ਨਵੀਂ ਦਿੱਲੀ :- ਸ. ਦਲਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ (ਐਜੂਕੇਸਨ ਵਿੰਗ) ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ 9 ਫਰਵਰੀ ਤੋਂ ਅਰੰਭ ਹੋਈ ਜਨਗਨਣਾ, ਜੋ 28 ਫਰਵਰੀ ਤਕ ਚੱਲਣੀ ਹੈ, ਉਸ ਵਿਚ ਆਪਣੀ ਧਾਰਮਿਕ ਪਹਿਚਾਣ ਸਿੱਖ ਅਤੇ ਮਾਂ-ਬੋਲੀ ਪੰਜਾਬੀ ਲਿਖਵਾਉਣ ਅਤੇ ਆਪਣੇ ਨਾਂ ਦੇ ਨਾਲ ਸਿੰਘ ਜਾਂ ਕੌਰ ਵੀ ਜ਼ਰੂਰ ਲਿਖਵਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਮਰਦਮਸ਼ੁਮਾਰੀ ਕਰ ਰਿਹਾ ਅਧਿਕਾਰੀ ਫਾਰਮ ਚੁੱਕਾ ਹੋਵੇ ਤਾਂ ਇਹ ਨਿਸ਼ਚਿਤ ਕਰ ਲਿਆ ਜਾਏ ਕਿ ਫਾਰਮ ਪੈੱਨ ਨਾਲ ਹੀ ਭਰਿਆ ਗਿਆ ਹੈ, ਅਤੇ ਕਾਲਮ 7 ਵਿਚ ਧਾਰਮਕ ਕੋਡ ਨੰ. 4 ‘ਸਿੱਖ’ ਅਤੇ ਕਾਲਮ 10 ਵਿਚ ਮਾਂ-ਬੋਲੀ ਪੰਜਾਬੀ ਭਰੀ ਗਈ ਹੈ। ਉਨ੍ਹਾਂ ਦੇ ਨਾਂ ਨਾਲ ਸਿੰਘ ਜਾਂ ਕੌਰ ਵੀ ਲਿਖਿਆ ਗਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਆਮ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਅਧਿਕਾਰੀ ਪੈਂਸਿਲ ਨਾਲ ਫਾਰਮ ਭਰ ਰਹੇ ਹਨ, ਜਿਨ੍ਹਾਂ ਵਿਚ ਬਾਅਦ ਵਿਚ ਧਾਰਮਕ ਪਹਿਚਾਣ ਅਤੇ ਮਾਂ-ਬੋਲੀ ਵਾਲੇ ਕਾਲਮ ਵਿਚ ਤਬਦੀਲੀ ਕਰ ਲਈ ਜਾਂਦੀ ਹੈ।
ਸ. ਦਲਜੀਤ ਸਿੰਘ ਨੇ ਦੱਸਿਆ ਕਿ ਦੇਸ਼ ਦੀਆਂ ਘੱਟ-ਗਿਣਤੀਆਂ, ਜਿਨ੍ਹਾਂ ਵਿਚ ਸਿੱਖ ਵੀ ਸ਼ਾਮਲ ਹਨ, ਭਾਰਤ ਸਰਕਾਰ ਵਲੋਂ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਹਰ ਸਿੱਖ ਨੂੰ ਆਪਣਾ ਧਰਮ ਸਿੱਖ ਲਿਖਵਾਉਣਾ ਚਾਹੀਦਾ ਹੈ ਤਾਂ ਜੋ ਉਹ ਮਿਲਦੀਆਂ ਸਹੂਲਤਾਂ ਪ੍ਰਾਪਤ ਕਰਨ ਦੇ ਅਧਿਕਾਰੀ ਬਣ ਸਕਣ।
ਸਮੂਹ ਸਿੱਖ ਜਗਤ ਨੂੰ ਆਪਣੀ ਧਾਰਮਿਕ ਪਛਾਣ ਸਿੱਖ, ਮਾਂ-ਬੋਲੀ ਪੰਜਾਬੀ ਅਤੇ ਆਪਣੇ ਨਾਂ ਦੇ ਨਾਲ ਸਿੰਘ ਜਾਂ ਕੌਰ ਲਿਖਵਾਉਣ ਦੀ ਅਪੀਲ
This entry was posted in ਸਰਗਰਮੀਆਂ.