ਅੰਮ੍ਰਿਤਸਰ – ਸਮੇਂ ਦੇ ਕਾਂਗਰਸੀ ਅਕਾਵਾਂ ਦੇ ਇਸ਼ਾਰੇ ਅਤੇ ਸਰਪ੍ਰਸਤੀ ਹੇਠ ਨਵੰਬਰ ’84 ਨਸਲਕੁਸ਼ੀ ਦੇ ਏਜੰਡੇ ਤਹਿਤ ਰਿਵਾੜੀ ਜ਼ਿਲ੍ਹੇ ਦੇ ਇਕ ਪਿੰਡ ਚਿੱਲੜ ਦੇ ਨਜ਼ਦੀਕ ਛੋਟੇ ਜਿਹੇ ਪਿੰਡ ਹੋਂਦ ਵਿਚ ਦਿਨ-ਦਿਹਾੜੇ ਮੌਤ ਦਾ ਕੀਤਾ ਗਿਆ ਤਾਂਡਵ, ਜਿਸ ਵਿਚ 32 ਬੱਚੇ, ਬਜ਼ੁਰਗ, ਔਰਤਾਂ ਤੇ ਮਰਦ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤੇ ਤੇ ਘਰਾਂ ਨੂੰ ਲੁੱਟਣ ਉਪਰੰਤ ਮਿੱਟੀ ਦਾ ਤੇਲ ਅਤੇ ਜਲਣਸ਼ੀਲ ਪਦਾਰਥਾਂ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਦੇ ਲੂੰ ਕੰਢੇ ਖੜ੍ਹੇ ਕਰਨ ਵਾਲੀ ਜਾਣਕਾਰੀ ਇਕ ਟੀ.ਵੀ. ਚੈਨਲ ਵਲੋਂ ਦਿੱਤੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵਲੋਂ ਮੌਕੇ ’ਤੇ ਪੁੱਜ ਕੇ ਤੱਥ ਇਕੱਤ੍ਰ ਕਰਨ ਲਈ ਬਣਾਈ ਗਈ ਕਮੇਟੀ ਸ੍ਰ. ਰਘੂਜੀਤ ਸਿੰਘ (ਵਿਰਕ) ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਉਕਤ ਬਦਨਸੀਬ ਪਿੰਡ, ਜਿਥੇ ਹੁਣ ਕੁਝ ਇਕ ਖੰਡਰਾਂ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ, ਦਾ ਦੌਰਾ ਕਰਕੇ ਘਟਨਾ ਦੇ ਤੱਥਾਂ ਦੀ ਮੁੱਢਲੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ੍ਰ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ੍ਰ. ਕਰਨੈਲ ਸਿੰਘ ਪੰਜੋਲੀ, ਸ੍ਰ. ਰਜਿੰਦਰ ਸਿੰਘ ਮਹਿਤਾ (ਦੋਵੇਂ ਮੈਂਬਰ ਅੰਤ੍ਰਿੰਗ ਕਮੇਟੀ) ਤੋਂ ਇਲਾਵਾ ਸ੍ਰ. ਜੋਗਿੰਦਰ ਸਿੰਘ ਅਦਲੀਵਾਲ, ਸਕੱਤਰ ਸ਼੍ਰੋਮਣੀ ਕਮੇਟੀ, ਮੀਤ ਸਕੱਤਰ ਸ੍ਰ. ਰਾਮ ਸਿੰਘ ਅਤੇ ਹਰਿਆਣਾ ਮਿਸ਼ਨ ਦੇ ਇੰਚਾਰਜ ਸ੍ਰ. ਕ੍ਰਿਪਾਲ ਸਿੰਘ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ
ਜਾਇਜ਼ਾ ਕਮੇਟੀ ਵਲੋਂ ਪੁੱਜੀ ਰਿਪੋਰਟ ਸਬੰਧੀ ਜਾਣਕਾਰੀ ਦਿੰਦਿਆ ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ਵਿਚ ਜਥੇ. ਅਵਤਾਰ ਸਿੰਘ ਨੇ ਦੱਸਿਆ ਕਿ ਕਮੇਟੀ ਦੀ ਰਿਪੋਰਟ ਅਨੁਸਾਰ 2 ਨਵੰਬਰ 1984 ਨੂੰ ਪਿੰਡ ਹੋਂਦ ਵਿਚ ਵਾਪਰੀ ਘਟਨਾ ਨੂੰ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ ਸ਼੍ਰ. ਮਨਮੋਹਨ ਸਿੰਘ ਨੇ ਕਮੇਟੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਸਾਲ ਪਹਿਲਾਂ ਵਾਪਰੇ ਇਸ ਖੂਨੀ ਕਾਂਡ ਨੂੰ ਉਹ ਅੱਜ ਤੀਕ ਇਕ ਪਲ ਲਈ ਵੀ ਵਿਸਾਰ ਨਹੀਂ ਸਕਿਆ। ਇਸ ਸਮੇਂ ਰਿਵਾੜੀ ਵਿਚ ਰਹਿ ਰਹੇ, ਹੋਂਦ ਪਿੰਡ ਵਿਚ ਆਪਣੀ ਫਸਲਵਾੜੀ ਨੂੰ ਝਾਤੀ ਮਾਰਨ ਆਏ ਮਨਮੋਹਨ ਸਿੰਘ ਨੇ ਬਚੇ ਹੋਏ ਖੰਡਰਾਂ ਪਾਸ ਇਕ ਜਗ੍ਹਾ ਪੁਰ ਖੜੇ ਹੋ ਕੇ ਦੱਸਿਆ ਕਿ ਕਦੇ ਇਸ ਜਗ੍ਹਾ ਪੁਰ ਉਨ੍ਹਾ ਦਾ ਘਰ ਹੁੰਦਾ ਸੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਸੀ, ਜਿੱਥੇ ਇਨ੍ਹਾ ਘਰਾਂ ਵਿਚ ਰਹਿਣ ਵਾਲਾ ਤਖ਼ਤ ਸਿੰਘ ਨਾਂ ਦਾ ਵਿਅਕਤੀ ਮਰਯਾਦਾ ਨਿਭਾਉਂਦਾ ਸੀ। ਸਾਹਮਣੇ ਛੋਟੀ ਜਿਹੀ ਮਸਜਿਦ ਸੀ, ਉਸਨੇ ਦੱਸਿਆ ਕਿ ਇਸ ਦਰਿੰਦਗੀ ਦਾ ਸ਼ਿਕਾਰ ਹੋਣ ਵਾਲੇ 8 ਸਿੱਖ ਪ੍ਰੀਵਾਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਦੇ ਜਿਲਾ ਮੀਆਂਵਾਲੀ ਦੇ ਪਿੰਡ ਕਾਰਲੂਵਾਲ ਤੋਂ ਉੱਜੜ ਕੇ ਆਏ ਸਨ ਤੇ ਮੁਸਲਮਾਨਾਂ ਵਲੋਂ ਖਾਲੀ ਕੀਤੇ ਘਰਾਂ ਵਿਚ ਆ ਕੇ ਵਸੇਬਾ ਕੀਤਾ ਸੀ, ਕਿਉਂਕਿ ਉਨ੍ਹਾ ਨੂੰ ਜ਼ਮੀਨ ਇਥੇ ਹੀ ਅਲਾਟ ਹੋਈ ਸੀ। ਉਸ ਸਮੇਂ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਮਸਜਿਦ ਵਿਚ ਹੀ ਕੀਤਾ ਜਾਂਦਾ ਸੀ। ਇਸ ਘਟਨਾ ਸਮੇਂ ਮੁੱਛ ਫੁੱਟ 17 ਸਾਲਾ ਦੇ ਗੱਭਰੂ ਮਨਮੋਹਨ ਸਿੰਘ ਦੇ ਸਾਰੇ ਪ੍ਰੀਵਾਰ ਨੂੰ ਖੌਫ ਦੇ ਸਾਏ ਹੇਠਾਂ ਕੇਸਾਂ ਨੂੰ ਤਿਲਾਂਜਲੀ ਦੇਣੀ ਪਈ ਸੀ, ਨੇ ਘਟਨਾ ਦਾ ਵਿਸਥਾਰ ਪੁੱਛੇ ਜਾਣ ’ਤੇ ਦੱਸਿਆ ਕਿ 2 ਨਵੰਬਰ 1984 ਦੇ ਅਭਾਗੇ ਦਿਨ ਕੁਝ ਅਣਪਛਾਤੇ ਵਿਅਕਤੀ ਵੱਢ-ਟੁੱਕ ਤੇ ਸਾੜ-ਫੂਕ ਲਈ ਤਿਆਰ ਹੋ ਕੇ ਆਏ ਸਨ, ਪਰ ਸਰਪੰਚ ਧੰਪਤ ਨੇ ਉਨ੍ਹਾ ਨੂੰ ਵਾਪਸ ਜਾਣ ਲਈ ਮਨਾ ਲਿਆ ਸੀ। ਪਰ ਕੁਝ ਘੰਟਿਆਂ ਬਾਦ 3 ਟਰੱਕਾਂ ਵਿਚ 40-50 ਬੰਦੇ ਡਾਂਗਾਂ, ਸੋਟਿਆਂ, ਕ੍ਰਿਪਾਨਾਂ, ਛੱਵੀਆਂ ਤੇ ਹੋਰ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ, ਅਸੀਂ ਸਹਿਮੇ ਹੋਏ ਘਰਾਂ ਵਿਚ ਵੜ ਗਏ। ਉਨ੍ਹਾ ਮਿੱਟੀ ਦਾ ਤੇਲ ਤੇ ਕੈਮੀਕਲਾਂ ਨਾਲ ਅੱਗਾਂ ਲਾ ਦਿੱਤੀਆਂ। ਅੰਦਰ ਅੱਗ ਦੇ ਧੂੰਏ ਨਾਲ ਮੌਤ ਯਕੀਨੀ ਸੀ ਤੇ ਬਾਹਰ ਨਿਕਲਣ ਵਾਲੇ ਨੂੰ ਉਹ ਕੋਹ-ਕੋਹ ਕੇ ਮਾਰ ਰਹੇ ਸਨ। ਕੁਝ ਲੋਕਾਂ ਨੇ ਜਿਵੇਂ-ਤਿਵੇਂ ਲੁਕ ਕੇ ਜਾਨ ਬਚਾਈ। ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਤੇ ਉਸਦੇ 3 ਭਰਾ ਇਸ ਘਟਨਾ ਵਿਚ ਫੱਟੜ ਹੋਏ ਅਤੇ 32 ਵਿਅਕਤੀ ਮਾਰੇ ਗਏ।
ਕਮੇਟੀ ਦੀ ਰਿਪੋਰਟ ਅਨੁਸਾਰ ਉਨ੍ਹਾ ਦੱਸਿਆ ਕਿ ਮੌਕੇ ’ਤੇ ਮੌਜੂਦ ਪਿੰਡ ਚਿੱਲੜ ਦੇ ਵਸਨੀਕ ਹੁਸ਼ਿਆਰ ਸਿੰਘ ਨੇ ਦੱਸਿਆ ਕਿ 27 ਲਾਸ਼ਾਂ ਦਾ ਅੰਤਿਮ ਸੰਸਕਾਰ ਉਸਨੇ ਰਾਮ ਕਿਸ਼ੋਰ ਐਸ.ਐਚ.ਓ ਦੀ ਹਾਜ਼ਰੀ ਵਿਚ ਕੀਤਾ। ਅੱਧਸੜੀਆਂ ਲਾਸ਼ਾਂ ਦੇ ਸੰਸਕਾਰ ਮਿਉਂਸ਼ੀਪਲ ਕਮੇਟੀ ਦੇ ਕਰਮਚਾਰੀਆਂ ਵਲੋਂ ਕੀਤੇ ਗਏ। ਸਰੂਪ ਸਿੰਘ ਦੇ ਲੜਕੇ ਤੇ ਮਨਮੋਹਨ ਸਿੰਘ ਦੇ ਭਰਾ ਜੋਗਿੰਦਰ ਸਿੰਘ ਮੱਕੜ ਜੋ ਕਿ ਇਸ ਸਮੇਂ ਐਡਵੋਕੇਟ ਹੈ ਤੇ ਰਿਵਾੜੀ ਵਿਖੇ ਪ੍ਰੈਕਟਿਸ ਕਰ ਰਹੇ ਹਨ ਨੂੰ ਮਿਲਣ ਲਈ ਇਹ ਟੀਮ ਰਿਵਾੜੀ ਪੁੱਜੀ ਤਾਂ ਉਨ੍ਹਾ ਇਹ ਦਰਦਭਰੀ ਕਹਾਣੀ ਸੁਣਾ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦਿਨ ਇਕ ਸਿੱਖ ਫੌਜੀ ਜੋ ਛੁੱਟੀ ਆ ਰਿਹਾ ਸੀ, ਨੂੰ ਜਦ ਪਤਾ ਲੱਗਾ ਕਿ ਇਹ ਪਿੰਡ ਸਿੱਖ ਵਸੋਂ ਵਾਲਾ ਹੈ ਤਾਂ ਪਨਾਹ ਲਈ ਕਈ ਮੀਲ ਖੇਤਾਂ ਵਿਚ ਚੱਲ ਕੇ ਸਾਡੇ ਪਾਸ ਪੁੱਜਾ, ਉਸਨੂੰ ਦਿੱਤੀ ਰੋਟੀ ਦੀ ਅਜੇ ਬੁਰਕੀ ਨਹੀਂ ਸੀ ਭੰਨੀ ਕਿ ਦੰਗਾਕਾਰੀਆਂ ਨੇ ਉਸਦੇ ਮਗਰ ਭੱਜ ਕੇ ਉਸਨੂੰ ਜਾਨੋਂ ਮਾਰ ਦਿੱਤਾ। ਐਡਵੋਕੇਟ ਮੱਕੜ ਨੇ ਇਸ ਪਾਰਟੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਨੇ ਮੌਤਾਂ ਦੀ ਐਫ.ਆਈ.ਆਰ ਬਲਾਈਂਡ ਦਰਜ ਕੀਤੀ ਸੀ ਤੇ ਬਾਅਦ ਵਿਚ ‘ਅਣਪਛਾਤੀ ਭੀੜ’ ਕਹਿ ਕੇ ਕੇਸ ਬੰਦ ਕਰ ਦਿੱਤਾ ਗਿਆ ਸੀ। 32 ਚੋਂ 23 ਮ੍ਰਿਤਕਾਂ ਦੇ ਨਾਮ ਮੌਕੇ ਪੁਰ ਹੀ ਨੋਟ ਕਰਵਾੳਂਦਿਆਂ ਐਡਵੋਕੇਟ ਮੱਕੜ ਨੇ ਬਾਕੀ ਨਾਮ ਵੀ ਸ਼੍ਰੋਮਣੀ ਕਮੇਟੀ ਨੂੰ ਭੇਜਣ ਦਾ ਇਕਰਾਰ ਕੀਤਾ ਹੈ। ਉਸਨੇ ਦੱਸਿਆ ਕਿ ਇਨ੍ਹਾ ਵਿਚ ਇਕ ਗੁਲਾਬ ਸਿੰਘ ਦਾ ਪ੍ਰੀਵਾਰ ਜਿਸਦੇ ਕਿ ਦੋ ਬੱਚੇ ਸਰਦਾਰ ਸਿੰਘ ਤੇ ਕਰਤਾਰ ਸਿੰਘ ਸਨ। ਕਰਤਾਰ ਸਿੰਘ ਦਾ ਲੜਕਾ ਬਲਵੰਤ ਸਿੰਘ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਵਿਖੇ ਕੰਮ ਕਰਦਾ ਹੈ। ਗੁਰਦਿਆਲ ਸਿੰਘ ਦੇ 4 ਲੜਕੇ ਅਰਜਨ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਤੇ ਗਿਆਨ ਸਿੰਘ ਉਰਫ ਅਬਲੂ ਇਸ ਘਟਨਾ ਵਿਚ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ।
