ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਆਪਸੀ ਸਹਿਯੋਗ ਨਾਲ ਸਿੱਖੀ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ਵੱਲ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿਢਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀਆਂ, ਸ. ਜੋਗਿੰਦਰ ਸਿੰਘ ਜੋਗੀ (ਸਾਬਕਾ ਪ੍ਰਧਾਨ), ਸ. ਮਹਿੰਦਰਪਾਲ ਸਿੰਘ ਢਿਲੋਂ (ਜਨਰਲ ਸਕੱਤਰ) ਅਤੇ ਸ. ਸੇਵਾ ਸਿੰਘ (ਮੈਂਬਰ) ਦੀ ਸਾਂਝੀ ਬੈਠਕ ਵਿਚ ਕੀਤਾ ਗਿਆ। ਇਸ ਬੈਠਕ ਵਿਚ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਨਾਮਜ਼ਦ ਮੈਂਬਰ ਸ. ਭਜਨ ਸਿੰਘ ਵਾਲੀਆ (ਸੀਨੀਅਰ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ) ਵੀ ਹਾਜ਼ਰ ਸਨ।
ਇਸ ਬੈਠਕ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਦੂਜੇ ਮੈਂਬਰਾਂ ਨੇ ਸਿੱਖ ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟਦਿਆਂ ਜਾਣ ਪੁਰ ਡੂੰਘੀ ਚਿੰਤਾ ਪ੍ਰਗਟ ਕੀਤੀ। ਪਟਨਾ ਸਾਹਿਬ ਦੇ ਪ੍ਰਤੀਨਿਧੀਆਂ ਸ. ਜੋਗਿੰਦਰ ਸਿੰਘ ਜੋਗੀ, ਸ. ਮਹਿੰਦਰਪਾਲ ਸਿੰਘ ਢਿਲੋਂ, ਅਤੇ ਸੇਵਾ ਸਿੰਘ ਨੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਇਸ ਪਾਸੇ ਆਪਸੀ ਸਹਿਯੋਗ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਜਿਸ ਨੂੰ ਦਿੱਲੀ ਕਮੇਟੀ ਦੇ ਅੰਤਿੰ੍ਰਗ ਬੋਰਡ ਦੇ ਮੈਂਬਰਾਂ ਦੀ ਸਹਿਮਤੀ ਨਾਲ ਸ. ਪਰਮਜੀਤ ਸਿੰਘ ਸਰਨਾ ਨੇ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਜ਼ਿੰਮੇਂ ਜੋ ਵੀ ਸੇਵਾ ਲਾਈ ਜਾਇਗੀ, ਉਸ ਨੂੰ ਨਿਭਾਉਣ ਵਿਚ ਕਮੇਟੀ ਦੇ ਪ੍ਰਬੰਧਕਾਂ ਨੂੰ ਖੁਸ਼ੀ ਹੋਵੇਗੀ। ਉਹ ਜੋ ਵੀ ਯੋਗਦਾਨ ਕਰ ਸਕੇ ਉਹ ਕਰਨ ਲਈ ਤਿਆਰ ਹੋਣਗੇ। ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਦੋਹਾਂ ਪੱਖਾਂ ਦੇ ਪ੍ਰਤੀਨਿਧੀ ਆਪੋ ਵਿਚ ਸਲਾਹ-ਮਸ਼ਵਰਾ ਕਰ ਅਜਿਹਾ ਪ੍ਰੋਗਰਾਮ ਬਣਾਉਣ, ਜਿਸ ਅਨੁਸਾਰ ਧਰਮ ਪ੍ਰਚਾਰ ਦੇ ਖੇਤਰ ਵਿਚ ਪ੍ਰਭਾਵੀ ਕਾਰਜ ਕੀਤਾ ਜਾ ਸਕੇ।
ਬੈਠਕ ਤੋਂ ਬਾਅਦ ਸ. ਪਰਮਜੀਤ ਸਿੰਘ ਸਰਨਾ ਨੇ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੇ ਪ੍ਰਤੀਨਿਧੀਆਂ ਨੂੰ ਨਿਜੀ ਤੌਰ ਤੇ ਬੇਨਤੀ ਕਰਦਿਆਂ ਕਿਹਾ ਕਿ ਉਹ ਪੰਥ ਦੇ ਵੱਡੇ ਹਿਤਾਂ ਨੂੰ ਮੁਖ ਰੱਖਦਿਆਂ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁਖੀਆਂ ਨਾਲ ਸਲਾਹ-ਮਸ਼ਵਰਾ ਕਰਕੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਪੰਥ ਵਿਚ ਪੈਦਾ ਹੋਈ ਦੁਬਿਧਾ ਨੂੰ ਦੂਰ ਕਰਨ ਵਿਚ ਮੁੱਖ ਭੂਮਿਕਾ ਅਦਾ ਕਰਨ । ਉਨ੍ਹਾਂ ਕਿਹਾ ਕਿ ਇਸ ਦੁਬਿਧਾ ਕਾਰਣ ਸਿੱਖ-ਪੰਥ ਵਿਚ ਵੰਡੀਆਂ ਪੈਣ ਦੀ ਜੋ ਸੰਭਾਵਨਾ ਪੈਦਾ ਹੋ ਰਹੀ ਉਸ ਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਣਾ ਚਾਹੀਦਾ ਹੈ।