ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਅਗਵਾਈ ’ਚ ਅੱਜ 6 ਮੈਂਬਰੀ ਡੈਲੀਗੇਸ਼ਨ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੂੰ ਦਿੱਲੀ ਵਿਖੇ ਦਿੱਤੇ ਮੈਮੋਰੈਡੰਮ ਵਿਚ ਹਰਿਆਣਾ ਦੇ ਰਿਵਾੜੀ ਜਿਲ੍ਹੇ ਦੇ ਪਿੰਡ ਹੋਂਦ-ਚਿਲੜ ਵਿਚ 2 ਨਵੰਬਰ 1984 ਨੂੰ ਗੁੰਡਿਆਂ ਵੱਲੋਂ ਸਿੱਖ ਪ੍ਰੀਵਾਰਾਂ ਦੇ 32 ਜੀਆਂ ਦੀ ਬੇਰਹਿਮੀ ਨਾਲ ਕਤਲ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਦੀ ਖੂਨੀ ਘਟਨਾਂ ਦੀ ਹਾਈ ਕੋਰਟ ਦੇ ਜੱਜ ਪਾਸੋਂ ਜਾਂਚ, ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ ਹੈ ਜਿਸ ਸਬੰਧੀ ਗ੍ਰਹਿ ਮੰਤਰੀ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਗ੍ਰਹਿ ਮੰਤਰੀ ਨੂੰ ਮਿਲਣ ਉਪਰੰਤ ਜਾਣਕਾਰੀ ਦਿੰਦਿਆਂ ਜਥੇ. ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੂੰ ਦਿੱਤੇ ਮੈਮੋਰੈਡੰਮ ’ਚ ਇਸ ਘਟਨਾਂ ਦੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਵਿਰੁੱਧ ਕਨੂੰਨੀ ਕਾਰਵਾਈ ਕਰਨ, ਜਿਨ੍ਹਾਂ ਸਰਕਾਰੀ ਅਧਿਕਾਰੀਆਂ ਨੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਅਤੇ ਜਿਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਇਸ ਘਟਨਾਂ ਤੇ ਪੜਦਾ ਪਾਉਣ ਦਾ ਰੋਲ ਨਿਭਾਇਆ ਉਨ੍ਹਾਂ ਵਿਰੁੱਧ ਸਖ਼ਤ ਕਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਮਿਲਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਹਮਲਾਵਰਾਂ ਨੇ ਸਿੱਖ ਪ੍ਰੀਵਾਰਾਂ ਦੇ ਜੀਆਂ ਨੂੰ ਕਤਲ ਕਰਕੇ ਉਨ੍ਹਾਂ ਦੇ ਘਰਾਂ ਨੂੰ ਲੁਟਣ ਉਪਰੰਤ ਅੱਗ ਲਾ ਦਿੱਤੀ ਅਤੇ ਕਿਵੇਂ ਅੱਧ ਸੜੀਆਂ ਲਾਸ਼ਾਂ ਨੂੰ ਖੂਹ ਵਿਚ ਸੁਟ ਕੇ ਕਹਿਰ ਵਰਤਾਇਆ।
ਉਨ੍ਹਾਂ ਦੱਸਿਆ ਕਿ ਇਸ ਘਟਨਾਂ ’ਚ ਸਰਕਾਰੀ ਅਫ਼ਸਰਾਂ ਨੇ ਵੀ ਕੋਈ ਨਿਆਂ ਨਹੀਂ ਕੀਤਾ ਬਲਕਿ ਇਸ ਘਟਨਾਂ ਸਬੰਧੀ ਇਕ ਮਾਮੂਲੀ ਸ਼ਿਕਾਇਤ ’ਚ ਮੌਤਾਂ ਦੀ ਗਿਣਤੀ 20 ਦਰਜ਼ ਕੀਤੀ ਗਈ ਅਤੇ ਇਨ੍ਹਾਂ ਨੂੰ ਵੀ ਲਾਵਾਰਸ ਦੱਸਕੇ ਸਸਕਾਰ ਕਰਵਾ ਦਿੱਤਾ। ਜਦ ਕਿ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਨ੍ਹਾਂ ਦੇ ਨਾਮ ਵੋਟਰ ਕਾਰਡਾਂ, ਰਾਸ਼ਨ ਕਾਰਡਾਂ ਅਤੇ ਮਾਲ ਵਿਭਾਗ ਦੇ ਮਹਿਕਮੇ ਦੇ ਰਿਕਾਰਡ ’ਚ ਬਕਾਇਦਾ ਦਰਜ਼ ਸਨ ਅਤੇ ਇਲਾਕੇ ਦੇ ਲੋਕ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਨੇ ਵੀ ਇਸ ਘਟਨਾਂ ’ਚ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਬਲਕਿ ਇਸ ਕੇਸ ਦੀ ਜਾਂਚ ਬੰਦ ਕਰਕੇ ਇਸ ਨੂੰ ਰਫਾ-ਦਫਾ ਕਰ ਦਿੱਤਾ ਗਿਆ। ਇਸ ਖੂਨੀ ਕਾਂਡ ਦੀ ਦਾਸਤਾਨ ਸੁਣਕੇ ਮਨੁੱਖੀ ਰੂਹ ਕੰਬ ਉਠਦੀ ਹੈ। ਹੋਰ ਵੀ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਖੂਨੀ ਕਾਂਡ ਚੋਂ ਬੱਚੇ ਹੋਏ ਲੋਕ ਦਹਿਸ਼ਤ ਕਾਰਨ ਆਪਣੀਆਂ ਅੱਖਾਂ ਸਾਹਮਣੇ ਮਰਨ ਵਾਲਿਆਂ ਦੀਆਂ ਅੰਤਮ ਰਸਮਾਂ ਵੀ ਪੂਰੀ ਨਾ ਕਰ ਸਕੇ। ਪੁਲੀਸ ਤੇ ਪ੍ਰਸ਼ਾਸ਼ਨ ਦੀ ਬੇਰੁਖੀ ਕਾਰਨ ਬਾਕੀ ਬਚੇ ਜੀਆਂ ਨੂੰ ਜਾਨ ਬਚਾਉਣ ਲਈ ਪਿੰਡ ਵੀ ਛੱਡਣਾ ਪਿਆ ਅਤੇ ਦਹਿਸ਼ਤ ਕਾਰਨ ਆਪਣੀਆਂ ਜਾਇਦਾਦਾਂ ਵੀ ਮਿੱਟੀ ਦੇ ਭਾਅ ਦੇਣੀਆਂ ਪਈਆ।
ਉਨ੍ਹਾਂ ਦੱਸਿਆ ਕਿ ਸਿਤਮ ਦੀ ਗੱਲ ਤਾਂ ਇਹ ਹੈ ਕਿ 26 ਸਾਲ ਬੀਤ ਜਾਣ ਤੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਦਰ ਦਰ ਭਟਕ ਰਹੇ ਹਨ ਜਦ ਕਿ ਇਸ ਘਟਨਾਂ ਦਾ ਇਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਜੋ ਇਸ ਦੇਸ਼ ਦੀ ਸਰਕਾਰ ਦੇ ਅਕਸ ’ਤੇ ਨਾ ਮਿਟਣ ਸਕਣ ਵਾਲਾ ਧੱਬਾ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਨੂੰ ਦਿੱਤੇ ਮੈਮੋਰੈਡੰਮ ਵਿਚ ਇਸ ਖੂਨੀ ਕਾਂਡ ’ਚ ਮਰਨ ਵਾਲਿਆਂ ਦੇ ਵਾਰਸਾਂ ਤੇ ਪੀੜਤਾਂ ਨੂੰ ਜੀਵਨ ਨਿਰਬਾਹ ਤੇ ਮੁੜ ਵਸੇਬੇ ਲਈ ਢੁਕਵੀਂ ਸਹਾਇਤਾ ਦਿੱਤੇ ਜਾਣ, ਇਸ ਦੁਖਦਾਈ ਘਟਨਾਂ ਦੀ ਹਾਈਕੋਰਟ ਦੇ ਜੱਜ ਪਾਸੋਂ ਜਾਂਚ ਕਰਵਾਉਣ ਅਤੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਜਥੇ. ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਇਸ ਘਟਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਹਰਿਆਣਾ ਸਰਕਾਰ ਵੱਲੋਂ ਰਿਪੋਰਟ ਪੁੱਜਣ ਤੇ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।
ਗ੍ਰਹਿ ਮੰਤਰੀ ਨੂੰ ਮੈਮੋਰੈਡੰਮ ਦੇਣ ਵਾਲੇ ਡੈਲੀਗੇਸ਼ਨ ’ਚ ਜਥੇ. ਅਵਤਾਰ ਸਿੰਘ ਦੇ ਨਾਲ ਰਾਜ ਸਭਾ ਦੇ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ (ਵਿਰਕ), ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ ਤੇ ਸ. ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਸ. ਪ੍ਰਮਜੀਤ ਸਿੰਘ ਸਰੋਆ ਸ਼ਾਮਲ ਸਨ।