ਫਤਿਹਗੜ੍ਹ ਸਾਹਿਬ,:- “ਜਿਲ੍ਹਾ ਪੁਲਿਸ ਅਤੇ ਜਿਲ੍ਹਾ ਨਿਜ਼ਾਮ ਵੱਲੋ ਗੈਰ ਕਾਨੂੰਨੀ ਤਰੀਕੇ ਆਪ ਹੁੱਦਰੀਆਂ ਕਾਰਵਾਈਆਂ ਕਰਨ ਦੀ ਉਦੋ ਸੀਮਾ ਖਤਮ ਹੋ ਜਾਂਦੀ ਹੈ, ਜਦੋ ਪੁਲਿਸ ਅਤੇ ਪ੍ਰਸ਼ਾਸਨ ਕੋਲ ਖੜ ਕੇ ਫਿਰਕੂ ਸੰਗਠਨਾਂ ਦੇ ਕਾਰਕੁੰਨ ਸ਼੍ਰੀ ਮਨੀਸ਼ ਸੂਦ ਵੱਲੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਲੱਗੇ ਹੋਰਡਿੰਗਾਂ ਸਬੰਧੀ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋ ਕਰਨ ਦੀ ਖੁੱਲ੍ਹ ਦੇ ਕੇ ਸ਼ਹਿ ਦੇ ਰਿਹਾ ਹੋਵੇ ਅਤੇ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੀ ਬਜਾਏ ਹੁਕਮਰਾਨ ਜਮਾਤ ਅਤੇ ਉਨ੍ਹਾ ਦੇ ਭਾਈਵਾਲ ਫਿਰਕੂ ਸੰਗਠਨਾਂ ਦੀ ਧਿਰ ਬਣ ਕੇ ਪੇਸ਼ ਆ ਰਿਹਾ ਹੋਵੇ।”
ਇਹ ਵਿਚਾਰ ਅੱਜ ਇੱਥੇ ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ, ਗੁਰਦਿਆਲ ਸਿੰਘ ਘੱਲੂਮਾਜਰਾ ਪ੍ਰਧਾਨ, ਸਵਰਨ ਸਿੰਘ ਫਾਟਕਮਾਜਰੀ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਦਭਾਲੀ ਪ੍ਰਧਾਨ ਯੂਥ ਅਕਾਲੀ ਦਲ, ਨਾਜ਼ਰ ਸਿੰਘ ਕਾਹਨਪੁਰ ਜਨਰਲ ਸਕੱਤਰ ਯੂਥ ਅਕਾਲੀ ਦਲ ਅਤੇ ਰਣਦੇਵ ਸਿੰਘ ਦੇਬੀ, ਸਿ਼ੰਗਾਰਾ ਸਿੰਘ ਬੱਡਲਾ ਅਤੇ ਧਰਮ ਸਿੰਘ ਕਲੌੜ (ਤਿੰਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)) ਨੇ ਸਾਂਝੇ ਤੌਰ ‘ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕਰਦੇ ਹੋਏ ਜਿ਼ਲ੍ਹਾ ਨਿਜ਼ਾਮ ਅਤੇ ਪੁਲਿਸ ਦੀਆਂ ਆਪ ਹੁੱਦਰੀਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਹਿੰਦ ਬਾਈਪਾਸ ਤੋਂ ਲੈ ਕੇ ਮੋੜ ਗੁਰਦੁਆਰਾ ਜੋਤੀ ਸਰੂਪ ਅਤੇ ਫਤਿਹਗੜ੍ਹ ਸਾਹਿਬ ਦੀ ਮੁੱਖ ਸੜਕ ਦੇ ਦੋਵੇ ਪਾਸੀਂ ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਬਾਦਲ ਦਲ ਦੇ ਆਗੂਆਂ ਦੇ ਫੋਟੋਆਂ ਨਾਲ ਭਰੇ ਹੋਰਡਿੰਗ ਵੱਡੀ ਗਿਣਤੀ ਵਿੱਚ ਬਿਆਨ ਜਾਰੀ ਹੋਣ ਤੱਕ ਲੱਗੇ ਹੋਏ ਹਨ। ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ “ਮਹਾਨ ਸਿੱਖ” ਐਲਾਨੇ ਗਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸਖਸੀਅਤ ਦੇ ਫੋਟੋਆਂ ਵਾਲੇ ਹੋਰਡਿੰਗਾਂ ਨੂੰ ਰਾਤਾਂ ਦੇ ਹਨੇਰੇ ਵਿੱਚ ਜਿ਼ਲ੍ਹਾ ਨਿਜ਼ਾਮ ਜ਼ਬਰੀ ਲੁਹਾ ਕੇ ਬਾਦਲ ਹਕੂਮਤ ਨੂੰ ਖੁਸ਼ ਕਰਨ ਵਿੱਚ ਲੱਗਿਆ ਹੋਇਆ ਹੈ ਅਤੇ ਰਣਦੇਵ ਸਿੰਘ ਦੇਬੀ ਅਤੇ ਹੋਰਾਂ ਉੱਤੇ ਝੂਠੇ ਕੇਸ ਦਰਜ ਕਰਕੇ ਗੁਰੂਆਂ, ਪੀਰਾਂ, ਫਕੀਰਾਂ ਅਤੇ ਸ਼ਹੀਦਾਂ ਦੀ ਇਸ ਧਰਤੀ ਦੇ ਮਾਹੌਲ ਨੂੰ ਗੰਧਲਾ ਕਰਨ ‘ਤੇ ਲੱਗੇ ਹੋਏ ਹਨ। ਉਪਰੋਕਤ ਆਗੂਆਂ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਸਮੁੱਚੀ ਸਿੱਖ ਕੌਮ, ਇਨਸਾਫ ਪਸੰਦ ਪੰਜਾਬੀਆਂ ਅਤੇ ਵੱਖ ਵੱਖ ਜਮਾਤਾਂ ਅਤੇ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਆਉਣ ਵਾਲੇ ਕੱਲ੍ਹ 23 ਫਰਵਰੀ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਵੱਡੇ ਧਰਨੇ ਵਿੱਚ ਪਹੁੰਚ ਕੇ ਦੱਸ ਦੇਣ ਕਿ ਉਨ੍ਹਾ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ, ਬੇਇਨਸਾਫੀਆਂ ਨੂੰ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਬਿਲਕੁੱਲ ਬਰਦਾਸਿ਼ਤ ਨਹੀਂ ਕਰਨਗੇ। ਉਨ੍ਹਾ ਮੰਗ ਕੀਤੀ ਕਿ ਇਹ ਬਣਾਏ ਝੂਠੇ ਕੇਸ ਤੁਰੰਤ ਵਾਪਿਸ ਲਏ ਜਾਣ ਜਾਂ ਫਿਰ ਇਸ ਅਤਿ ਸੰਜੀਦਾ ਮੁੱਦੇ ਉਤੇ ਬਣਨ ਜਾ ਰਹੀ ਲੋਕ ਲਹਿਰ ਦੇ ਨਿਕਲਣ ਵਾਲੇ ਨਤੀਜਿਆਂ ਲਈ ਜਿ਼ਲ੍ਹਾ ਨਿਜ਼ਾਮ ਅਤੇ ਪੁਲਿਸ ਸਿੱਟੇ ਭੁਗਤਣ ਲਈ ਤਿਆਰ ਰਹੇ।