ਮੈਰਿਜ਼ ਪੈਲਸ ਵਿੱਚ ਸ਼ਗਨਾਂ ਦਾ ਰੀਬਨ ਕੱਟਣ ਵੇਲੇ ਜਦੋਂ ਹਾਸਿਆ ਦੀ ਥਾਂ ਚੀਕਾਂ ਨੇ ਲਈ !
ਜਨਵਰੀ ਦੇ ਅਖੀਰਲੇ ਹਫਤੇ ਬਰਨਾਲਾ ਬਾਜ਼ਾਖਾਨਾ ਸੜਕ ਤੇ ਇੱਕ ਮੈਰਿਜ਼ ਪੈਲਸ ਵਿੱਚ ਬਾਣੀਆਂ ਦਾ ਵਿਆਹ ਵੇਖਣ ਦਾ ਮੌਕਾ ਮਿਲਿਆ।ਰਾਤ ਦੇ ਕੋਈ ਨੌ ਵਜੇ ਦੇ ਕਰੀਬ ਅਸੀ ਵਿਆਹ ਵਿੱਚ ਜਾ ਸ਼ਾਮਲ ਹੋਏ।ਭਾਵੇ ਅਸੀ ਯੂਰਪ ਦੀ ਸਰਦੀ ਨੂੰ ਕਾਫੀ ਹੰਢਾਇਆ ਹੈ।ਪਰ ਅੱਜ ਸਾਡੇ ਵੀ ਠੰਡ ਨਾਲ ਦੰਦ ਵੱਜ ਰਹੇ ਸਨ।ਕਾਰਨ ਇਹ ਵੀ ਸੀ ਅਸੀ ਟੌਅਰ ਵਿੱਚ ਫਰਕ ਨਹੀ ਸੀ ਪੈਣ ਦਿੱਤਾ ਕਪੜੇ ਜਿਉ ਪਤਲੇ ਪਾਈ ਫਿਰਦੇ ਸੀ।ਸਾਨੂੰ ਵਿਆਹ ਦਾ ਸੱਦਾ ਲੜਕੀ ਵਾਲੇ ਪਾਸੇ ਤੋਂ ਸੀ।ਇਸ ਕਰਕੇ ਪਹਿਲਾਂ ਹੀ ਪਹੁੰਚ ਗਏ।ਪੂਰੇ ਪੈਲਸ ਤੇ ਬਾਹਰ ਸੜਕ ਤੱਕ ਚਲਦੀਆਂ ਲਾਈਟਾਂ ਨਾਲ ਕੀੜੀ ਦੀ ਖੱਡ ਵੀ ਨਜ਼ਰ ਆਉਦੀ ਸੀ।ਜੰਝ ਨੇ ਤਕਰੀਬਨ ਰਾਤੀ 12 ਵਜੇ ਦੇ ਕਰੀਬ ਉਤਾਰਾ ਕਰਨਾ ਸੀ।ਜਿਵੇਂ ਪੰਜਾਬੀਆਂ ਦੇ ਹੱਥ ਮੂੰਹ ਨਹੀ ਰਹਿੰਦੇ ਅਸੀ 5-6 ਜਾਣੇ ਬਾਹਰ ਲੱਗੀਆਂ ਸਟਾਲਾਂ ਤੋਂ ਖਾਣੇ ਦਾ ਸੁਆਦ ਵੇਖਣ ਲੱਗ ਪਏ।ਵੇਟਰਾਂ ਨੇ ਹਾਲੇ ਖਾਣਾਂ ਤੇ ਸ਼ਰਾਬ ਵਰਤਾਉਣੀ ਸ਼ੁਰੂ ਨਹੀ ਸੀ ਕੀਤੀ,ਪਰ ਨਸ਼ਈ ਬੁਕਲਾਂ ਮਾਰੀ ਜੂਸ ਦੇ ਗਲਾਸ ਵੱਲ ਵੇਖ ਕੇ ਇੱਕ ਦੂਜੇ ਨੂੰ ਕਹਿ ਰਹੇ ਸਨ,ਸਾਲਿਆ ਠੰਢ ਵਿੱਚ ਜੂਸ ਪੀਕੇ ਤੜਕੇ ਕੱਟੇ ਆਂਗੂ ਆਕਿੜਆ ਹੀ ਮਿਲੇਗਾ, ਤੇ ਵਿੱਚ ਬੈਠੇ ਕੁਝ ਕਿ ਉਬਾਸੀਆਂ ਵੀ ਮਾਰ ਰਹੇ ਸਨ।