ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਤੋਂ ਇਹ ਮੰਗ ਕੀਤੀ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਪ੍ਰਤੀ ਸੰਤੁਲਿਤ ਰੁੱਖ ਅਪਨਾਵੇ ਤਾਂ ਜੋ ਪਾਕਿਸਤਾਨ ਦੇ ਲੋਕਾਂ ਵਿੱਚ ਅਮਰੀਕਾ ਦੀ ਛਵੀ ਨੂੰ ਸੁਧਾਰਿਆ ਜਾ ਸਕੇ।
ਅਮਰੀਕੀ ਕਾਂਗਰਸ ਦੇ ਇੱਕ ਦੱਲ ਨਾਲ ਗੱਲਬਾਤ ਦੌਰਾਨ ਗਿਲਾਨੀ ਨੇ ਦਖਣੀ ਏਸਿਆਈ ਖੇਤਰ ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਅਮਰੀਕਾ ਨੂੰ ਸੰਤੁਲਿਤ ਰੁੱਖ ਅਪਨਾਉਣਾ ਚਾਹੀਦਾ ਹੈ। ਇਸ ਨਾਲ ਪਾਕਿਸਤਾਨੀ ਜਨਤਾ ਵਿੱਚ ਉਸ ਦੀ ਇਮੇਜ ਚੰਗੀ ਬਣੇਗੀ। ਓਬਾਮਾ ਵਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਸਮਸਿਆ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਵਿਸ਼ੇਸ਼ ਦੂਤ ਦੇ ਤੌਰ ਤੇ ਨਿਯੁਕਤ ਕਰਨ ਦੀ ਯੋਜਨਾ ਨੂੰ ਰੱਦ ਕਰਨ ਦੇ ਫੈਸਲੇ ਤੇ ਵੀ ਗਿਲਾਨੀ ਨੇ ਰੋਸ ਜਾਹਿਰ ਕੀਤਾ। ਉਨ੍ਹਾਂ ਨੇ ਪਾਕਿਸਤਾਨ ਅਤੇ ਅਮਰੀਕੀ ਅਧਿਕਾਰੀਆਂ ਦੀਆਂ ਸਕਾਰਤਮਕ ਬੈਠਕਾਂ ਦਾ ਸਵਾਗਤ ਕੀਤਾ ਅਤੇ ਇਹ ਕਿਹਾ ਕਿ ਅਜਿਹੀਆਂ ਬੈਠਕਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਗਿਲਾਨੀ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਰਣਨੀਤਕ ਹਿੱਸੇਦਾਰੀ ਅਤੇ ਵਿਸ਼ਵਾਸ਼ ਦੀ ਬਹਾਲੀ ਲਈ ਰੇਮੰਡ ਡੇਵਿਸ ਮਾਮਲੇ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ।