ਲੁਧਿਆਣਾ:-ਅੰਤਰ ਰਾਸ਼ਟਰੀ ਝੋਨਾ ਖੋਜ ਕੇਂਦਰ (ਇਰੀ), ਅੰਤਰ ਰਾਸ਼ਟਰੀ ਮੱਕੀ ਸੁਧਾਰ ਕੇਂਦਰ (ਸਿਮਟ) ਅਤੇ ਬਿਲਗੇਟਸ ਫਾਉਂਡੇਸ਼ਨ ਵੱਲੋਂ ਦੱਖਣੀ ਏਸ਼ੀਆਈ ਖੇਤਰ ਵਿੱਚ ਆਰੰਭ ਕੀਤੇ ਗਏ ਇਕ ਮਹੱਤਵਪੂਰਨ ਪ੍ਰੋਗਰਾਮ (ਸੀਸਾ) ਅਧੀਨ ਚੌਥੀ ਸਾਲਾਨਾ ਮਿਲਣੀ ਅੱਜ ਲੁਧਿਆਣਾ ਵਿਖੇ ਆਰੰਭ ਹੋਈ । ਤਿੰਨ ਦਿਨਾਂ ਇਸ ਮਿਲਣੀ ਦੌਰਾਨ ਦੱਖਣੀ ਏਸ਼ੀਆਈ ਖੇਤਰ ਵਿੱਚ ਸਥਾਪਿਤ ਕੀਤੇ ਗਏ ਕੇਂਦਰਾਂ ਦੇ ਮੈਨੇਜਰਾਂ ਅਤੇ ਉਨ੍ਹਾਂ ਦੀ ਟੀਮ ਨੇ ਭਾਗ ਲਿਆ। ਇਸ ਪ੍ਰੋਜੈਕਟ ਅਧੀਨ ਭਾਰਤ, ਬੰਗਲਾ ਦੇਸ਼ , ਨੇਪਾਲ,ਪਾਕਿਸਤਾਨ, ਫਿਲੀਪਾਈਨਜ਼ ਆਦਿ ਮੁਲਕਾਂ ਵਿੱਚ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਕੇਂਦਰ ਸਥਾਪਿਤ ਕੀਤੇ ਗਏ ਹਨ। ਅੱਜ ਦੀ ਇਹ ਮਿਲਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਥਾਪਿਤ ਕੇਂਦਰ ਵੱਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਨਿਰਦੇਸ਼ਕ ਖੇਤੀਬਾੜੀ, ਪੰਜਾਬ ਇੰਜ: ਬਲਵਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਹਿਕਾਰਤਾ ਮਹਿਕਮੇ ਦੇ ਸੰਯੁਕਤ ਨਿਰਦੇਸ਼ਕ ਸ: ਕਮਲਜੀਤ ਸਿੰਘ ਸਾਂਘਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਸਿਮਟ ਦੇ ਖੇਤੀਬਾੜੀ ਸੰਭਾਲ ਪ੍ਰੋਗਰਾਮ ਦੇ ਨਿਰਦੇਸ਼ਕ ਡਾ: ਪੈਟਰਿਕ ਵਾਲ ਨੇ ਅੱਜ ਆਯੋਜਿਤ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ।
ਇੰਜ: ਸਿੱਧੂ ਨੇ ਵੱਖ-ਵੱਖ ਮੁਲਕਾਂ ਤੋਂ ਆਏ ਸਾਇੰਸਦਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੋਟੀ ਕਿਸਾਨੀ ਲਈ ਢੁੱਕਵੀਂ ਤਕਨਾਲੋਜੀ ਵਿਕਸਤ ਕਰਨਾ ਸਮੇਂ ਦੀ ਲੋੜ ਹੈ ਜਿਸ ਨਾਲ ਚਿਰਸਥਾਈ ਖੇਤੀ ਸੰਭਵ ਹੋ ਸਕਦੀ ਹੈ। ਸ: ਸਾਂਘਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਹਿਕਾਰਤਾ ਮਹਿਕਮੇ ਨਾਲ ਤਾਲਮੇਲ ਰਾਹੀ ਤਕਨਾਲੋਜੀ ਨੂੰ ਕਿਸਾਨਾਂ ਤਕ ਠੋਸ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਹੈ। ਡਾ: ਪੈਟਰਿਕ ਵਾਲ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸੰਕੋਚਵੀਂ ਖੇਤੀ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਪੀ ਏ ਯੂ ਸ਼ਲਾਘਾਯੋਗ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸੰਕੋਚਵੀਂ ਖੇਤੀ ਦੇ ਵਿਸ਼ੇ ਤੇ ਬੀ ਐਸ ਸੀ ਦੇ ਵਿਦਿਆਰਥੀਆਂ ਲਈ ਇਕ ਕੋਰਸ ਵਿਕਸਤ ਕਰਨਾ ਚਾਹੀਦਾ ਹੈ। ਸੀਸਾ ਦੇ ਅਧਿਕਾਰੀ ਡਾ: ਐਮ ਐਸ ਰਾਓ ਅਤੇ ਡਾ: ਰਾਜ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਮਹੱਤਵਪੂਰਨ ਖੋਜ ਹੋਈ ਹੈ । ਉਨ੍ਹਾਂ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਸਹੀ ਵਰਤੋਂ ਨੂੰ ਸਮੇਂ ਦੀ ਲੋੜ ਦੱਸਿਆ। ਅੰਤ ਵਿੱਚ ਯੂਨੀਵਰਸਿਟੀ ਵਿੱਚ ਚੱਲ ਰਹੇ ਕੇਂਦਰ ਦੇ ਮੈਨੇਜਰ ਡਾ: ਹਰਮਿੰਦਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਗੋਸ਼ਟੀ ਵਿਚੋਂ ਮਹੱਤਵਪੂਰਨ ਵਿਚਾਰ ਉਭਰ ਕੇ ਸਾਹਮਣੇ ਆਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਪਸਾਰ ਢਾਂਚੇ ਰਾਹੀਂ ਸੰਕੋਚਵੀਂ ਖੇਤੀ ਦਾ ਸੰਦੇਸ਼ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਣ ਨਾਲ ਪੰਜਾਬ ਦੀ ਕਿਰਸਾਨੀ ਦੀ ਭਲਾਈ ਹੋਵੇਗੀ।
ਅੰਤਰ ਰਾਸ਼ਟਰੀ ਖੋਜ ਅਦਾਰਿਆਂ ਵੱਲੋਂ ਦੱਖਣੀ ਏਸ਼ੀਆਈ ਖੇਤਰ ਵਿੱਚ ਵਧ ਝਾੜ ਪ੍ਰਾਪਤ ਕਰਨ ਲਈ ਵਿਚਾਰ ਗੋਸ਼ਟੀ
This entry was posted in ਖੇਤੀਬਾੜੀ.