ਵਰਨਣਯੋਗ ਹੈ ਕਿ ਸਿੱਖ ਨਸਲਕੁਸ਼ੀ ਦੀ ਇਸ ਘਟਨਾ ਨੂੰ ਵਾਪਰੇ 26 ਸਾਲ ਦੇ ਇਸ ਸਮੇਂ ਵਿਚ 32 ਮ੍ਰਿਤਕਾਂ ਦੇ ਦਰਜਨਾਂ ਵਾਰਿਸ ਜਿੰਦਾ ਹੋਣ ਦੇ ਬਾਵਜੂਦ ਅੱਜ ਤੱਕ ਇਹ ਘਟਨਾ ਰਹੱਸ ਹੀ ਬਣੀ ਹੋਈ ਸੀ, ਪਰ ਹੁਣ ਇਸਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਘਟਨਾ ਲਈ ਤੇ ਘਟਨਾ ਨੂੰ ਦਬਾਉਣ ਲਈ ਜਿੰਮੇਵਾਰ ਵਿਅਕਤੀਆਂ/ਅਫਸਰਾਂ ਦੇ ਖਿਲਾਫ ਕਾਨੰਨੀ ਕਾਰਵਾਈ ਦਾ ਫੈਸਲਾ ਕਰ ਲਿਆ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਪਹਿਲਕਦਮੀ ਕਰਦੇ ਹੋਏ ਬਠਿੰਡਾ, ਲੁਧਿਆਣਾ, ਰਿਵਾੜੀ ਤੇ ਹੋਰ ਥਾਵਾਂ ’ਤੇ ਵੱਸਦੇ ਮ੍ਰਿਤਕਾਂ ਦੇ ਵਾਰਸਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਸੰਪਰਕ ਬਣਾ ਲਿਆ ਹੈ, ਇਹ ਪ੍ਰੀਵਾਰ ਜਲਦ ਹੀ ਇਸ ਸਬੰਧੀ ਪ੍ਰਧਾਨ ਸਾਹਿਬ ਨੂੰ ਮਿਲ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਇਕ ਹੋਰ ਟੀਮ ਘਟਨਾ ਦੇ ਸਥਾਨ ’ਤੇ ਭੇਜਣ ਦਾ ਫੈਸਲਾ ਕੀਤਾ ਹੈ ਜੋ ਕਿ ਰੈਵੀਨਊ ਰਿਕਾਰਡ, ਮਿਊਂਸੀਪਲ ਰਿਕਾਰਡ, ਐਫ.ਆਈ.ਆਰ ਤੇ ਪੁਲੀਸ/ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਦੀ ਜਾਣਕਾਰੀ ਪ੍ਰਾਪਤ ਕਰਕੇ ਪ੍ਰਧਾਨ ਸਾਹਿਬ ਨੂੰ ਸੌਂਪੇਗੀ ਤੇ ਅਗਲੇਰੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਜਾਵੇਗਾ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅਪੀਲ ਕੀਤੀ ਕਿ ਇਸ ਘਟਨਾ ਸਬੰਧੀ ਜੋ ਵੀ ਕੋਈ ਜਾਣਕਾਰੀ ਹੋਵੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਂਝੀ ਕਰਨ ਦੀ ਕ੍ਰਿਪਾਲਤਾ ਕਰੇ ਤਾਂ ਜੋ ਸੈਕੂਲਰ ਤੇ ਜਮਹੂਰੀ ਅਖਵਾਉਣ ਵਾਲੀਆਂ ਸਿੱਖ ਵਿਰੋਧੀ ਸ਼ਕਤੀਆਂ ਨੂੰ ਜਨਤਾ ਦੀ ਕਚਹਿਰੀ ਵਿਚ ਨੰਗਾ ਕੀਤਾ ਜਾ ਸਕੇ।