ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਸਨਮਾਨਿਤ ਕੀਤੇ ਜਾਣ ਤੇ ਅਮਰੀਕਾ ਅਤੇ ਕੈਨੇਡਾ ਵਿਚ ਵਸਦੇ ਅਨੇਕਾਂ ਪੁਰਾਣੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਵੱਲੋਂ ਲਗਾਤਾਰ ਮੁਬਾਰਕਾਂ ਪਹੁੰਚ ਰਹੀਆਂ ਹਨ। ਅਮਰੀਕਾ ਦੇ ਸ਼ਹਿਰ ਸੇਂਟ ਲੂਈਸ ਵਿਖੇ ਮੌਨਸੈਂਟੋ ਕੰਪਨੀ ਦੇ ਡਾਇਰੈਕਟਰ ਖੋਜ ਅਤੇ ਭਾਰਤ ਵਿੱਚ ਵਸਦਿਆਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਰਫੀ ਅਹਿਮਦ ਕਿਦਵਾਈ ਪੁਰਸਕਾਰ ਵਿਜੇਤਾ ਵਿਗਿਆਨੀ ਡਾ: ਅਮਰਜੀਤ ਸਿੰਘ ਬਸਰਾ ਨੇ ਮੁਬਾਰਕ ਦਿੰਦਿਆਂ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਖੇਤੀਬਾੜੀ ਖੋਜ, ਪਸਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਲੀਹਾਂ ਤੋਰ ਕੇ ਜਿਥੇ ਦੇਸ਼ ਦੀ ਖੇਤੀਬਾੜੀ ਖੋਜ ਅਤੇ ਸਿੱਖਿਆ ਨੂੰ ਨਵਾਂ ਰੂਪ ਦਿੱਤਾ ਉਥੇ ਪੰਜਾਬ ਦੀ ਖੇਤੀਬਾੜੀ ਨੂੰ ਵੀ ਚਿਰਸਥਾਈ ਲੀਹਾਂ ਤੇ ਕਾਮਯਾਬੀ ਨਾਲ ਤੋਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਲਈ ਜਿਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਵਧਾਈ ਦੇ ਹੱਕਦਾਰ ਹਨ ਉਥੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ¦ਗਾਹ ਵੀ ਪ੍ਰਸੰਸਾ ਦੇ ਹੱਕਦਾਰ ਹਨ। ਆਪਣੇ ਵਧਾਈ ਸੰਦੇਸ਼ ਵਿੱਚ ਡਾ: ਬਸਰਾ ਨੇ ਕਿਹਾ ਹੈ ਕਿ ਡਾ: ਕੰਗ ਦੀ ਦੂਰ ਅੰਦੇਸ਼ੀ ਅਤੇ ਯੋਗ ਅਗਵਾਈ ਸਦਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਣ ਵਿਸ਼ਵ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚ ਜਾਣੀ ਜਾਂਦੀ ਹੈ। ਡਾ: ਬਸਰਾ ਨੇ ਲਿਖਿਆ ਹੈ ਕਿ ਮੈਨੂੰ ਇਸ ਗੱਲ ਦਾ ਚਾਅ ਇਸ ਲਈ ਵੀ ਵਧੇਰੇ ਹੈ ਕਿਉਂਕਿ ਮੈਂ ਇਸ ਮਹਾਨ ਯੂਨੀਵਰਸਿਟੀ ਵਿੱਚ ਪੜਿਆ ਵੀ ਹਾਂ ਅਤੇ ਇਥੇ ਪੜਾਇਆ ਵੀ ਹੈ।