ਕਈ ਕੁਕੜਾਂ ਵਾਗ ਇੱਕਠੇ ਜਿਹੇ ਹੋ ਕੇ ਬਾਹਰ ਠੰਢੇ ਗਾਰਡਨ ਵਿੱਚ ਕੁਰਸੀਆਂ ਉਤੇ ਸਿਰ ਜੋੜੀ ਬੈਠੇ ਸਨ।ਇਤਨੇ ਨੂੰ ਵੇਟਰ (ਫਰੈਂਚ ਫਰਾਈ) ਕੱਟੇ ਆਲੂਆਂ ਦੀ ਪਲੇਟ ਭਰ ਕੇ ਲੈ ਆਇਆ,ਇੱਕ ਰਟਾਇਰ ਪੁਲਸੀਆ ਬੋਲਿਆ,ਇਹ ਫੇਰੇ ਦੇਣਿਆਂ ਖਾ ਕੇ ਬੈਅ ਕਰਾਉਣੀ ਆਂ,ਕੋਈ ਮੀਟ ਮੁਰਗੀ ਲੈ ਆ, ਤੇ ਉਹ ਉਹਨੀ ਪੈਰੀ ਵਾਪਸ ਮੁੜ ਗਿਆ ਮੁੜ ਕੇ ਨਹੀ ਬਹੁੜਿਆ।ਬਾਣੀਆਂ ਨੇ ਕਿਸੇ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ 6-7 ਪਹਿਰੇਦਾਰ ਦੇਸੀ ਰਾਈਫਲਾਂ ਵਾਲੇ ਲਾਏ ਹੋਏ ਸਨ।ਜਿਹਨਾਂ ਦਾ ਸਕਿਉਰਟੀ ਵੱਲ ਘੱਟ ਤੇ ਖਾਣ ਪੀਣ ਵੱਲ ਵੱਧ ਧਿਆਨ ਸੀ।ਦੋ ਜਾਣਿਆਂ ਕੋਲ ਤਾਂ ਰਾਈਫਲ ਦੇ ਰੌਂਦ ਵੀ ਨਹੀ ਸਨ।ਸਿਰਫ ਬਾਲੇ ਜਿਹੇ ਚੁੱਕੀ ਫਿਰਦੇ ਸਨ, ਜਿਵੇਂ ਮੱਝਾ ਚਾਰਨ ਆਏ ਹੋਣ।ਲਗਦਾ ਸੀ ਉਹ ਮਜਬੂਰੀ ਬੱਸ ਹੀ ਖੜੇ ਸਨ।ਸੇਠ ਵਾਰ ਵਾਰ ਕਹਿ ਰਿਹਾ ਤੁਸੀ ਵੱਖਰੇ ਹੋ ਕਿ ਸੜਕ ਤੇ ਗੇਟ ਕੋਲ ਖੜ ਜਾਵੋ, ਇੱਕ ਦੋ ਜਾਣੇ ਅੰਦਰ ਰਹੋ।ਪਰ ਉਹ ਸਾਰੇ ਇੱਕਠੇ ਹੀ ਟੈਂਟ ਵਿੱਚ ਇੱਕ ਦੂਸਰੇ ਨੂੰ ਮਜ਼ਾਕ ਤੇ ਮਜ਼ਾਕ ਕਰ ਰਹੇ ਸਨ।ਜਦੋਂ ਮੈਂ ਇੱਕ ਨੂੰ ਪੁੱਛਿਆ ਕੇ ਤੁਸੀ ਬਾਹਰ ਗੇਟ ਉਪਰ ਕਿਉ ਨਹੀ ਖੜਦੇ,ਤਾਂ ਉਹ ਝੱਟ ਬੋਲਿਆ ਕੋਈ ਰਾਤ ਨੂੰ ਹਨੇਰੇ ਚ ਖੋਹ ਕੇ ਭੱਜ ਜੂ ਮੈਂ ਨਹੀ ਜਾਦਾਂ।ਇੱਕ ਹੌਲੇ ਜਿਹੇ ਭਾਰ ਦਾ ਲੱਕ ਦੁਆਲੇ ਰੌਂਦਾਂ ਵਾਲਾ ਪਟਾ ਬੰਨੀ ਫਿਰਦਾ ਸੀ,ਦੂਸਰਾ ਬੋਲਿਆ,ਆ ਝੁੱਗੇ ਅੰਦਰ ਦੀ ਕਰ ਲਾ ਕੋਈ ਹੱਥ ਪਾਕੇ ਸੁਹਾਗੇ ਆਂ ਗੂੰ ਖੜੀਸਦਾ ਫਿਰੂ, ਤੈਥੋਂ ਤਾਂ ਇਹ ਛੇਤੀ ਪਟਾ ਜਿਹਾ ਖੁੱਲਣਾ ਵੀ ਨਹੀ।