‘ਹਾਏ ਉਹ ਫੁੱਲ ਵੀ ਮਸਲ ਦਿੱਤਾ ਗਿਆ ਗੁਲਸ਼ਨ ਵਿੱਚ,
ਉਮਰ ਭਰ ਜੋ ਸਾਰੇ ਗੁਲਸ਼ਨ ਨੂੰ ਹੀ ਮਹਿਕਾਉਂਦਾ ਰਿਹਾ‘।
ਜਦੋਂ ਮੈਂ ਉਪਰ ਲਿਖੀਆਂ ਕਿਸੇ ਲੇਖਕ ਦੀਆਂ ਲਾਈਨਾਂ ਪੜ੍ਹ ਰਿਹਾ ਸੀ ਤਾਂ ਮੇਰੀਆਂ ਅੱਖਾਂ ਸਾਹਮਣੇ ਡਾ. ਕੇਸ਼ੋ ਰਾਮ ਸ਼ਰਮਾ ਜੀ ਦਾ ਉਹੀ ਹੰਸੂ –ਹੰਸੂ ਕਰਦਾ ਗੋਲ ਮਟੋਲ ਚਿਹਰਾ ਘੁੰਮ ਰਿਹਾ ਸੀ। ਵਾਕਿਆ ਹੀ ਉਹ ਇਕ ਅਜਿਹਾ ਫੁੱਲ ਸੀ, ਜਿਸਨੇ ਸਾਰੀ ਉਮਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਗੁਲਸ਼ਨ ਨੂੰ ਮਹਿਕਾਇਆ। ਹਸਮੁੱਖ ਚਿਹਰੇ, ਯਾਰਾਂ ਦੇ ਯਾਰ ਜ਼ਿੰਦਾ ਦਿਲ ਇਨਸਾਨ ਸਨ ਡਾ. ਕੇਸ਼ੋ ਰਾਮ ਸ਼ਰਮਾ।
ਵੈਸੇ ਤਾਂ ਇਨਸਾਨ ਦੁਨੀਆਂ ਉਪਰ ਆਉੰਦਾ ਹੈ ਅਤੇ ਆਪਣਾ ਜੀਵਨ ਚੱਕਰ ਸਮਾਪਤ ਕਰਕੇ ਚਲਿਆ ਜਾਂਦਾ ਹੈ, ਪਰ ਕੁਝ ਲੋਕ ਅਜਿਹੇ ਵੀ ਹੁਂੰਦੇ ਹਨ ਜੋ ਆਪਣੇ ਕੀਤੇ ਕੰਮਾ ਨਾਲ ਅਜਿਹੀਆਂ ਪੈੜਾਂ ਪਾ ਜਾਂਦੇ ਹਨ ਜਿਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦਾ ਹੈ। ਅਜਿਹਾ ਹੀ ਹੀਰਾ ਸੀ ਡਾ. ਕੇਸ਼ੋ ਰਾਮ ਸ਼ਰਮਾ ਜਿਸਨੇ ਕਲਾ ਦੇ ਖੇਤਰ ਵਿਚ ਅਜਿਹੀਆਂ ਮੱਲਾਂ ਮਾਰੀਆਂ ਜਿਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਡਾ. ਸ਼ਰਮਾ ਨੇ ਖੇਤੀਬਾੜੀ ਵਿਗਿਆਨ ਵਿਚ ਬੀ.ਐਸ.ਸੀ, ਐਮ.ਐਸ.ਸੀ ਅਤੇ ਡਾਕਟਰੇਟ ਦੀਆਂ ਡਿਗਰੀਆਂ ਪ੍ਰਾਪਤ ਕਰਨ ਉਪਰੰਤ ਭੂਮੀ ਵਿਗਿਆਨੀ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ ਸੇਵਾਵਾਂ ਦਿੱਤੀਆਂ।
ਆਪਣੇ ਵਿਦਿਆਰਥੀ ਜੀਵਨ ਵਿਚ ਹੀ ਉਹ ਰੰਗ ਮੰਚ ਦੇ ਖੇਤਰ ਨਾਲ ਜੁੜ ਗਏ। ਵਿਗਿਆਨ ਦੇ ਵਿਦਿਆਰਥੀ ਹੁੰਦੇ ਹੋਏ ਵੀ ਉਹਨਾਂ ਨੇ ਸਮਾਂ ਕਢਕੇ ਡਰਾਮੇ ਅਤੇ ਸਕਿਟਾਂ ਸਮੇਤ ਰੰਗ ਮੰਚ ਦੀਆਂ ਵੱਖ-ਵੱਖ ਵੰਨਗੀਆਂ ਵਿਚ ਅਨੇਕਾਂ ਇਨਾਮ ਯੂਨੀਵਰਸਿਟੀ ਦੀ ਝੋਲੀ ਪੁਆਏ। ਪ੍ਰੋਫੈਸਰ ਲੱਗਣ ਤੋਂ ਬਾਅਦ ਉਹਨਾਂ ਦਾ ਸਫਰ ਸ਼ੁਰੂ ਹੋਇਆ, ਵਿਦਿਆਰਥੀਆਂ ਵਿਚੋਂ ਵਧੀਆ ਕਲਾਕਾਰ ਪਛਾਨਣਾ, ਉਹਨਾਂ ਨੂੰ ਸਿਖਲਾਈ ਦੇਣੀ ਅਤੇ ਤਰਾਸ਼ ਕੇ ਕਲਾ ਖੇਤਰ ਦੇ ਹੀਰੇ ਬਨਾਉਣਾ। ਇਸ ਮੰਤਵ ਲਈ ਉਹਨਾਂ ਨੇ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਿਜ ਵਿੱਚ ਡਾਂਸ, ਡਰਾਮਾ ਅਤੇ ਸੰਗੀਤ ਕਲੱਬ ਦੀ ਦੀ ਅਗਵਾਈ ਕੀਤੀ। ਜਿਸ ਵਿਚ ਅਲੱਗ-ਅਲੱਗ ਹੁਨਰ ਦੇ ਕਲਾਕਾਰਾਂ ਨੂੰ ਇਕੱਠੇ ਕਰਕੇ ਇਕ ਸਟੇਜ ਪ੍ਰਦਾਨ ਕੀਤੀ। ਇਸ ਵਿਚ ਭੰਗੜੇ, ਸੰਗੀਤ ਅਤੇ ਰੰਗ ਮੰਚ ਨਾਲ ਜੁੜੇ ਹੀ ਉਹਨਾਂ ਨੇ ਪੰਜਾਬੀ ਕਲਚਰ ਨੂੰ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਨਿਰਮਲ ਜੌੜਾ, ਸੁਖਵਿੰਦਰ ਸੁੱਖੀ, ਨਵਦੀਪ ਲੱਕੀ, ਅਨਿਲ ਸ਼ਰਮਾ, ਕਿਰਪਾਲ ਅਤੇ ਹੋਰ ਪਤਾ ਨਹੀ ਕਿੰਨੇ ਕੁ ਹੀਰੇ ਤਰਾਸ਼ ਕੇ ਦਿੱਤੇ। ਜੇ ਇਹ ਸਾਰੇ ਕਲਾਕਾਰ ਉਹਨਾਂ ਦੇ ਸੰਪਰਕ ਵਿਚ ਨਾਂ ਆਉਦੇ ਤਾਂ ਸ਼ਾਇਦ ਅੱਜ ਇਹ ਇਸ ਮੁਕਾਮ ਉਪਰ ਨਾ ਪਹੁੰਚਦੇ ਜਿਥੇ ਇਹ ਹਨ। ਉਹ ਹੀਰਿਆਂ ਨੂੰ ਪਛਾਨਣ ਦੇ ਅਜਿਹੇ ਜੌਹਰੀ ਸਨ ਜਿਸਦੀ ਭਰੋਪਾਈ ਕਦੇ ਵੀ ਨਹੀਂ ਹੋ ਸਕਦੀ।ਇਸ ਕਲੱਬ ਦੀ ਅਗਵਾਈ ਕਰਦਿਆਂ ਉਹਨਾਂ ਨੇ ਕਾਲਿਜ ਨੂੰ ਅਲੱਗ-ਅਲੱਗ ਮੁਕਾਬਲਿਆਂ ਵਿਚ ਅਨੇਕਾਂ ਹੀ ਇਨਾਮ ਦੁਆਏ। ਲਗ-ਪਗ ਤਿੰਨ ਦਹਾਕਿਆਂ ਤੱਕ ਉਹਨਾਂ ਦੀ ਰਹਿਨੁਮਾਈ ਹੇਠ ਖੇਤੀਕਾਲਿਜ ਨੇ ਪਿਛੇ ਮੁੜਕੇ ਨਹੀਂ ਵੇਖਿਆ ਭਾਵੇਂ ਉਹ ਭੰਗੜੇ ਦਾ ਖੇਤਰ ਸੀ ਜਾਂ ਸੰਗੀਤ ਤੇ ਜਾਂ ਫਿਰ ਰੰਗ-ਮੰਚ ਦਾ।
ਖਾਸ ਕਰਕੇ ਰੰਗ-ਮੰਚ ਦੇ ਖੇਤਰ ਵਿਚ ਤਾਂ ਉਹ ਬਹੁਤ ਹੀ ਮਾਹਰ ਸਨ। ਨਾਟਕਾਂ ਦੀ ਨਿਰਦੇਸ਼ਕਾਂ ਉਹ ਨਵੇਂ-ਨਵੇਂ ਤਜਰਬਿਆਂ ਨਾਲ ਦਿੰਦੇ ਸਨ। ਮੈਨੂੰ ਅੱਜ ਵੀ ਉਹਨਾਂ ਦੇ ਅਨੇਕਾਂ ਡਾਰਮਿਆਂ ਵਿਚੋਂ ਪਾਲੀ ਭੁਪਿੰਰ ਦਾ ਲਿਖਿਆ ਨਾਟਕ ‘ਉਹਾਡਾ ਕੀ ਖਿਆਲ ਹੈ‘ ਯਾਦ ਆਉਂਦਾ ਹੈ ਜਿਸ ਨੂੰ ਅਸੀਂ ਕਬੀਲੇ ਦੇ ਰੂਪ ਵਿਚ ਖੇਡਿਆ ਸੀ ਅਤੇ ਜਿਥੇ ਵੀ ਜਾਂਦੇ, ਸਾਡੀ ਪਹਿਲੀ ਪੁਸੀਸ਼ਨ ਹੀ ਆਉਂਦੀ ਸੀ। ਜੇ ਮੈਂ ਇੰਝ ਕਲੀਆਂ-ਕੱਲੀਆਂ ਪ੍ਰਾਪਤੀਆਂ ਉਹਨਾਂ ਦੀਆਂ ਦੱਸਣ ਲੱਗਾਂ ਤਾਂ ਸ਼ਾਇਦ ਕਿਤਾਬਾਂ ਦੀਆਂ ਕਿਤਾਬਾਂ ਹੀ ਬਣ ਜਾਣ।
ਯੂਨੀਵਰਿਸਟੀ ਵਿਚ ਭੂਮੀ ਵਿਗਿਆਨ ਦੇ ਅਧਿਆਪਕ ਵਜੋਂਕੰਮ ਕਰਦਿਆਂ ਉਹਨਾਂ ਨੇ ਕਲਾ ਦੇ ਖੇਤਰ ਵਿਚ ਤਾਂ ਮੱਲਾਂ ਮਾਰੀਆਂ ਹੀ ਸਨ ਪਰ ਆਪਣੇ ਮੁੱਖ ਕਿੱਤੇ ਨਾਲ ਉਹਨਾਂ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ। ਉਹਨਾਂ ਦੇ ਪੜਾਏ ਵਿਦਿਆਰਥੀ ਅੱਜ ਦੇਸ਼-ਵਿਦੇਸ਼ ਵਿਚ ਵੱਡੀਆਂ ਪੋਸਟਾਂ ਤੇ ਕੰਮ ਕਰ ਰਹੇ ਹਨ। ਇਕ ਵਧੀਆ ਅਧਿਆਪਕ, ਸਫਲ ਉਸਤਾਦ, ਯਾਰਾਂ ਦੇ ਯਾਰ, ਕਾਮਯਾਬ ਪਤੀ ਅਤੇ ਪਿਤਾ ਸਨ ਡਾ. ਕੇਸ਼ੋ ਰਾਮ ਸ਼ਰਮਾ। ਉਹ ਕਲਾਕਾਰਾਂ ਦੀ ਫੁਲਵਾੜੀ ਦੇ ਉਹ ਮਾਲੀ ਸਨ ਜੋ ਪਾਣੀ ਦੇ ਦੇ ਕੇ, ਗੋਡੀ ਕਰਕੇ ਪੌਦਿਆਂ ਨੂੰ ਵੱਡਾ ਕਰਦੇ ਸਨ ਅਤੇ ਉਹਨਾਂ ਦੇ ਵੱਡੇ ਕੀਤੇ ਪੌਦੇ ਅੱਜ ਦਰਖਤ ਬਣ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।
ਉਹਨਾਂ ਦੇ ਬੇਵਕਤ ਤੁਰ ਜਾਣ ਨਾਲ ਕਲਾ ਜਗਾ ਨੂੰ ਜਿਹੜਾ ਘਾਟਾ ਪਿਆ ਹੈ ਉਹ ਤਾਂ ਹੈ ਹੀ ਪਰ ਜੋ ਦੁੱਖ ਤਕਲੀਫ ਵਿਚੋਂ ਉਹਨਾਂ ਦਾ ਪਰਿਵਾਰ ਗੁਜ਼ਰ ਰਿਹਾ ਹੋਵੇਗਾ, ਉਸਦਾ ਅੰਦਾਜਾ ਲਗਾਉਣਾ ਬਹੁਤ ਮੁਸ਼ਕਲ ਹੈ। ਕਿਸੇ ਵੀ ਇਨਸਾਨ ਦੇ ਸਫਲ ਹੋਣ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤਿੰਨ ਪੱਖ ਹਮੇਸ਼ਾਂ ਸਾਹਮਣੇ ਆਉਂਦੇ ਹਨ। ਪਹਿਲਾਂ ਉਸਦੇ ਕਿੱਤੇ ਪ੍ਰਤੀ ਕੀਤੇ ਕੰਮ, ਦੂਸਰਾ ਪਰਿਵਾਰ ਦੀ ਕਾਮਯਾਬੀ ਅਤੇ ਤੀਸਰਾ ਸਮਾਜ ਪ੍ਰਤੀ ਕੀਤੇ ਕੰਮ। ਉਹਨਾਂ ਤਿੰਨਾਂ ਪੱਖਾਂ ਤੋਂ ਹੀ ਉਹ ਇਕ ਸਫਲ ਵਿਅਕਤੀ ਸਨ। ਆਪਣੇ ਕਿੱਤੇ ਵਿਚ ਉਹ ਸਫਲ ਅਧਿਆਪਕ, ਪਰਿਵਾਰ ਵਿਚ ਦੋ ਬੇਟੇ ਅਨੀਰ ਅਤੇ ਸਮੀਰ ਨੂੰ ਵਧੀਆ ਪੜਾਈ ਕਰਾਕੇ ਕਾਮਯਾਬ ਇਨਸਾਨ ਬਣਾਇਆ ਅਤੇ ਤੀਸਰਾ ਵਿਦਿਆਰਥੀਆਂ ਨੂੰ ਵਿਹਲੇ ਸਮੇਂ ਵਿਚ ਕਲਾ ਵੱਲ ਪ੍ਰੇਤ ਕਰਕੇ ਉਹਨਾਂ ਦਾ ਧਿਆਨ ਉਸਾਰੂ ਰੁਚੀਆਂ ਵੱਲ ਲਗਾਕੇ ਮਜ਼ਬੂਤੀ ਪ੍ਰਦਾਨ ਕਰਨਾ ਹੈ।
ਅੱਜ ਇਸ ਸਮੇਂ ਉਹਨਾਂ ਦੇ ਬੇਵਕਤ ਤੁਰ ਜਾਣ ਤੇ ਅਸੀਂ ਦੇਸ਼ ਵਿਦੇਸ਼ ਵਿਚ ਸਾਰੇ ਹੀ ਬਹੁਤ ਇਕੱਲਿਆਂ ਮਹਿਸੂਸ ਕਰ ਰਹੇ ਹਾਂ। ਜਦੋੰ ਮੈਂ ਉਹਨਾਂ ਦੀ ਮੌਤ ਦੀ ਖਬਰ ਸੁਣੀ ਤਾਂ ਸੁੰਨ ਜਿਹਾਂ ਹੋ ਗਿਆ, ਸਮਾਂ ਜਾਣੀ ਉਥੇ ਹੀ ਰੁੱਕ ਗਿਆ ਤੇ ਯਾਦਾਂ ਦੀਆਂ ਤਾਰਾਂ ਵਾਪਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜ ਗਈਆਂ। ਅਜੇ ਕੱਲ ਦੀ ਤਾਂ ਗੱਲ ਹੈ ਜਦੋਂ ਮੈਂ ਪਿਛਲੇ ਸਾਲ ਉਹਨਾਂ ਨੂੰ ਮਿਲਕੇ ਆਇਆ ਸੀ, ਇਹ ਅਚਾਨਕ ਕੀ ਹੋ ਗਿਆ। ਕਿਸੇ ਅੱਗੇ ਨਾ ਹਾਰਨ ਵਾਲਾ ਜਿੰਦਾਦਿਲ ਇਨਸਾਨ ਅੱਜ ਮੌਤ ਅੱਗੇ ਹਾਰ ਗਿਆ। ਵਾਕਿਆ ਹੀ ਮਾਣ ਹੈ ਸਾਨੂੰ ਉਸ ਸਖਸ਼ੀਅਤ ਉਪਰ, ਉਸ ਕਲਾ ਜਗਤ ਦੇ ਸੂਰਜ ਉਪਰ ਜੋ ਮਰਦੇ ਦਮ ਤੱਕ ਵੀ ਕਲਾਕਾਰਾਂ ਲਈ ਚਾਨਣ ਵੰਡਦਾ ਰਿਹਾ ਅਤੇ ਅਸੀਂ ਕਿਤੇ ਵੀ ਅੱਜ ਬੈਠੇ ਹੋਈਏ, ਅਖੀਰ ਵਿਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹਾਂ ਕੁਲਵੰਤ ਔਜਲਾ ਦੀਆਂ ਇਹ ਸਤਰਾਂ ਕਹਿਕੇ
‘ਮੌਤ ਦੇ ਮਗਰੋਂ ਬੰਦੇ ਬਾਰੇ ਗੱਲਾਂ ਹੋਣਗੀਆਂ,
ਸੌਣ- ਭਾਦੋਂ ਦੇ ਬੱਦਲਾਂ ਵਾਂਗੂ ਭਰ-ਭਰ ਅੱਖਾਂ ਰੋਣਗੀਆਂ‘