ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਰਥ ਸਾਸ਼ਤਰ ਵਿਭਾਗ ਵਿੱਚ ਮੰਡੀਕਰਨ ਚੇਤਨਾ ਬਾਰੇ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਖੇਤੀ ਉਪਜ ਦਾ ਕਿਸਾਨ ਨੂੰ ਸਹੀ ਮੁੱਲ ਦਿਵਾੳਣ ਲਈ ਮੰਡੀਕਰਨ ਸੂਚਨਾ ਤੰਤਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਅਗੇਤ ਅਨੁਮਾਨ ਦੇ ਆਧਾਰ ਤੇ ਕਿਸਾਨ ਆਪਣੀ ਉਪਜ ਨੂੰ ਨਿਯੋਜਿਤ ਕਰ ਸਕੇ। ਉਨ੍ਹਾਂ ਆਖਿਆ ਕਿ ਹੁਣ ਖਪਤਕਾਰ ਅਧਾਰਿਤ ਖੇਤੀ ਦੀ ਥਾਂ ਮੰਡੀ ਅਧਾਰਿਤ ਖੇਤੀ ਤਾਂ ਹੀ ਯਕੀਨੀ ਬਣਾਈ ਜਾ ਸਕਦੀ ਹੈ ਜੇਕਰ ਕਿਸਾਨ ਨੂੰ ਨਾਲੋ ਨਾਲ ਮੰਡੀਕਰਨ ਬਾਰੇ ਸੂਚਨਾ ਮਿਲੇ। ਉਨ੍ਹਾਂ ਆਖਿਆ ਕਿ ਕਈ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਮੰਡੀਕਰਨ ਚੇਤਨਾ ਬਾਰੇ ਢਾਂਚਾ ਸਥਾਪਿਤ ਕੀਤਾ ਹੈ ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਡਾ: ਕੰਗ ਨੇ ਆਖਿਆ ਕਿ ਸਾਡੇ ਸਾਹਮਣੇ ਟੀਚਾ ਇਹ ਹੈਕਿ ਉਪਜ ਦਾ ਲਾਭ ਕਿਸਾਨ ਨੂੰ ਮਿਲੇ ਨਾ ਕਿ ਵਪਾਰੀ ਹੀ ਉਸ ਦੀ ਲੁੱਟ ਕਰੀ ਜਾਵੇ। ਇਹ ਸਿਰਫ ਮੰਡੀਕਰਨ ਚੇਤਨਾ ਢਾਂਚਾ ਮਜ਼ਬੂਤ ਕਰਨ ਨਾਲ ਯਕੀਨੀ ਬਣਾਇਆ ਜਾ ਸਕਦਾ ਹੈ। ਡਾ: ਕੰਗ ਨੇ ਸੁਝਾਅ ਦਿੱਤਾ ਕਿ ਮੰਡੀਕਰਨ ਚੇਤਨਾ ਦੇ ਨਾਲ ਨਾਲ ਮੌਸਮ ਬਾਰੇ ਭਵਿੱਖਮੁਖੀ ਜਾਣਕਾਰੀ ਅਤੇ ਬੀਮਾਰੀਆਂ ਅਤੇ ਕੀੜੇ ਮਕੌੜਿਆਂ ਦੇ ਹਮਲੇ ਬਾਰੇ ਸੂਚਨਾ ਵੀ ਇਸ ਤੰਤਰ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੰਡੀਕਰਨ ਚੇਤਨਾ ਕੇਂਦਰ ਪ੍ਰੋਜੈਕਟ ਦੇ ਇੰਚਾਰਜ ਡਾ:ਜਗਰੂਪ ਸਿੰਘ ਸਿੱਧੂ ਨੇ ਸੁਆਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਅਧੀਨ ਦੇਸ਼ ਦੀਆਂ 11 ਯੂਨੀਵਰਸਿਟੀਆਂ ਇਸ ਚਾਰ ਰੋਜ਼ਾ ਗੋਸ਼ਟੀ ਵਿੱਚ ਭਾਗ ਲੈ ਰਹੀਆਂ ਹਨ । ਮੰਡੀਕਰਨ ਚੇਤਨਾ ਕੇਂਦਰ ਬਾਰੇ ਕੌਮੀ ਸਲਾਹਕਾਰ ਡਾ: ਰਵਿੰਦਰਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀਬਾੜੀ ਖੋਜ ਬਜਟ ਦਾ 99 ਫੀ ਸਦੀ ਬਜਟ ਸਿਰਫ ਅਨਾਜ ਉਤਪਾਦਨ ਤੇ ਖਰਚ ਹੁੰਦਾ ਹੈ ਜਦ ਕਿ ਮੰਡੀਕਰਨ ਬਾਰੇ ਬਹੁਤ ਨਿਗੂਣਾ ਖਰਚਾ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਕਿਸਾਨ ਆਪਣੀ ਉਪਜ ਦਾ ਪੂਰਾ ਮੁੱਲ ਨਾ ਹਾਸਿਲ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਤੁਰਦਾ ਹੈ। ਉਨ੍ਹਾਂ ਆਖਿਆ ਕਿ ਸਮੇਂ ਸਿਰ ਮਿਲੀ ਜਾਣਕਾਰੀ ਨਾਲ ਜਿਥੇ ਕਿਸਾਨ ਨੂੰ ਆਪਣੀ ਉਪਜ ਦਾ ਵੱਧ ਮੁੱਲ ਮਿਲੇਗਾ ਉਥੇ ਖਪਤਕਾਰ ਨੂੰ ਵੀ ਸਹੀ ਕੀਮਤ ਤੇ ਉਪਜ ਹਾਸਿਲ ਹੋਵੇਗੀ। ਉਨ੍ਹਾਂ ਸੰਚਾਰ ਮਾਧਿਅਮਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਕਰਨ ਚੇਤਨਾ ਸੰਬੰਧੀ ਸੂਚਨਾ ਨੂੰ ਪਹਿਲ ਦਿਆ ਕਰਨ। ਉਨ੍ਹਾਂ ਮਿਸਾਲ ਦੇ ਕੇ ਆਖਿਆ ਕਿ ਜਦੋਂ ਪਿਆਜ਼ 60 ਰੁਪਏ ਕਿਲੋ ਹੋਇਆ ਤਾਂ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚ ਗਈ ਪਰ ਜਦ ਕਿਸਾਨ ਦਾ ਉਗਾਇਆ ਪਿਆਜ਼ ਸਿਰਫ ਤਿੰਨ ਰੁਪਏ ਕਿਲੋ ਵਿਕ ਰਿਹਾ ਹੈ ਤਾਂ ਕਿਤੇ ਕੋਈ ਖ਼ਬਰ ਨਹੀਂ। ਇਹ ਸੰਤੁਲਨ ਕਾਇਮ ਰੱਖਣ ਦੀ ਲੋੜ ਹੈ।
ਤਾਮਿਲਨਾਡ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੌਮੀ ਪੱਧਰ ਤੇ ਬਣਾਏ ਗਏ ਕੇਂਦਰ ਦੇ ਡਾਰਿਰੈਕਟਰ ਡਾ: ਐਨ ਅਜਾਨ ਨੇ ਕਿਹਾ ਕਿ ਟੀ ਵੀ, ਰੇਡੀਓ, ਅਖ਼ਬਾਰਾਂ, ਇੰਟਰਨੈੱਟ, ਮੋਬਾਈਲ ਫੋਨ ਅਤੇ ਹੋਰ ਸੂਚਨਾ ਸਾਧਨਾਂ ਰਾਹੀਂ ਮੰਡੀਕਰਨ ਚੇਤਨਾ ਦੇਣੀ ਲਾਜ਼ਮੀ ਹੈ ਅਤੇ ਇਸ ਸੂਚਨਾ ਦਾ ਕਿਸਾਨ ਭਾਈਚਾਰੇ ਤੇ ਅਸਰ ਵੀ ਨਾਲੋ ਨਾਲ ਜਾਨਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਤਾਮਿਲਨਾਡ ਵਿੱਚ 18 ਲੱਖ ਕਿਸਾਨ ਪਰਿਵਾਰ ਹਨ ਅਤੇ ਸਾਡੀ ਯੂਨੀਵਰਸਿਟੀ ਨੇ ਸੂਬਾ ਸਰਕਾਰ ਨੂੰ ਲਿਖਿਆ ਹੈ ਕਿ ਸਭ ਕਿਸਾਨਾਂ ਨੂੰ ਮੋਬਾਈਲ ਫੋਨ ਦਿੱਤੇ ਜਾਣ ਜਿਸ ਨਾਲ ਮੰਡੀਕਰਨ ਸੂਚਨਾ ਤੰਤਰ ਸਿੱਧਾ ਕਿਸਾਨ ਦੇ ਖੇਤਾਂ ਤੀਕ ਅਸਰ ਅੰਦਾਜ਼ ਹੋ ਸਕੇ। ਉਨ੍ਹਾਂ ਆਖਿਆ ਕਿ ਸਿਰਫ ਮੰਡੀਕਰਨ ਚੇਤਨਾ ਹੀ ਨਹੀਂ ਸਗੋਂ ਮੌਸਮ ਅਤੇ ਬੀਮਾਰੀਆਂ ਤੋਂ ਇਲਾਵਾ ਕੀੜੇ ਮਕੌੜਿਆਂ ਦੇ ਹਮਲੇ ਬਾਰੇ ਵੀ ਜਾਣਕਾਰੀ ਇਸ ਤੰਤਰ ਰਾਹੀਂ ਦਿੱਤੀ ਜਾ ਸਕੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਹ ਕੇਂਦਰ ਸਥਾਪਿਤ ਕਰਵਾਉਣ ਵਾਲੇ ਅਰਥ ਸਾਸ਼ਤਰੀ ਅਤੇ ਬੇਸਿਕ ਸਾਇੰਸ ਕਾਲਜ ਦੇ ਡੀਨ ਡਾ: ਰਜਿੰਦਰ ਸਿੰਘ ਸਿੱਧੂ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਇਸ ਚਾਰ ਰੋਜ਼ਾ ਵਿਚਾਰ ਚਰਚਾ ਵਿੱਚ ਅਸੀਂ ਮੰਡੀਕਰਨ ਚੇਤਨਾ ਦੇ ਨਾਲ ਨਾਲ ਇਸ ਤੰਤਰ ਰਾਹੀਂ ਦਿੱਤੀ ਸੂਚਨਾ ਦੀ ਵਿਸਵਾਸ਼ਯੋਗਤਾ ਨੂੰ ਵੀ ਵਿਚਾਰਨਾ ਹੈ ਤਾਂ ਜੋ ਕਿਸਾਨ ਭਾਈਚਾਰੇ ਨੂੰ ਉਸ ਦੀਆਂ ਲੋੜਾਂ ਮੁਤਾਬਕ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਆਖਿਅ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਪਿਛਲੇ ਹਫ਼ਤੇ ਸਨਮਾਨ ਮਿਲਿਆ ਹੈ ਅਤੇ ਮੰਡੀਕਰਨ ਚੇਤਨਾ ਕੇਂਦਰ ਰਾਹੀਂ ਆਪਣੇ ਸੂਬੇ ਦੇ ਕਿਸਾਨਾਂ ਨੂੰ ਅਗਵਾਈ ਦੇਣ ਵਿੱਚ ਵੀ ਅਸੀਂ ਬਾਕੀ ਰਾਜਾਂ ਨਾਲੋਂ ਕਿਤੇ ਅੱਗੇ ਹਾਂ। ਉਨ੍ਹਾਂ ਆਖਿਆ ਕਿ ਭਾਵੇਂ ਕੌਮੀ ਪੱਧਰ ਤੇ ਇਹ ਪ੍ਰਾਜੈਕਟ ਮਾਰਚ 2012 ਵਿੱਚ ਖਤਮ ਹੋ ਜਾਣਾ ਹੈ ਪਰ ਮਾਨਯੋਗ ਵਾਈਸ ਚਾਂਸਲਰ ਵੱਲੋਂ ਮਿਲੇ ਆਦੇਸ਼ ਮੁਤਾਬਕ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਤੌਰ ਤੇ ਵੀ ਇਹ ਸੇਵਾ ਜਾਰੀ ਰੱਖੇਗੀ।