ਤਿਰਪੋਲੀ- ਲੀਬੀਆ ਵਿੱਚ ਵਿਦਰੋਹ ਨੇ ਕਰਨਲ ਗਦਾਫ਼ੀ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬਗਾਵਤ ਦੀ ਅੱਗ ਪੂਰੇ ਲੀਬੀਆ ਵਿੱਚ ਫੈਲ ਰਹੀ ਹੈ। ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਤੋੜਫੋੜ ਕਰ ਰਹੇ ਹਨ ਅਤੇ ਕਈ ਥਾਂਵਾਂ ਤੇ ਅੱਗਾਂ ਵੀ ਲਗਾਈਆਂ ਜਾ ਰਹੀਆਂ ਹਨ।
ਲੀਬੀਆ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਸ਼ੂਰੂ ਹੋਏ ਵਿਦਰੋਹ ਦੀਆਂ ਲਪਟਾਂ ਲੀਬੀਆ ਦੀ ਰਾਜਧਾਨੀ ਤਿਰਪੋਲੀ ਵੀ ਪਹੁੰਚ ਗਈਆਂ ਹਨ। ਰਾਜਧਾਨੀ ਵਿੱਚ ਵੀ ਵਿਖਾਵਾਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਖੂਨੀ ਝੜਪਾਂ ਹੋਈਆਂ। ਅਲਜਜੀਰਾ ਅਨੁਸਾਰ ਇਸ ਸੰਘਰਸ਼ ਵਿੱਚ 61 ਲੋਕ ਮਾਰੇ ਗਏ ਹਨ। ਜਦਕਿ ਮਰਨ ਵਾਲਿਆਂ ਦੀ ਸੰਖਿਆ 200 ਤੱਕ ਪਹੁੰਚ ਗਈ ਹੈ। ਰਾਜਧਾਨੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਰੋਹੀ ਸੁਰੱਖਿਆ ਫੋਰਸਾਂ ਨਾਲ ਭਿੜ ਗਏ ਅਤੇ ਗਦਾਫ਼ੀ ਦੇ ਪੋਸਟਰ ਪਾੜ ਦਿੱਤੇ। ਪੁਲਿਸ ਨੇ ਗੋਲੀਬਾਰੀ ਵੀ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਪ੍ਰਦਰਸ਼ਨਕਾਰੀਆਂ ਨੇ ਕਈ ਪੁਲਿਸ ਸਟੇਸ਼ਨ ਵੀ ਨਸ਼ਟ ਕਰ ਦਿੱਤੇ। ਦੋ ਨਿਊਜ ਚੈਨਲਾਂ ਤੇ ਕਬਜ਼ਾ ਕਰਨ ਦੀਆਂ ਵੀ ਖ਼ਬਰਾਂ ਹਨ। ਲੋਕ ਤਿਰਪੋਲੀ ਦੀਆਂ ਸੜਕਾਂ ਤੇ ਉਤਰ ਆਏ ਹਨ ਅਤੇ ਵਿਦਰੋਹ ਨੇ ਕਾਫੀ ਭਿਆਨਕ ਰੂਪ ਲੈ ਲਿਆ ਹੈ। ਗਦਾਫ਼ੀ ਦੇ ਸਮਰਥੱਕ ਮੰਨੇ ਜਾਣ ਵਾਲੇ ਕਬਾਇਲੀ ਨੇਤਾ ਵੀ ਉਨ੍ਹਾਂ ਦੇ ਖਿਲਾਫ਼ ਹੋ ਗਏ ਹਨ। ਸੁਰੱਖਿਆ ਬਲਾਂ ਦੁਆਰਾ ਵੀ ਸਰਕਾਰੀ ਬੈਂਕਾਂ ਅਤੇ ਦਫ਼ਤਰਾਂ ਨੂੰ ਲੁੱਟਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਬੇਨਗਾਜ਼ੀ ਦੂਸਰੇ ਵੱਡੇ ਸ਼ਹਿਰ ਤੇ ਵਿਦਰੋਹੀਆਂ ਨੇ ਕਬਜ਼ਾ ਕਰ ਲਿਆ ਹੈ। ਇੱਥੇ ਪੂਰੀ ਤਰ੍ਹਾਂ ਵਿਦਰੋਹੀਆਂ ਦਾ ਕੰਟਰੋਲ ਹੈ। ਸ਼ਹਿਰ ਦੇ ਮੁੱਖ ਸਕਿਊਰਟੀ ਹੈਡਕਵਾਟਰ ਨੂੰ ਲੋਕਾਂ ਨੇ ਲੁੱਟ ਲਿਆ ਹੈ ਅਤੇ ਕਾਪ਼ੀ ਮਾਤਰਾ ਵਿੱਚ ਹੱਥਿਆਰ ਵੀ ਆਪਣੇ ਕਬਜ਼ੇ ਵਿੱਚ ਕਰ ਲਏ ਹਨ। ਸ਼ਹਿਰ ਦੀ ਮੁੱਖ ਅਦਾਲਤ ਤੋਂ ਲੀਬੀਆ ਦਾ ਝੰਡਾ ਉਤਾਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਤੇ 1969 ਤੋਂ ਪਹਿਲਾਂ ਦਾ ਝੰਡਾ ਫਹਿਰਾ ਦਿੱਤਾ ਹੈ। ਰਾਜਧਾਨੀ ਵਿੱਚ ਸੋਮਵਾਰ ਦੀ ਸਵੇਰ ਨੂੰ ਸਕੂਲ, ਦਫ਼ਤਰ ਅਤੇ ਦੁਕਾਨਾਂ ਬੰਦ ਰਹੀਆਂ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਲੀਬੀਆਂ ਦੇ ਰਾਜਦੂਤਾਂ ਨੇ ਅਸਤੀਫ਼ੈ ਦੇ ਦਿੱਤੇ ਹਨ। ਅਮਰੀਕਾ ਅਤੇ ਉਸ ਦੇ ਸਹਿਯੋਗੀ ਪੱਛਮੀ ਦੇਸ਼ਾਂ ਨੇ ਲੀਬੀਆ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ।