ਨਾਮਵਰ ਚਿੱਤਰਕਾਰ ਸ. ਸੋਭਾ ਸਿੰਘ ਵਲੋਂ ਬਣਾਏ ਗਏ ਮਹਾਰਾਜਾ ਰਣਜੀਤ ਸਿੰਘ ਦੇ ਇਕ ਚਿੱਤਰ ਦੀ ਨਿਊ ਯਾਰਕ (ਅਮਰੀਕਾ) ਵਿਖੇ 24 ਮਾਰਚ ਨੂੰ ਨਿਲਾਮੀ ਕੀਤੀ ਜਾਏਗੀ।ਕਿਸੇ ਕਲਾ-ਪ੍ਰੇਮੀ ਵਲੋਂ ਨਿੱਜੀ ਤੌਰ ‘ਤੇ ਇਕੱਤਰ ਕੀਤੇ ਆਪਣੇ ਚਿੱਤਰਾਂ ਚੋਂ 29 ਇੰਚ ਚੌੜੇ ਤੇ 39 ਇੰਚ ਲੰਬੇ ਇਸ ਚਿੱਤਰ ਦੀ ਨਿਲਾਮੀ ਅਮਰੀਕਾ ਵਿਚ ਕਲਾ-ਕ੍ਰਿਤੀਆਂ ਨਿਲਾਮ ਕਰਨ ਵਾਲੇ ਸਭ ਤੋਂ ਪੁਰਾਨੇ ਪ੍ਰਮੁਖ ਅਦਾਰੇ ਸੋਥੇਬਾਈ ਵਲੋਂ ਕਰਵਾਈ ਜਾ ਰਹੀ ਹੈ ਅਤੇ ਇਸ ਦੀ ਰੀਜ਼ਰਵ ਕੀਮਤ 3-4 ਲੱਖ ਅਮਰੀਕੀ ਡਾਲਰ ਰਖੀ ਗਈ ਹੈ ਜੋ ਭਾਰਤੀ ਕਰੰਸੀ ਅਨੁਸਾਰ ਲਗਭਗ ਦੋ ਕਰੋੜ ਰੁਪਏ ਬਣਦੇ ਹਨ।
ਇਸ ਮਹਾਨ ਚਿੱਤਰਕਾਰ ਨੇ ਇਹ ਚਿੱਤਰ ਕਦੋਂ ਬਣਾਇਆ ਅਤੇ ਕਿਸ ਨੂੰ ਕਿਤਨੀ ਕੀਮਤ ‘ਤੇ ਵੇਚਿਆ, ਬਾਰੇ ਹਾਲੇ ਕੁਝ ਵੀ ਪਤਾ ਨਹੀਂ ਲਗਾ।ਇਹ ਪੱਤਰਕਾਰ 1960 ਤੋਂ 1981 ਤਕ ਅਮਦਰੇਟਾ ਵਿਖੇ ਚਿੱਤਰਕਾਰ ਸੋਭਾ ਸਿੰਘ ਦੇ ਨੇੜੇ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1960-ਵਿਆਂ ਵਿਚ ਇਸ ਚਿੱਤਰਕਾਰ ਤੋਂ ਕੇਂਦਰੀ ਸਿੱਖ ਅਜਾਇਬ ਘਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ, ਸਾਈਂ ਮੀਆਂ ਮੀਰ, ਭਾਈ ਗੁਰਦਾਸ, ਮਹਾਂਕਵੀ ਸੰਤੋਖ ਸਿੰਘ, ਨਾਮਧਾਰੀ ਆਗੂ ਬਾਬਾ ਰਾਮ ਸਿੰਘ, ਬਾਬਾ ਦੀਪ ਸਿੰਘ, ਅਕਾਲੀ ਫੁਲਾ ਸਿੰਘ ਸਮੇਤ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਦੇ ਚਿੱਤਰ ਬਣਵਾਏ ਸਨ ਜੋ ਸਾਰੇ ਚਿੱਤਰ ਅਜ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸੋਭਿਤ ਹਨ। ਹੋ ਸਕਦਾ ਹੈ ਕਿ ਚਿੱਤਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਹ ਚਿੱਤਰ 1947 ਤੋਂ ਪਹਿਲਾਂ ਲਾਹੌਰ ਵਿਖੇ ਰਹਿੰਦੇ ਹੋਏ ਬਣਾਇਆ ਹੋਵੇ। ਦੇਸ਼-ਵੰਡ ਸਮੇਂ ਉਹ ਲਾਹੌਰ ਤੋਂ ਬਿਲਕੁਲ ਖਾਲੀ ਹੱਥ ਭਾਰਤ ਆਏ ਅਤੇ ਘਰੇਲੂ ਸਾਮਾਨ ਤੋਂ ਬਿਨਾ ਆਪਣੇ ਆਰਟ ਸਟੁਡੀਓ ਸਮੇਤ ਇਕ ਸੌ ਤੋਂ ਵੱਧ ਚਿੱਤਰ ਉਧਰ ਹੀ ਰਹਿ ਗਏ ਸਨ। ਇਹ ਵੀ ਹੋ ਸਕਦਾ ਹੈ ਕਿ ਇਹ ਚਿੱਤਰ ਅੰਦਰੇਟਾ (ਕਾਂਗੜਾ) ਵਿਖੇ 1948 ਤੋਂ 1960 ਦੇ ਸਮੇਂ ਦੌਰਾਨ ਬਣਾਇਆ ਹੋਵੇ।ਇਸ ਚਿੱਤਰ ਦੀ ਨਿਲਾਮੀ ਬਾਰੇ ਜਾਣਕਾਰੀ ਉਕਤ ਅਦਾਰੇ ਵਲੋਂ ਈਮੇਲ ਰਾਹੀਂ ਅੰਦਰੇਟਾ ਵਿਖੇ ਇਸ ਮਰਹੂਮ ਚਿੱਤਰਕਾਰ ਦੇ ਦੋਹਤਰੇ ਡਾ. ਹਿਰਦੇਪਾਲ ਸਿੰਘ ਨੂੰ ਦਿਤੀ ਗਈ ਹੈ।
ਚਿਤਰਕਾਰ ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਵਿਖੇ ਹੋਇਆ ਸੀ। ਆਈ.ਟੀ. ਆਈ. ਅੰਮ੍ਰਿਤਸਰ ਤੋਂ ਆਰਟ ਐਂਡ ਕਰਾਫਟ ਦਾ ਡਿਪਲੋਮਾ ਪਾਸ ਕਰਕੇ ਉਹ 1919 ਵਿਚ ਭਾਰਤੀ ਫੌਜ ਵਿਚ ਭਰਤੀ ਹੋ ਕੇ ਬਗ਼ਦਾਦ (ਇਰਾਕ) ਚਲੇ ਗਏ। ਚਾਰ ਸਾਲ ਬਾਅਦ ਇਹ ਨੌਕਰੀ ਛੱਡ ਕੇ ਅੰਮ੍ਰਿਤਸਰ ਆਕੇ ਇਕ ਚਿੱਤਰਕਾਰ ਵਜੋਂ ਆਜ਼ਾਦਾਨਾ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਦੀ ਸੰਗਤ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਮਾਂ ਪੰਜਾਬ ਤੇ ਸਿੱਖ ਇਤਿਹਾਸ ਦੇ ਚਿੱਤਰ ਬਣਾੳੇੁਣ ਉਤੇ ਹੀ ਲਗਾਇਆ।ਉਹ 22 ਅਗਸਤ 1986 ਨੂੰ ਅਕਾਲ ਚਲਣਾ ਕਰ ਗਏ। ਕਲਾ ਜਗਤ ਲਈ ਕੀਤੀਆਂ ਸੇਵਾਵਾਂ ਨੂੰ ਮੁਖ ਰਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਹਿਲਾਂ ਫੈਲੋਸ਼ਿਪ ਤੇ ਫਿਰ ਪੀ.ਐਚ.ਡੀ. ਦੀ ਅਨਰੇਰੀ ਡਿਗਰੀ ਪ੍ਰਦਾਨ ਕਰ ਕੇ ਅਤੇ ਭਾਰਤ ਸਰਕਾਰ ਨੇ ਪਦਮ ਸ੍ਰੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ।ਸਾਲ 2001 ਦੋਰਾਨ ਪੰਜਾਬ ਤੇ ਹਿਮਾਚਲ ਸਰਕਾਰ ਵਲੋਂ ਉਨਾਂ ਦੀ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਗਈ। ਡਾਕ ਤੇ ਤਾਰ ਵਿਭਾਗ ਨੇ ਇਕ ਡਾਕ ਟਿਕਟ ਵੀ ਜਾਰੀ ਕੀਤੀ।