ਨਵੀਂ ਦਿੱਲੀ- ਰੇਲਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿੱਚ ਆਪਣਾ ਨਵਾਂ ਰੇਲ ਬਜਟ ਪੇਸ਼ ਕਰਦੇ ਸਮੇਂ ਭਾਂਵੇ ਯਾਤਰੀ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਪਰ ਸਾਰੀ ਮਮਤਾ ਬੰਗਾਲ ਤੇ ਹੀ ਲੁਟਾ ਦਿੱਤੀ। ਦੇਸ਼ ਦੇ ਦੂਸਰੇ ਸੂਬਿਆਂ ਨਾਲ ਸੌਤੇਲਾ ਵਿਹਾਰ ਕੀਤਾ ਗਿਆ। ਇਸ ਲਈ ਬਜਟ ਦੌਰਾਨ ਸੰਸਦ ਵਿੱਚ ਕਾਫ਼ੀ ਹੰਗਾਮਾ ਹੋਇਆ। ਭਾਜਪਾ ਨੇ ਇਸ ਬਜਟ ਦੀ ਅਲੋਚਨਾ ਕਰਦੇ ਹੋਏ ਇਸ ਨੂੰ ਪੱਛਮੀ ਬੰਗਾਲ ਦਾ ਬਜਟ ਕਰਾਰ ਦਿੱਤਾ।
ਲੋਕਸਭਾ ਵਿੱਚ ਬਜਟ ਪੇਸ਼ ਕਰਦੇ ਸਮੇਂ ਮਮਤਾ ਨੇ ਦੂਰੰਤੋ ਟਰੇਨਾਂ ਦਾ ਵਿਸਤਾਰ ਕਰਦੇ ਹੋਏ 9 ਨਵੀਆਂ ਦੂਰੰਤੋ, ਤਿੰਨ ਸ਼ਤਾਬਦੀ, ਦੋ ਡਬਲ ਡੈਕਰ ਏਸੀ ਅਤੇ 56 ਨਵੀਆਂ ਐਕਸਪ੍ਰੈਸ ਟਰੇਨਾਂ ਦਾ ਐਲਾਨ ਕੀਤਾ ਹੈ। ਆਨਲਾਈਨ ਬੁਕਿੰਗ ਕਰਵਾਉਣ ਤੇ ਵੀ ਰਿਆਇਤ ਦੇਣ ਦਾ ਫੈਸਲਾ ਕੀਤਾ ਹੈ। ਏਸੀ ਕਲਾਸ ਤੇ 10 ਰੁਪੈ ਅਤੇ ਨਾਨ ਏਸੀ ਤੇ ਆਨਲਾਈਨ ਬੁਕਿੰਗ ਕਰਵਾਉਣ ਤੇ 5 ਰੁਪੈ ਘੱਟ ਲਗਣਗੇ। 58 ਸਾਲ ਤੋਂ ਉਪਰ ਦੀ ਉਮਰ ਦੀਆਂ ਮਹਿਲਾਵਾਂ ਨੂੰ ਯਾਤਰੀ ਕਿਰਾਏ ਵਿੱਚ ਛੋਟ ਮਿਲੇਗੀ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜਨ ਦੀ ਸ਼ਰੇਣੀ ਵਿੱਚ ਗਿਣਿਆ ਜਾਵੇਗਾ। ਸੀਨੀਅਰ ਸਿਟੀਜਨ ਨੂੰ ਹੁਣ 40 ਫੀਸਦੀ ਛੋਟ ਮਿਲੇਗੀ। ਰੇਲਵੇ ਦਾ ਨੁਕਸਾਨ ਨਾਂ ਕਰਨ ਵਾਲੇ ਰਾਜਾਂ ਨੂੰ ਖਾਸ ਤੋਹਫ਼ੇ ਦਿੱਤੇ ਗਏ।
ਪ੍ਰਧਾਨਮੰਤਰੀ ਨੇ ਇਸ ਨੂੰ ਆਮ ਆਦਮੀ ਦਾ ਬਜਟ ਦਸਿਆ, ਭਾਜਪਾ ਅਤੇ ਸੀਪੀਐਮ ਨੇ ਬਜਟ ਦੀ ਅਲੋਚਨਾ ਕੀਤੀ। ਸੰਸਦ ਵਿੱਚ ਭਾਸ਼ਣ ਦਿੰਦੇ ਸਮੇਂ ਕਾਫ਼ੀ ਰੌਲਾਰੱਪਾ ਪੈਂਦਾ ਰਿਹਾ। ਲਾਲੂ ਯਾਦਵ ਨੇ ਵੀ ਇਸ ਨੂੰ ਪੱਛਮੀ ਬੰਗਾਲ ਦਾ ਹੀ ਬਜਟ ਦਸਿਆ। ਮਮਤਾ ਨੇ ਵੀ ਸੂਬੇ ਵਿੱਚ ਆ ਰਹੀਆਂ ਵਿਧਾ ਸਭਾ ਦੀਆਂ ਚੋਣਾਂ ਕਰਕੇ ਅੰਨ੍ਹਾ ਵਮਡੇ ਰਿਓੜੀਆਂ, ਮੁੜ ਮੁੜ ਆਪਣਿਆਂ ਨੂੰ ਦੀ ਕਹਾਵਤ ਸੱਚ ਕਰ ਵਿਖਾਈ। ਰੇਲਮੰਤਰੀ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਸੀ ਕਿ ਉਹ ਬੰਗਾਲ ਦੀ ਹੀ ਨਹੀਂ ਪੂਰੇ ਦੇਸ਼ ਦੀ ਰੇਲਵੇ ਮੰਤਰੀ ਹੈ।