ਇਸ ਹਾਸੇ ਮਜ਼ਾਕ ਨੂੰ ਸੁਣਦਿਆਂ ਰਾਤ ਦੇ ਗਿਆਰਾਂ ਵੱਜ ਗੇ,ਜੰਝ ਆਉਣ ਦਾ ਵਕਤ ਹੋ ਗਿਆ ਸੀ।
ਵੇਖਦੇ ਹੀ ਵੇਖਦੇ ਘੋੜੇ ਵਾਲੀ ਬੱਘੀ ਉਤੇ ਦੁਲਹਾ ਤੇ ਪਿੱਛੇ ਕੋਈ 150 ਦੇ ਕਰੀਬ ਜੰਝ ਵਾਲਿਆਂ ਦੇ ਨਾਲ ਨਾਲ ਸਾਈਡ ਤੇ ਤੁਰਦੇ ਹੱਥਾਂ ਵਿੱਚ ਟਿਊਬ ਲਾਈਟਾਂ ਫੜੀ ਭਈਏ ਵੀ ਪਹੁੰਚ ਗਏ।ਸਰਦੀ ਦੀ ਹਨੇਰੀ ਰਾਤ ਵਿੱਚ ਢੋਲ ਦੀ ਡੰਮ ਡੰਮ ਤੇ ਫੌਜੀ ਬੈਂਡ ਦੀਆਂ ਧੁੰਨਾਂ ਸੜਕ ਦੁਆਲੇ ਲਹਿਰਾਉਦੀ ਕਣਕ ਦੀਆਂ ਬੱਲੀਆ ਦੇ ਕਸੀਰ ਖੜੇ ਕਰ ਰਹੀਆਂ ਸਨ।ਗਿੱਧੇ ਭੰਗੜੇ ਪਾਉਦੀ ਜੰਝ ਪੈਲਸ ਦੇ ਗੇਟ ਕੋਲ ਪਹੁੰਚ ਗਈ।ਅੱਗੇ ਲੜਕੀਆਂ ਨੇ ਰਸਮ ਮੁਤਾਬਕ ਰੀਬਨ ਬੰਨ ਕੇ ਅੰਦਰ ਜਾਣ ਵਾਲਾ ਰਸਤਾ ਰੋਕਿਆ ਹੋਇਆ ਸੀ।ਜਿਹਨਾਂ ਵਿੱਚੋਂ ਕਈ ਫੁੱਲਾਂ ਤੇ ਮਠਿਆਈ ਦੇ ਥਾਲ ਲਈ ਖੜੀਆਂ ਸਨ।ਇੱਕ ਥਾਲੀ ਵਿੱਚ ਜੋਤ ਮਗ ਰਹੀ ਸੀ।ਬਾਹਰਲੇ ਪਾਸੇ ਦੁਲਹਾ ਤੇ ਉਸ ਦੇ ਸਾਥੀ ਮੁੰਡੇ ਤੇ ਅੰਦਰ ਵਾਲੇ ਪਾਸੇ ਲੜਕੀਆਂ ਦਰਵਾਜ਼ਾ ਮੱਲੀ ਖੜੀਆਂ ਸਨ।ਦੋਵੇਂ ਪਾਸੀ ਨੋਕ ਝੋਕ ਹਾਸਾ ਠੱਠਾ ਚੱਲ ਰਿਹਾ ਸੀ।ਠੰਡ ਵੀ ਜੋਰ ਫੜ ਗਈ ਸੀ।ਕਈ ਸਰਦੀ ਤੋਂ ਡਰਦੇ ਹਾਲ ਵਿੱਚ ਜਾਣ ਲਈ ਉਤਾਵਲੇ ਸਨ।ਰਾਤ ਦੇ ਪੌਣੇ ਬਾਰਾਂ ਵਜੇ ਦਾ ਵਕਤ ਸੀ।ਇਤਨੇ ਨੂੰ ਵਿੱਚੋਂ ਕਿਸੇ ਨੇ ਸਪਰੇਅ ਮਾਰ ਦਿੱਤੀ, ਤੇ ਉਹ ਸਿੱਧੀ ਜਗਦੀ ਜੋਤ ਉਪਰ ਜਾ ਡਿੱਗੀ। ਇੱਕ ਅੱਗ ਦਾ ਭਾਂਬੜ ਮੱਚ ਉਠਿਆ, ਕੋਲ ਖੜੀਆਂ ਲੜਕੀਆਂ ਵਿੱਚੋਂ ਇੱਕ ਦਾ ਮੂੰਹ ਬੁਰੀ ਤਰ੍ਹਾਂ ਝੁਲਸਿਆ ਗਿਆ, ਨਾਲ ਵਾਲੀ ਲੜਕੀ ਦਾ ਥੋੜਾ ਘੱਟ, ਇੱਕ ਦਮ ਚੀਖ ਚਿਹਾੜਾ ਮੱਚ ਗਿਆ।ਲੜਕੀ ਦਾ ਮੂੰਹ ਬੁਰੀ ਤਰ੍ਹਾਂ ਮੱਚ ਚੁਕਿਆ ਸੀ।ਦਰਦ ਦੀਆਂ ਚੀਕਾਂ ਅਸਮਾਨ ਪਾੜ ਰਹੀਆਂ ਸਨ।ਕਿਸੇ ਨੇ ਉਸ ਦੀਆਂ ਲੱਤਾਂ ਤੇ ਕਿਸੇ ਨੇ ਉਸ ਦੀਆਂ ਬਾਹਾਂ ਫੜ ਬਾਹਰ ਖੜੀ ਗੱਡੀ ਦੀ ਸੀਟ ਉਪਰ ਪਾਲਿਆ ਤੇ ਨੇੜਲੇ ਹਸਪਤਾਲ ਨੂੰ ਲੈ ਕੇ ਭੱਜ ਪਏ। ਰਸਮੋ ਰਵਾਜ ਸਭ ਵਿਸਰ ਗਏ।ਉਥੇ ਨੇੜੇ ਕੋਈ ਵੱਡਾ ਹਸਪਤਾਲ ਵੀ ਨਹੀ ਸੀ।ਪਤਾ ਨਹੀ ਉਹ ਇਤਨੀ ਰਾਤ ਗਏ ਕਿਹੜੇ ਹਸਪਤਾਲ ਲੈ ਕੇ ਗਏ।ਪੈਲਸ ਦੇ ਗੇਟ ਅੱਗੇ ਹਫੜਾ ਦਫੜਾ ਮੱਚ ਗਈ।ਕਿਸੇ ਨੇ ਸੋਚਿਆ ਕਿ ਇਹ ਕਾਰਾ ਜਾਣ ਬੁਝ ਕੇ ਸ਼ਾਦੀ ਖਰਾਬ ਕਰਨ ਲਈ ਕੀਤਾ ਹੈ।‘ਇਹ ਕੀਹਨੇ ਕੀਤਾ’,‘ਇਹ ਕੀਹਨੇ ਕੀਤਾ’ਕੋਈ ਦੂਰੋਂ ਭੱਜਿਆ ਭੱਜਿਆ ਆਇਆ ਤੇ ਪੈਂਦੀ ਸੱਟੇ ਹੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਦੋ ਹਵਾਈ ਫੈਰ ਕਰ ਦਿੱਤੇ। ਇੱਕ ਗੋਲੀ ਹਾਲ ਦੀ ਛੱਤ ਵਿੱਚ ਵੀ ਲੱਗੀ,ਬਾਅਦ ਵਿੱਚ ਪਤਾ ਲੱਗਿਆ ਕਿ ਇਹ ਲੜਕੀ ਵਾਲੇ ਪਾਸੇ ਤੋਂ ਹੀ ਸੀ,ਜਿਸ ਨੇ ਘਬਰਾ ਕੇ ਫੇਰ ਕਰ ਦਿੱਤੇ ਸਨ।ਇਤਨੇ ਨੂੰ ਸਕਿਉਰਟੀ ਵਾਲੇ ਨੇ ਆ ਕੇ ਉਸ ਦੇ ਪਿਸਤੌਲ ਵਿੱਚੋਂ ਗੋਲੀਆਂ ਬਾਹਰ ਕੱਢ ਦਿੱਤੀਆਂ। ਜੰਝ ਨੇ ਇਸ ਗੱਲ ਵਿੱਚ ਆਪਣੀ ਬੇਇਜ਼ਤੀ ਮਹਿਸੂਸ ਕੀਤੀ।ਕੁਝ ਕਿ ਹਾਲ ਵਿੱਚ ਜਾਣ ਤੋਂ ਅੜ ਗਏ,ਕਈ ਘੁਸਰ ਮੁਸਰ ਜਿਹੀ ਕਰਦੇ ਕਹਿ ਰਹੇ ਸਨ।ਇੱਕ ਤਾਂ ਲੜਕੀ ਲੂਹੀ ਗਈ,ਉਪਰੋਂ ਇਹ ਗੋਲੀਆਂ ਚਲਾ ਰਹੇ ਨੇ।ਲੜਕੀ ਵਾਲੇ ਪਾਸੇ ਤੋਂ ਕੁਝ ਪਤਵੰਤੇ ਮਹਿਮਾਨ ਵੀ ਆਏ ਹੋਏ ਸਨ।ਸਮਝਦਾਰਾਂ ਨੇ ਪਿੰਡ ਦੀ ਇਜ਼ਤ ਦਾ ਸੁਆਲ ਸਮਝ ਕੇ ਜੰਝ ਵਾਲਿਆਂ ਦੇ ਮਿੰਨਤਾਂ ਤਰਲੇ ਕੀਤੇ, ਗਲਤੀ ਮੰਨੀ ਤਾਂ ਕਿਤੇ ਜਾ ਕੇ ਠੰਡੇ ਹੋਏ।ਮਸਾ ਹੀ ਪੈਰ ਘਸੀਟਦੇ ਹਾਲ ਅੰਦਰ ਗਏ।ਅੰਦਰ ਡੀ ਜ਼ੇ ਵੱਜ ਰਿਹਾ ਸੀ।ਪਰ ਭੰਗੜਾ ਕੋਈ ਵੀ ਨਹੀ ਸੀ ਪਾ ਰਿਹਾ ਸਵਾਏ ਡਾਨਸਰਾਂ ਦੇ,ਸ਼ਗਨ ਪਾਉਦੇ ਵਕਤ ਲੋਕੀ ਬੁਝੇ 2 ਲੱਗ ਰਹੇ ਸਨ।ਖੁਸੀਆਂ ਦਾ ਮਹੌਲ ਚੁੱਪ ਵਿੱਚ ਬਦਲਿਆ ਪਿਆ ਸੀ।ਪਿੰਡ ਦੇ ਲੋਕੀ ਕਹਿ ਰਹੇ ਸਨ ਸਭ ਦੀ ਇਜ਼ਤ ਰਹਿ ਗਈ।ਰਾਤ ਦੇ ਤਿੰਨ ਵਜੇ ਦਾ ਵਕਤ ਸੀ,ਥੋੜਾ ਸੁਖਾਵਾਂ ਮਹੌਲ ਹੋ ਗਿਆ।ਸਭ ਅਰਾਮ ਨਾਲ ਖਾ ਪੀ ਰਹੇ ਸਨ। ਇਹ ਮਹੌਲ ਬਹੁਤੀ ਦੇਰ ਟਿੱਕ ਨਾ ਸਕਿਆ, ਇਤਨੇ ਨੂੰ ਬਾਹਰ ਸੜਕ ਤੇ ਕੁੱਟ ਕੁਟਾਪੇ ਦਾ ਰੌਲਾ ਪੈ ਗਿਆ।ਚਾਰ ਪੰਜ਼ ਲੜਕੇ ਬਜੁਰਗ ਚੌਕੀਦਾਰ ਨੂੰ ਕੁੱਟ ਰਹੇ ਸਨ।ਜਿਹੜਾਂ ਕਾਰਾਂ ਦੀ ਪਾਰਕਿੰਗ ਦੀ ਨਿਗਰਾਨੀ ਕਰਦਾ ਸੀ।ਜਦੋਂ ਭੱਜ ਕੇ ਉਥੇ ਗਏ ਤਾਂ ਪਤਾ ਲੱਗਿਆ, ਇਹਨਾਂ ਮੁੰਡਿਆਂ ਦੀ ਕਾਰ ਵਿੱਚੋਂ ਕਿਸੇ ਨੇ ਸਪੀਕਰ ਖੋਲ ਲਏ ਹਨ।ਪਰ ਗੁੱਸਾ ਉਹ ਚੌਕੀਦਾਰ ਤੇ ਕੱਢ ਰਹੇ ਸਨ।ਇਤਨੇ ਉਥੇ ਹੋਰ ਸਕਿਉਰਟੀ ਵਾਲੇ ਆ ਗਏ, ਉਹਨਾਂ ਨੇ ਆਉਦਿਆਂ ਦੀ ਮੁੰਡਿਆਂ ਦੀ ਵਾਹਵਾ ਖਿੱਚ ਧੂਹ ਕੀਤੀ।ਸੁਖਾਵਾਂ ਹੋਇਆ ਮਹੌਲ ਤਨਾਅ ਵਿੱਚ ਬਦਲ ਗਿਆ।ਸੱਦੇ ਹੋਏ ਪ੍ਰਹੁਣਿਆਂ ਨੇ ਘਰਾਂ ਨੂੰ ਮੋੜੇ ਪਾਉਣੇ ਸੁਰੂ ਕਰ ਦਿੱਤੇ।ਹਰ ਪਾਸੇ ਲੜਾਈ ਦੀਆਂ ਗੱਲਾਂ ਹੋ ਰਹੀਆਂ ਸਨ।‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ਵਾਲੀ ਕਹਾਵਤ ਵਾਂਗ ਕਈ ਮੁਫਤ ਖੋਰੇ ਸ਼ਰਾਬੀ ਹੋਏ ਫਿਰਦੇ ਸਨ।ਸਾਡਾ ਡਰਾਈਵਰ ਵੀ ਇਸ ਗਿਣਤੀ ਵਿੱਚ ਸੀ।ਉਸ ਨਾਲ ਮੈਂ ਨਿਰਾਜ਼ ਵੀ ਹੋਇਆ, ਸਵੇਰ ਦੇ ਚਾਰ ਵਜੇ ਮੈਂ ਗੱਡੀ ਨੂੰ ਦੂਸਰੇ ਤੀਸਰੇ ਗੇਅਰ ਵਿੱਚ ਪਾਕੇ ਹਨੇਰੀ ਰਾਤ ਵਿੱਚ ਵਹਿਗੁਰੂ ਵਾਹਿਗੁਰੂ ਕਰਦਾ ਮੱਝ ਦੀ ਚਾਲ ਤੋਰ ਕੇ ਘਰ ਲੈ ਆਇਆ।ਕਿਉ ਕਿ ਮੈਂ ਵੀ ਕਾਰ ਪਹਿਲੀ ਵਾਰ ਇੰਡੀਆ ਵਿੱਚ ਚਲਾਈ ਸੀ।ਅਗਲੇ ਦਿੱਨ ਸਵੇਰੇ ਪਤਾ ਲੱਗਿਆ,ਕਿ ਪੁਲੀਸ ਨੇ ਚੌਕੀਦਾਰ ਤੇ ਮੁੰਡੇ ਠਾਣੇ ਬੁਲਾਏ ਹੋਏ ਨੇ।ਕਿਉ ਕਿ ਮੈਰਿਜ਼ ਪੈਲਸ ਵਾਲਿਆਂ ਨੇ ਰੀਪੋਰਟ ਦਰਜ਼ ਕਰਵਾ ਦਿੱਤੀ ਸੀ।ਤੇ ਨਾਲ ਇਹ ਵੀ ਪਤਾ ਲੱਗਿਆ ਸੀ ਕਿ ਸੜ ਚੁੱਕੇ ਚਿਹਰੇ ਵਾਲੀ ਲੜਕੀ ਨੂੰ ਨੇੜਲੇ ਹਸਪਤਾਲ ਵਾਲਿਆਂ ਨੇ ਜਬਾਬ ਦੇ ਦਿੱਤਾ ਹੈ, ਤੇ ਉਸ ਨੂੰ ਰਾਤੋ ਰਾਤ ਬਠਿੰਡੇ ਦੇ ਕਿਸੇ ਨਾਮਵਰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਸੀ।ਜਿਹੜੀ ਕਿ ਇਹ ਸਤਰਾਂ ਲਿਖਣ ਤੱਕ ਜੇਰੇ ਇਲਾਜ਼ ਸੀ।ਤਾਹੀਓ ਤਾਂ ਕਹਿਣਾ ਪਿਆ ਵਿਆਹ ਬਾਣੀਆਂ ਦਾ ਸੀ ਪਰ ਲਗਦਾ ਨਹੀ ਸੀ।