ਚੰਡੀਗੜ੍ਹ :- “ਥਾਣਾ ਡਵੀਜ਼ਨ ਨੰ: 4 ਜਲੰਧਰ ਵਿਖੇ ਬੀਤੇ ਕੱਲ ਸ: ਅਤਿੰਦਰਪਾਲ ਸਿੰਘ ਸਾਬਕਾ ਐਮ ਪੀ ਵਿਰੁੱਧ 124ਏ, 120ਬੀ ਆਦਿ ਝੂਠੇ ਕੇਸ ਬਣਾ ਕੇ ਖਾਲਿਸਤਾਨੀ ਬੋਰਡ ਲਗਵਾਉਣ ਵਿਰੁੱਧ ਹੋਈ ਗ੍ਰਿਫਤਾਰੀ ਪੰਜਾਬ ਦੀ ਬਾਦਲ ਹਕੂਮਤ ਵੱਲੋ ਹਿੰਦੂਤਵ ਮੁਤੱਸਵੀ ਤਾਕਤਾਂ ਨੂੰ ਖੁਸ਼ ਕਰਨ ਲਈ ਗੈਰ ਕਾਨੂੰਨੀ ਅਸਹਿ ਕਾਰਵਾਈ ਕੀਤੀ ਗਈ ਹੈ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਅਤਿੰਦਰਪਾਲ ਸਿੰਘ ਦੀ ਕੀਤੀ ਗਈ ਗ੍ਰਿਫਤਾਰੀ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਜਦੋ ਅਸੀਂ ਇਸ ਹਿੰਦੂਤਵ ਮੁਲਕ ਦੀ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ ਤੋ ਖਾਲਿਸਤਾਨ ਦਾ ਕਾਨੂੰਨੀ ਕੇਸ ਜਿੱਤ ਚੁੱਕੇ ਹਾਂ ਅਤੇ ਸਿੱਖ ਕੌਮ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਖਾਲਿਸਤਾਨ ਦਾ ਪ੍ਰਚਾਰ ਕਰਨ, ਤਕਰੀਰਾ ਕਰਨ ਅਤੇ ਲਿਖਤੀ ਦਸਤਾਵੇਜ਼ ਪੋਸਟਰ ਆਦਿ ਵਗੈਰਾ ਪ੍ਰਕਾਸਿ਼ਤ ਕਰਨ ਦਾ ਕਾਨੂੰਨੀ ਅਧਿਕਾਰ ਪ੍ਰਾਪਤ ਕਰ ਚੁੱਕੇ ਹਾਂ ਤਾਂ ਜਲੰਧਰ ਦੇ ਨਿਜ਼ਾਮ ਅਤੇ ਪੁਲਿਸ ਵੱਲੋ ਸ: ਅਤਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਹੁਕਮਾਂ ਦੀ ਸ਼ਰੇਆਮ ਤੌਹੀਨ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜਿਵੇ ਅਮਰੀਕਾ ਅਤੇ ਇਜ਼ਰਾਈਲ ਦੇ ਮੁਲਕ ਤਾਨਾਸ਼ਾਹੀ ਮੁਲਕਾਂ ਦੀ ਪਿੱਠ ਥਾਪੜ ਕੇ ਉਥੇ ਜਮਹੂਰੀਅਤ ਅਤੇ ਅਮਨਮਈ ਲੀਹਾਂ ਦਾ ਜਨਾਜਾ ਕੱਢਣ ਤੇ ਲੱਗੇ ਹੋਏ ਹਨ ਉਸੇ ਤਰ੍ਹਾ ਪੰਜਾਬ ਦੀ ਬਾਦਲ ਹਕੂਮਤ, ਬੀਜੇਪੀ, ਆਰ ਐਸ ਐਸ ਅਤੇ ਹੋਰ ਹਿੰਦੂਤਵ ਤਾਕਤਾਂ ਦੀ ਗੁਲਾਮ ਬਣ ਕੇ ਪੰਜਾਬ ਵਿੱਚ ਇਨਸਾਨੀ ਅਤੇ ਇਖਲਾਕੀ ਕਦਰਾਂ ਕੀਮਤਾਂ ਦਾ ਘਾਣ ਕਰਨ ਵਿੱਚ ਜੁੱਟੀ ਹੋਈ ਹੈ। ਉਨ੍ਹਾ ਇਹ ਵੀ ਕਿਹਾ ਕਿ ਜਿਵੇ ਅਰਬ ਮੁਲਕ ਮਿਸਰ, ਯਮਨ, ਟੁਨੇਸੀਆ, ਲੀਬੀਆ ਆਦਿ ਮੁਲਕਾਂ ਦੇ ਤਾਨਾਸ਼ਾਹ ਹੁਕਮਰਾਨ ਲੋਕ ਸ਼ਕਤੀ ਦੇ ਉੱਠੇ ਤੁਫਾਨ ਅੱਗੇ ਭੱਜ ਖਲੋਏ ਹਨ, ਉਸੇ ਤਰ੍ਹਾ ਪੰਜਾਬ ਦੀ ਬਾਦਲ ਹਕੂਮਤ ਅਤੇ ਹਿੰਦੂਤਵ ਹਕੂਮਤ ਨੂੰ ਆਉਣ ਵਾਲੇ ਥੌੜੇ ਸਮੇ ਵਿੱਚ ਹੀ ਲੋਕਾਂ ਦੇ ਸਖਤ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਉਕਿ ਟੈਕ, ਤੋਪਾਂ, ਗੋਲੀਆ, ਬੰਬਾਂ ਆਦਿ ਦੇ ਹਮਲੇ ਤਾਨਾਸ਼ਾਹਾ ਵਿਰੁੱਧ ਉੱਠੀ ਲੋਕ ਆਵਾਜ਼ ਨੂੰ ਕਦੀ ਨਹੀਂ ਦਬਾ ਸਕਣਗੇ। ਬਲਕਿ ਤਾਨਾਸ਼ਾਹਾਂ ਨੂੰ ਆਪੋ ਆਪਣੇ ਮੁਲਕਾਂ ਵਿੱਚੋ ਭੱਜ ਕੇ ਜਾਨ ਬਚਾਉਣੀ ਪਵੇਗੀ। ਬੀਤੇ ਇਤਿਹਾਸ ਦੇ ਪੰਨੇ ਵੀ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦੇ ਹਨ।