ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਰ ਵਰ੍ਹੇ ਦੀ ਤਰਾਂ ਆਯੋਜਤ ਦੋ ਰੋਜਾ ਫਲਾਵਰ ਸ਼ੋ ਅੱਜ ਆਰੰਭ ਹੋਇਆ। ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਤ ਇਸ ਫਲਾਵਰ ਸ਼ੋ ਦਾ ਰਸਮੀ ਤੌਰ ਤੇ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕੀਤਾ। ਉਹਨਾਂ ਭਰਵੀਂ ਗਿਣਤੀ ਵਿਚ ਫਲਾਵਰ ਸ਼ੋ ਦਾ ਆਨੰਦ ਮਾਨਣ ਆਏ ਸਾਇੰਸਦਾਨਾ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੁੱਲ ਸਾਨੂੰ ਹਮੇਸ਼ਾਂ ਚੜਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੰਦੇ ਹਨ ਅਤੇ ਇਹਨਾਂ ਫੁਲਾਂ ਦਾ ਰਿਸ਼ਤਾ ਇਨਸਾਨ ਦੇ ਨਾਲ ਜਨਮ ਦੀਆਂ ਰਸਮਾਂ ਤੋਂ ਆਰੰਭ ਹੋ ਸਾਰੀ ਉਮਰ ਨਾਲ ਚਲਦਾ ਹੈ। ਫਲਾਵਰ ਸ਼ੋ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਫੁੱਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ ਵਿਚ ਸਥਾਨਕ ਸਕੂਲਾਂ ਅਤੇ ਵਿਭਾਗਾਂ ਨੇ ਸ਼ਿਰਕਤ ਕੀਤੀ। ਇਹ ਸ਼ੋ ਵਿਦਿਆਰਥੀ ਭਵਨ ਦੇ ਨਾਲ ਸਥਿਤ ਪ੍ਰੀਖਿਆ ਭਵਨ ਅਤੇ ਨੇੜਲੇ ਮੈਦਾਨ ਵਿਚ ਆਯੋਜਤ ਕੀਤਾ ਗਿਆ ਹੈ।
ਵਿਭਾਗ ਦੇ ਮੁਖੀ ਡਾ. ਕੁਸ਼ਲ ਸਿੰਘ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੂਜੇ ਦਿਨ ਪ੍ਰਦਾਨ ਕੀਤੇ ਜਾਣਗੇ। ਇਸ ਸ਼ੋ ਦੌਰਾਨ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਵਲੋਂ ਵਿਕਸਤ ਕਿਸਮਾਂ ਖਿਚ ਦਾ ਕੇਂਦਰ ਰਹੀਆਂ।