ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਦੂਰੀਆਂ ਪੈਦਾ ਹੋ ਗਈਆਂ ਹਨ। ਅਮਰੀਕਾ ਦੇ ਰਾਜਨਾਇਕ ਡੇਵਿਸ ਤੇ ਦੋ ਪਾਕਿਸਤਾਨੀਆਂ ਦੀ ਹੱਤਿਆ ਦੇ ਅਰੋਪ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਸਰੇ ਨੂੰ ਖੁਫੀਆ ਜਾਣਕਾਰੀ ਦੇਣ ਲੈਣ ਦਾ ਕੰਮ ਬੰਦ ਹੀ ਹੈ। ਇਸੇ ਕਰਕੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਵਲੋਂ ਅਤਵਾਦੀਆਂ ਤੇ ਕੀਤੇ ਜਾ ਰਹੇ ਡਰੋਨ ਹਮਲੇ ਘੱਟ ਹੋ ਗਏ ਹਨ।
ਅਮਰੀਕਾ ਦੇ ਇੱਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਦੇ ਸਬੰਧ ਪਹਿਲਾਂ ਹੀ ਬਹੁਤੇ ਚੰਗੇ ਨਹੀਂ ਸਨ, ਪਰ ਹੁਣ ਕੜਵਾਹਟ ਸਾਹਮਣੇ ਆ ਗਈ ਹੈ। ਤਾਜ਼ਾ ਤਣਾਅ ਕਰਕੇ ਅਤਵਾਦੀਆਂ ਦੇ ਖਿਲਾਫ਼ ਕਾਰਵਾਈ ਕਮਜੋਰ ਪੈ ਗਈ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਅਮਰੀਕਾ ਨੂੰ ਸੂਚਨਾਵਾਂ ਦੇਣੀਆਂ ਬੰਦ ਕਰ ਦਿਤੀਆਂ ਹਨ। ਇਸੇ ਕਰਕੇ ਡਰੋਨ ਹਮਲਿਆਂ ਵਿੱਚ ਕਮੀ ਆਈ ਹੈ। 23 ਜਨਵਰੀ ਤੋਂ ਬਾਅਦ ਵਜੀਰਸਤਾਨ ਵਿੱਚ ਕੋਈ ਡਰੋਨ ਹਮਲਾ ਨਹੀਂ ਹੋਇਆ। ਮਾਹਿਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਓਬਾਮਾ ਦੇ ਰਾਜਕਾਲ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਅਤਵਾਦੀਆਂ ਤੇ ਏਨੇ ਲੰਬੇ ਸਮੇਂ ਤੱਕ ਕੋਈ ਹਮਲਾ ਨਹੀਂ ਕੀਤਾ ਗਿਆ। ਅਮਰੀਕਾ ਦੇ ਇੱਕ ਅਖ਼ਬਾਰ ਨੇ ਖੁਫ਼ੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਸੀਆਈਏ ਹਕਾਨੀ ਨੈਟਵਰਕ ਦੇ ਠਿਕਾਣਿਆਂ ਦਾ ਸਹੀ ਢੰਗ ਨਾਲ ਪਤਾ ਨਹੀਂ ਲਗਾ ਪਾ ਰਹੀ। ਇਸ ਦਾ ਕਾਰਣ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਅਤਵਾਦੀ ਗੁਫ਼ਾਵਾਂ ਵਿੱਚ ਚਲੇ ਗਏ ਹਨ ਜਾਂ ਉਨ੍ਹਾਂ ਨੇ ਆਪਣੇ ਟਿਕਾਣੇ ਬਦਲ ਲਏ ਹਨ। ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਆਈਐਸਆਈ ਉਨ੍ਹਾਂ ਦੀ ਮਦਦ ਕਰ ਰਹੀ ਹੈ। ਅਮਰੀਕਾ ਪਿੱਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨੀ ਸੈਨਾ ਤੇ ਉਤਰੀ ਵਜੀਰਸਤਾਨ ਵਿੱਚ ਅਤਵਾਦੀਆਂ ਦੇ ਖਿਲਾਫ਼ ਹਮਲੇ ਤੇਜ਼ ਕਰਨ ਦਾ ਦਬਾਅ ਪਾ ਰਿਹਾ ਹੈ ਪਰ ਉਸ ਨੂੰ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ।