ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੈ ਵਿਦਿਆਰਥੀਆਂ ਦੀ ਟੀਮ ਨੇ ਕੇਰਲਾ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਤ ਕੀਤੀਆਂ ਗਈਆਂ ਬਾਹਰਵੀਆਂ ਕੁੱਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੀ ਚੈੰਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਂਸਲ ਕੀਤਾ ਹੈ। ਇਸ ਮੁਕਾਬਲੇ ਵਿਚ ਯੂਨੀਵਰਸਿਟੀ ਦੇ ਚਾਲੀ ਵਿਦਿਆਰਥੀਆਂ ਅਤੇ ਤਿੰਨ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਹਨਾਂ ਰੋਚਕ ਮੁਕਾਬਲਿਆਂ ਵਿਚ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਸੱਤ ਸੋਨ ਤਗਮੇ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ। ਯੂਨੀਵਰਸਿਟੀ ਦੀ ਬਾਸਕਟਬਾਲ ਟੀਮ, ਬੈਡਮਿੰਟਨ (ਲੜਕੇ ਅਤੇ ਲੜਕੀਆਂ) ਟੇਬਲ ਟੈਨਿਸ (ਲੜਕੀਆਂ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਉਹਨਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੀ ਇਸ ਚੈੰਪੀਅਨਸ਼ਿਪ ਵਿਚ ਦੇਸ਼ ਦੀਆਂ ਵਕਾਰੀ ਯੂਨੀਵਰਸਿਟੀਆਂ ਭਾਗ ਲੈਂਦੀਆਂ ਹਨ।
ਇਸ ਤੋਂ ਇਲਾਵਾ ਅਥਲੈਟਿਕ ਦੇ ਮੁਕਾਬਲਿਆਂ ਵਿਚ ਯੂਨੀਵਰਸਿਟੀ ਨੂੰ ਦੂਸਰਾ ਸਥਾਨ ਹਾਸਲ ਹੋਇਆ ਜਦਕਿ ਯੂਨੀਵਰਸਿਟੀ ਦਾ ਵਿਦਿਆਰਥੀ ਰਾਜਕਮਲ ਸਿੰਘ ਢਿੱਲੋਂ ਇਸ ਮੁਕਾਬਲੇ ਦਾ ਸਰਬੋਤਮ ਅਥਲੀਟ ਘੋਸ਼ਿਤ ਕੀਤਾ ਗਿਆ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ੳਹਨਾਂ ਕਿਹਾ ਕਿ ਖਿਡਾਰੀ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਨੌਜਵਾਨ ਪੀੜੀ ਨੂੰ ਆਪਣੀ ਊਰਜਾ ਸਾਰਥਕ ਕੰਮਾ ਵਿਚ ਲਗਾਉਣ ਲਈ ਖੇਡਾ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ।