ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ-ਜੋਨਲ ਸਕਿੱਲ ਇਨ ਟੀਚਿੰਗ ਅਤੇ ਆਨ ਦਾ ਸਪੌਟ ਟੀਚਿੰਗ ਏਡ ਦੇ ਮੁਕਾਬਲੇ ਦਸ਼ਮੇਸ਼ ਗਰਲਜ਼ ਬੀ.ਐਡ ਕਾਲਜ ਬਾਦਲ ਵਿਖੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਸ੍ਰੀ ਸੇਵਾ ਸਿੰਘ ਸੇਖਵਾ ਸਿੱਖਿਆ ਮੰਤਰੀ ਪੰਜਾਬ ਨੇ ਕੀਤੀ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਦਰਸ਼ਨ ਸਿੰਘ ਗਰੇਵਾਲ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਪ੍ਰੋ. ਤਿਰਲੋਕ ਬੰਧੂ ਸੈਨੇਟਰ ਪੰਜਾਬ ਯੂਨੀਵਰਸਿਟੀ, ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ, ਸ੍ਰੀ ਐਸ.ਐਸ. ਸਾਂਘਾ ਪ੍ਰਿੰਸੀਪਲ ਬੀ.ਐਡ ਕਾਲਜ, ਸ੍ਰੀ ਧਰਮਪਾਲ ਜਿਲ੍ਹਾ ਸਿੱਖਿਆ ਅਫਸਰ, ਸ੍ਰੀਮਤੀ ਜਗਦੀਸ ਕੌਰ ਸਿੱਧੂ ਪ੍ਰਿੰਸੀਪਲ ਦਸ਼ਮੇਸ਼ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਾਦਲ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ 40 ਦੇ ਕਰੀਬ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆਂ।
ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਇੱਕ ਐਸਾ ਅਨਮੋਲ ਖਜਾਨਾ ਹੈ, ਜਿਸ ਨੂੰ ਨਾ ਤਾਂ ਕੋਈ ਚੁਰਾ ਸਕਦਾ ਹੈ ਅਤੇ ਨਾ ਹੀ ਕੋਈ ਜਾਬਰ ਇਸ ਨੂੰ ਖੋਹ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉਚੱਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਪਹਿਲੀ ਵਾਰ ਸਟੇਟ ਐਡਵਾਈਜਰ ਬੋਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਇਸ ਤਰ੍ਹਾਂ ਦੀ ਕੋਈ ਐਜੂਕੇਸ਼ਨ ਪਾਲਿਸੀ ਨਹੀਂ ਬਣਾਈ ਗਈ। ਇਸ ਤੋਂ ਇਲਾਵਾ ਸਿਲੇਬਸ ਕਮੇਟੀਆਂ ਵੀ ਬਣਾਈਆਂ ਗਈਆਂ ਹਨ, ਜੋ ਸਿਲੇਬਸ ਨਾਲ ਸਬੰਧਿਤ ਵਿਸ਼ਿਆਂ ਤੇ ਕੰਮ ਕਰਨਗੀਆਂ । ਉਨ੍ਹਾਂ ਅੱਗੇ ਕਿਹਾ ਕਿ ਦਿਨੋ ਦਿਨ ਵੱਧ ਰਹੀਆਂ ਐਕਸੀਡੈਂਟ ਘਟਨਾਵਾਂ ਨੂੰ ਦੇਖਿਆਂ ਹੁਣ ਇੱਕ ਵਿਸ਼ਾ ਟਰੈਫਿਕ ਨਿਯਮਾਂ ਤੇ ਬਣਾਇਆ ਜਾਵੇਗਾ ਤਾਂ ਜੋ ਸਕੂਲੀ ਬੱਚੇ ਟਰੈਫਿਕ ਨਿਯਮਾਂ ਤੋਂ ਜਾਣੂ ਹੋ ਸਕਣ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨਕਲ ਨੂੰ ਸਖਤੀ ਨਾਲ ਰੋਕਣ ਲਈ ਯਤਨਸੀਲ ਹੈ ਅਤੇ ਪ੍ਰੀਖਿਆਂ ਕੇਂਦਰਾਂ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਨਕਲ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਸਖਤ ਤਾੜਣਾ ਕੀਤੀ ਕਿ ਅਗਰ ਕੋਈ ਵਿਦਿਆਰਥੀ ਪ੍ਰੀਖਿਆਂ ਦੌਰਾਨ ਨਕਲ ਕਰਦਾ ਜਾਂ ਉਸ ਨੂੰ ਸਬੰਧਿਤ ਸਟਾਫ ਨਕਲ ਕਰਵਾਉਂਦਾ ਪਾਇਆ ਗਿਆ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਤੇ ਸਿੱਖਿਆ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਲੋਂ ਲਗਾਈਆਂ ਗਈਆਂ ਵੱਖ-ਵੱਖ ਕਿਸਮ ਦੇ ਮਾਡਲਾਂ ਦੀ ਪ੍ਰਦਰਸ਼ਨੀ ਦਾ ਵੀ ਜਾਇਜਾ ਲਿਆ । ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਹਨਾਂ ਇੰਟਰ ਜੋਨਲ ਮੁਕਾਬਲੇ ਦੀ ਤਰ੍ਹਾਂ ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਸ ਤਰ੍ਹਾਂ ਦੇ ਜੋਨਲ ਮੁਕਾਬਲੇ ਕਰਵਾਉਣ ਤਾਂ ਜੋ ਸਿੱਖਿਆਰਥੀਆਂ ਦੇ ਗਿਆਨ ਵਿੱਚ ਵੱਧ ਤੋਂ ਵੱਧ ਵਾਧਾ ਹੋ ਸਕੇ।
ਇਸ ਮੌਕੇ ਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 50 ਦੇ ਕਰੀਬ ਪਹਿਲੇ,ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।