ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਚੱਲ ਰਹੀ 19ਵੀਂ ਦੋ ਸਾਲਾ ਆਲ ਇੰਡੀਆ ਗ੍ਰਹਿ ਵਿਗਿਆਨ ਸੰਬੰਧੀ ਖੋਜ ਤਾਲਮੇਲ ਵਰਕਸ਼ਾਪ ਖੋਜ ਲਈ ਭਵਿੱਖ ਵਿਚਲੇ ਮਹੱਤਵਪਰਨ ਵਿਸ਼ਿਆਂ ਤੇ ਚਰਚਾ ਨਾਲ ਸੰਪੰਨ ਹੋ ਗਈ ਹੈ। ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਵੱਲੋਂ ਆਯੋਜਿਤ ਇਹ ਵਰਕਸ਼ਾਪ ਭੁਵਨੇਸ਼ਵਰ ਸਥਿਤ ਖੇਤੀਬਾੜੀ ਵਿੱਚ ਔਰਤਾਂ ਦੀ ਭਾਈਵਾਲੀ ਬਾਰੇ ਕੇਂਦਰੀ ਸੰਸਥਾ ਦੀ ਸਹਾਇਤਾ ਨਾਲ ਆਯੋਜਿਤ ਇਸ ਦੋ ਰੋਜ਼ਾ ਵਰਕਸ਼ਾਪ ਦੇ ਆਖਰੀ ਦਿਨ ਅੱਜ ਦੋ ਤਕਨੀਕੀ ਸੈਸ਼ਨ ਹੋਏ ਜਿਨਾਂ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਮਨੁੱਖੀ ਵਿਕਾਸ ਵਿਭਾਗ ਦੇ ਮੁਖੀ ਡਾ: ਇੰਦਰਜੀਤ ਸਿੰਘ ਜਸਵਾਲ ਨੇ ਭੁਵਨੇਸ਼ਵਰ ਕੇਂਦਰ ਦੇ ਡਾਇਰੈਕਟਰ ਡਾ:ਕ੍ਰਿਸ਼ਨਾ ਸ਼੍ਰੀਨਾਥ ਨੇ ਕੀਤੀ। ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਆਖਿਆ ਕਿ ਹੋਮ ਸਾਇੰਸ ਸੰਬੰਧੀ ਕੌਮੀ ਖੋਜ ਪ੍ਰੋਜੈਕਟਾਂ ਦੇ ਵਿਚਾਰ ਵਟਾਂਦਰੇ ਨੂੰ ਗਿਆਨ ਦਾ ਮਹਾਂਕੁੰਭ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਕਿਉਂਕਿ ਇਸ ਵਿੱਚ ਸਮੁੱਚੇ ਦੇਸ਼ ਦੇ ਹੋਮ ਸਾਇੰਸ ਵਿਗਿਆਨੀ ਭਾਗ ਲੈ ਰਹੇ ਹਨ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਪਸਾਰ ਸਿੱਖਿਆ ਡਾ: ਕੇ ਡੀ ਕੋਕਾਟੇ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਇਸ 19ਵੀਂ ਦੋ ਸਾਲਾ ਮੁਲਾਂਕਣ ਵਰਕਸ਼ਾਪ ਵਿੱਚ ਹੋਈ ਵਿਚਾਰ ਚਰਚਾ ਭਵਿੱਖ ਦੀ ਯੋਜਨਾਕਾਰੀ ਲਈ ਕਾਰਜਮੁਖੀ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ 12ਵੀਂ ਪੰਜ ਸਾਲਾ ਯੋਜਨਾ ਵਿੱਚ ਇਨ੍ਹਾਂ ਨੁਕਤਿਆਂ ਨੂੰ ਪ੍ਰਮੁਖਤਾ ਦਿੱਤੀ ਜਾਵੇਗੀ ਤਾਂ ਜੋ ਔਰਤ ਸ਼ਕਤੀਕਰਨ ਦੀ ਗਤੀ ਤੇਜ਼ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਸਦੀਵੀ ਖੁਸ਼ਹਾਲੀ ਔਰਤ ਦੇ ਵਿਕਾਸ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਵਿਕਾਸ ਲਈ ਖੋਜ ਦਾ ਨਾਅਰਾ ਬੁ¦ਦ ਕਰੀਏ ਨਾ ਖੋਜ ਅਤੇ ਵਿਕਾਸ ਨੂੰ ਵੱਖਰੇ ਵੱਖਰੇ ਤੱਤ ਵਜੋਂ ਪਛਾਣੀਏ। ਡਾ: ਕੋਕਾਟੇ ਨੇ ਆਖਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਦੇਸ਼ ਭਰ ਵਿੱਚ ਪੰਜਾਬ ਮਾਡਲ ਵਾਂਗ ਹੀ ਕਰਮਸ਼ੀਲ ਕਰਨ ਦੀ ਲੋੜ ਹੈ। ਉਨ੍ਹਾਂ ਵਾਈਸ ਚਾਂਸਲਰ ਡਾ; ਮਨਜੀਤ ਸਿੰਘ ਕੰਗ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਇਸ ਮਹਾਨ ਯੂਨੀਵਰਸਿਟੀ ਵਿੱਚ ਫਰਵਰੀ ਮਹੀਨੇ ਅੰਦਰ ਹੀ ਤਿੰਨ ਪ੍ਰਮੁਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੰਮੇਲਨਾਂ ਦੀ ਮੇਜ਼ਬਾਨੀ ਕੀਤੀ ਹੈ। ਇਸ ਮੌਕੇ ਪਸਾਰ ਸਿੱਖਿਆ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਡਾ: ਵੀ ਵੀ ਸੁਬਰਾਮਨੀਅਮ ਨੇ ਵੀ ਸੰਬੋਧਨ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਹੋਮ ਸਾਇੰਸ ਕਾਲਜ ਦੀ ਕੋਆਰਡੀਨੇਟਰ ਖੋਜ ਡਾ: ਜਸਵਿੰਦਰ ਕੌਰ ਸਾਂਘਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਆਖਿਆ ਕਿ ਗ੍ਰਹਿ ਵਿਗਿਆਨ ਦੀ ਖੋਜ ਸੰਬੰਧੀ ਇਹ ਤਾਲਮੇਲ ਪ੍ਰੋਜੈਕਟ ਦੇਸ਼ ਦੀਆਂ ਛੇ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ 1982 ਵਿੱਚ ਸ਼ੁਰੂ ਹੋਇਆ ਸੀ ਜਿਸ ਦੇ ਖੋਜ ਮਨੋਰਥ ਭੋਜਨ ਅਤੇ ਪੋਸ਼ਣ, ਪਰਿਵਾਰ ਪ੍ਰਬੰਧ ਅਤੇ ਬੱਚਿਆਂ ਦੇ ਵਿਕਾਸ ਨਾਲ ਜੁੜੇ ਹੋਏ ਸਨ ਅਤੇ ਲਗਪਗ 30 ਸਾਲ ਵਿੱਚ ਇਹਨਾਂ ਖੇਤਰਾਂ ਦੇ ਵੱਖ-ਵੱਖ ਪਹਿਲੂਆਂ ਦੇ ਖੋਜ ਦੇ ਮਹੱਤਵਪੂਰਨ ਕਾਰਜ ਹੋਏ ਹਨ।
ਇਸ ਵਰਕਸ਼ਾਪ ਦੇ ਸਮਾਪਨ ਸਮਾਗਮ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਇਸ ਰਾਸ਼ਟਰੀ ਵਰਕਸ਼ਾਪ ਦੀ ਸਫਲਤਾ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਔਰਤ ਨੂੰ ਵਿਕਾਸ ਦੇ ਮੌਕੇ ਮਿਲਣੇ ਬਹੁਤ ਜ਼ਰੂਰੀ ਹਨ ਕਿਉਂਕਿ ਔਰਤ ਸਮਾਜਕ ਵਿਕਾਸ ਦਾ ਧੁਰਾ ਹੈ ਅਤੇ ਔਰਤਾਂ ਦੇ ਵਿਕਾਸ ਨਾਲ ਹੀ ਸਮਾਜ ਦਾ ਵਿਕਾਸ ਸੰਭਵ ਹੈ। ਡਾ: ਕੰਗ ਨੇ ਕਿਹਾ ਕਿ ਗ੍ਰਹਿ ਵਿਗਿਆਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਖੋਜ ਕਾਰਜਾਂ ਦਾ ਦਾਇਰਾ ਵਿਸ਼ਾਲ ਵੀ ਹੈ ਅਤੇ ਮਹੱਤਵਪੂਰਨ ਵੀ ਹੈ।