ਵਾਸਿੰਗਟਨ – ਅਮਰੀਕਾ ਨੇ ਮੁੰਬਈ ਹਮਲਿਆਂ ਵਿੱਚ ਸ਼ਾਮਿਲ ਲੋਕਾਂ ਨੂੰ ਪਾਕਿਸਤਾਨ ਵਲੋਂ ਭਾਰਤ ਨੂੰ ਨਾਂ ਸੌਂਪੇ ਜਾਣ ਅਤੇ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਵੱਧ ਰਹੇ ਪਰਸਾਰ ਤੇ ਚਿੰਤਾ ਪ੍ਰਗਟ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਅਤਵਾਦੀ ਸੰਗਠਨ ਨੇ ਯੌਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਮੁੰਬਈ ਦੀ ਤਰਜ਼ ਤੇ ਹਮਲੇ ਕਰਨ ਦੀ ਮੁਹਾਰਤ ਹਾਸਿਲ ਕਰ ਲਈ ਹੈ।
ਅਮਰੀਕਾ ਦੇ ਰਾਸ਼ਟਰੀ ਅਤਵਾਦ ਵਿਰੋਧੀ ਸੈਲ ਦੇ ਅਧਿਕਾਰੀ ਮਾਈਕਲ ਲਾਈਟਰ ਨੇ ਕਿਹਾ ਹੈ ਕਿ ਪਾਕਿਸਤਾਨੀ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਕੋਲ ਯੌਰਪ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਵਿੱਚ ਮੁੰਬਈ ਵਰਗੇ ਹਮਲੇ ਕਰਨ ਦੀ ਯੋਗਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਅਜਿਹੇ ਸੰਕੇਤ ਮਿਲੇ ਹਨ ਕਿ ਇਹ ਸੰਗਠਨ ਇਸ ਖੇਤਰ ਤੋਂ ਬਾਹਰ ਆਪਣਾ ਦਾਇਰਾ ਵੱਧਾ ਰਿਹਾ ਹੈ। ਨਿਸ਼ਚਿਤ ਤੌਰ ਤੇ ਇਹ ਇਸ ਵਿੱਚ ਨਿਪੁੰਨ ਹੈ। ਇਹ ਇੱਕ ਵੱਡਾ ਸੰਗਠਨ ਹੈ। ਲਾਈਟਰ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੁਆਰਾ ਭਾਰਤ ਜਾਂ ਦੁਨੀਆਂ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਹਮਲਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਹਿੱਤਾਂ ਅਤੇ ਅਤਵਾਦ ਵਿਰੋਧੀ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ।