ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਅੱਜ ਯੂਨੀਵਰਸਿਟੀ ਸਥਿਤ ਡਾ: ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵੱਲੋਂ ਆਯੋਜਿਤ ਕੀਤੀ ਗਈ ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੀਤਾ। ਇਹ ਪ੍ਰਦਰਸ਼ਨੀ 16 ਤੋਂ 18 ਫਰਵਰੀ ਤਕ ਲਗਾਈ ਜਾ ਰਹੀ ਹੈ। ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਡਾ: ਕੰਗ ਨੇ ਕਿਹਾ ਕਿ ਕਿਤਾਬਾਂ ਵਿੱਚ ਦਰਜ ਗਿਆਨ ਅਤੇ ਵਿਗਿਆਨ ਦੇ ਨਾਲ ਹੀ ਵਿਕਾਸ ਦੇ ਰਾਹ ਤੁਰਿਆ ਜਾ ਸਕਦਾ ਹੈ। ਸਮਾਜ ਦੇ ਹਰ ਇਕ ਜੀਅ ਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ਵੱਲੋਂ ਕੀਤਾ ਗਿਆ ਇਹ ਉੱਦਮ ਸ਼ਲਾਘਾਯੋਗ ਹੈ ਜਿਸ ਨਾਲ ਯੂਨੀਵਰਸਿਟੀ ਦੇ ਵਿਗਿਆਨੀ, ਕਰਮਚਾਰੀ ਅਤੇ ਵਿਦਿਆਰਥੀ ਢੁੱਕਵਾਂ ਲਾਭ ਉਠਾ ਸਕਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ ਤੋਂ ਇਲਾਵਾ ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਤੋਂ ਡਾ: ਵੀ ਵੀ ਸੁਬਰਾਮਨੀਅਮ ਅਸਿਸਟੈਂਟ ਡਾਇਰੈਕਟਰ ਜਨਰਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਪ੍ਰਦਰਸ਼ਨੀ ਵਿੱਚ ਦੇਸ਼ ਦੇ ਚਾਲੀ ਤੋਂ ਵਧ ਉਘੇ ਪ੍ਰਕਾਸ਼ਕ ਅਤੇ ਡਿਸਟਰੀਬਿਊਟਰ ਭਾਗ ਲੈ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ ਜਸਵਿੰਦਰ ਕੌਰ ਸਾਂਘਾ ਨੇ ਦਸਿਆ ਕਿ ਇਹ ਪ੍ਰਦਰਸ਼ਨੀ ਸਵੇਰ 9. 00 ਵਜੇ ਤੋਂ ਸ਼ਾਮ 6.00 ਵਜੇ ਤ¤ਕ ਲਗਾਈ ਜਾਵੇਗੀ ਅਤੇ ਇਸ ਪ੍ਰਦਰਸ਼ਨੀ ਤੋਂ ਯੂਨੀਵਰਸਿਟੀ ਦੇ ਵਿਦਿਆਰਥੀ, ਸਾਇੰਸਦਾਨ ਮਿਆਰੀ ਕਿਤਾਬਾਂ ਛੂਟ ਤੇ ਪ੍ਰਾਪਤ ਕਰ ਸਕਣਗੇ। ਉਹਨਾਂ ਨੇ ਦਸਿਆ ਕਿ ਪ੍ਰਦਰਸ਼ਨੀ ਦੌਰਾਨ ਭਾਸ਼ਾ, ਗਿਆਨ-ਵਿਗਿਆਨ ਅਤੇ ਕਲਾ ਸੰਬੰਧੀ ਪੁਸਤਕਾਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਡਾ: ਸਾਂਘਾ ਨੇ ਕਿਹਾ ਕਿ ਇਸ ਮੌਕੇ ਲਾਇਬ੍ਰੇਰੀ ਵੱਲੋਂ ਸਥਾਪਿਤ ਕੀਤਾ ਮੈਪ ਰੂਮ ਅਤੇ ਪੀ ਏ ਯੂ ਆਰਕਾਈਵਜ਼ ਦਾ ਵੀ ਉਦਘਾਟਨ ਕੀਤਾ ।
ਪ੍ਰਦਰਸ਼ਨੀ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੇਸ਼ ਦੇ ਨਾਮੀ ਪ੍ਰਕਾਸ਼ਕਾਂ ਦੀਆਂ ਸਟਾਲਾਂ ਦਾ ਦੌਰਾ ਕੀਤਾ।