਪੈ ਕਿੱਲੋ ਆਟਾ 20 ਰੁਪੈ ਕਿੱਲੋ ਦਾਲ, ਸ਼ਗਨ ਸਕੀਮਾਂ, ਵਿਆਪਕ ਤੇ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਗਲ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਨੇ ਕਾਂਗਰਸ ਦੇ ਹੋਸ਼ ਉੜਾ ਦਿੱਤੇ ਹਨ । ਉਹਨਾਂ ਕਿਹਾ ਕਿ ਬਾਦਲ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਸੰਗਤ ਦਰਸ਼ਨਾਂ ਰਾਹੀਂ ਹਰ ਇੱਕ ਕੋਲ ਪਹੁੰਚ ਰਹੇ ਹਨ, ਉੱਥੇ ਕੈਪਟਨ ਕੋਲ ਆਪ ਦੇ ਮੰਤਰੀਆਂ ਲਈ ਵੀ ਸਮਾਂ ਨਹੀਂ ਸੀ ਸਿਵਾਏ ਪਹਾੜਾਂ ਤੇ ਵਿਦੇਸ਼ੀ ਸੈਰਾਂ ਤੋਂ। ਉਹਨਾਂ ਕਿਹਾ ਕਿ ਮਾਲੀਆ ਰਾਜ ਦਾ ਕੈਪਟਨ ਸਮੇ ਵੈਟ ਜੋ 5136 ਕਰੋੜ ਰੁਪੈ ਸੀ ਉਹ ਵੱਧ ਕੇ ਹੁਣ 11000 ਕਰੋੜ ਰੁਪੈ ਹੋ ਗਿਆ ਹੈ। ਆਬਕਾਰੀ ਦੀ ਗਲ ਕਰਦਿਆਂ ਉਹਨਾਂ ਦੱਸਿਆ ਕਿ 1363 ਕਰੋੜ ਤੋਂ ਵੱਧ ਕੇ ਹੁਣ 2097 ਕਰੋੜ ਰੁਪੈ ਹਾਸਲ ਹੋ ਰਿਹਾ ਹੈ। ।
ਇਸ ਮੌਕੇ ਜ਼ਿਲ੍ਹੇ ਭਰ ਦੇ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰ ਦਾ ਪੂਰੇ ਉਤਸ਼ਾਹ ਨਾਲ ਪੁੱਜਣ ’ਤੇ ਗਦ ਗਦ ਹੋਏ ਸ: ਮਜੀਠੀਆ ਨੇ ਕਿਹਾ ਕਿ ਉਹ ਯੂਥ ਲਈ 33 ਫੀਸਦੀ ਨੁਮਾਇੰਦਗੀ ਦੇਣ ਦੀ ਪਾਰਟੀ ਤੋਂ ਮੰਗ ਕਰਨਗੇ। ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਹੁਣ ਸਿਆਸਤ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਅੱਗੇ ਹੋਕੇ ਕੰਮ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਨਵਾਂ ਜਹਾਦ ਛੇੜਣ ਦਾ ਸਦਾ ਦਿਤਾ। ਉਹਨਾਂ ਕਿਹਾ ਕਿ ਯੂਥ ਦਾ ਹਰ ਵਰਕਰ ਇੱਕ ਰੁੱਖ ਜ਼ਰੂਰ ਲਾਏਗਾ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰੇਗਾ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ , ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਹਦਾਇਤ ਦਿੱਤੀ ਕਿ ਉਹ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ। ਅੱਜ ਮਜੀਠੀਆ ਦੀ ਆਮਦ ਮੌਕੇ ਉਹਨਾਂ ਦੇ ਸਵਾਗਤ ਲਈ ਹਜ਼ਾਰਾਂ ਉਤਸ਼ਾਹੀ ਨੌਜਵਾਨ ਸੜਕਾਂ ’ਤੇ ਗੱਡੀਆਂ ਦੇ ਕਾਫਲਿਆਂ ਸਮੇਤ ਢੋਲ ਧਮਕੇ ਨਾਲ ਸ਼ਾਮਿਲ ਸੀ।