ਡਾ: ਬਸਰਾ ਨੇ ਲਿਖਿਆ ਹੈ ਕਿ ਅਨਾਜ ਦੀ ਘਾਟ ਅਤੇ ਵਧਦੀ ਅਬਾਦੀ ਕਾਰਨ ਦੇਸ਼ ਲਈ ਭੋਜਨ ਸੁਰੱਖਿਆ ਦੀ ਲਟਕਦੀ ਤਲਵਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਮੀ ਪੱਧਰ ਤੇ ਖੇਤੀਬਾੜੀ ਸਿੱਖਿਆ,ਖੋਜ ਅਤੇ ਪਸਾਰ ਕਾਰਜਾਂ ਲਈ ਵੱਧ ਧਨ ਜੁਟਾਉਣ ਦੀ ਲੋੜ ਹੈ ਤਾਂ ਜੋ ਵਿਗਿਆਨੀ ਅਜ਼ਾਦ ਮਨ ਨਾਲ ਖੋਜ ਕਾਰਜਾਂ ਨੁੰ ਕੌਮੀ ਹਿਤ ਵਿਚ ਅੱਗੇ ਤੋਰ ਸਕਣ। ਡਾ: ਬਸਰਾ ਨੇ ਸ: ਪਰਕਾਸ਼ ਸਿੰਘ ਬਾਦਲ ਦੇ ਸੁਪਨਿਆਂ ਦੀ ਪੂਰਤੀ ਲਈ ਡਾ: ਮਨਜੀਤ ਸਿੰਘ ਕੰਗ ਨੂੰ ਪੇਂਡੂ ਨੌਜਵਾਨਾਂ ਲਈ ਬੀ ਐਸ ਸੀ ਖੇਤੀਬਾੜੀ ਅਤੇ ਬੀ ਐਸ ਸੀ ਹੋਮ ਸਾਇੰਸ ਛੇ ਸਾਲਾ ਸਿੱਖਿਆ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਮੁਬਾਰਕਬਾਦ ਦਿੱਤੀ ਹੈ ਕਿਉਂਕਿ ਸ਼ਹਿਰੀ ਬੱਚਿਆਂ ਨਾਲੋਂ ਪੇਂਡੂ ਬੱਚਿਆਂ ਵਿੱਚ ਖੇਤੀਬਾੜੀ ਲਈ ਵਧੇਰੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਹੁੰਦੀ ਹੈ। ਉਨ੍ਹਾਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਝੋਨਾ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਖੋਜ ਨੂੰ ਸਮੁੱਚਾ ਵਿਸ਼ਵ ਸਲਾਹਉਂਦਾ ਹੈ ਉਵੇਂ ਹੀ ਡਾ: ਮਨਜੀਤ ਸਿੰਘ ਕੰਗ ਵੱਲੋਂ ਪੰਜਾਬ ਦੀ ਖੇਤੀਬਾੜੀ ਨੂੰ ਨਵੇਂ ਦਿਸਹੱਦਿਆਂ ਤੀਕ ਪਹੁੰਚਾਉਣ ਲਈ ਜਿੰਮੇਂਵਾਰ ਸਮਝਿਆ ਜਾਵੇਗਾ। ਡਾ: ਬਸਰਾ ਨੇ ਕਿਹਾ ਹੈ ਕਿ ਡਾ: ਮਨਜੀਤ ਸਿੰਘ ਕੰਗ ਦੀ ਪਹਿਲਕਦਮੀ ਸਦਕਾ ਅਮਰੀਕਾ ਦੀਆਂ ਲਗਪਗ ਸਭ ਪ੍ਰਮੁਖ ਯੂਨੀਵਰਸਿਟੀਆਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਗਿਆਨ ਵਿਗਿਆਨ ਅਦਾਨ ਪ੍ਰਦਾਨ ਅਤੇ ਖੇਤੀਬਾੜੀ ਖੋਜ ਅਤੇ ਸਿਖਲਾਈ ਅਹਿਦਨਾਮਾ ਕਾਮਯਾਬੀ ਨਾਲ ਚੱਲ ਰਿਹਾ ਹੈ ਅਤੇ ਇਹ ਦੂਰਦ੍ਰਿਸ਼ਟੀ ਤੋਂ ਬਿਨਾਂ ਸੰਭਵ ਨਹੀਂ ਹੈ। ਡਾ:ਬਸਰਾ ਨੇ ਆਖਿਆ ਕਿ ਜਿਵੇਂ ਡਾ: ਪੀ ਐਨ ਥਾਪਰ ਅਤੇ ਡਾ: ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹਰੇ ਇਨਕਲਾਬ ਨੇ ਛੇਵੇਂ ਦਹਾਕੇ ਵਿੱਚ ਪੰਜਾਬ ਦੀ ਸ਼ਾਨ ਵਧਾਈ ਸੀ, ਹੁਣ ਉਹ ਦਿਨ ਦੂਰ ਨਹੀਂ ਜਦ ਡਾ: ਮਨਜੀਤ ਸਿੰਘ ਕੰਗ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਪ੍ਰਸਿੱਧ ਅਤੇ ਸਿਰਕੱਢ ਯੂਨੀਵਰਸਿਟੀਆਂ ਵਿੱਚ ਉਚੇਰਾ ਸਥਾਨ ਹਾਸਿਲ ਹੋਵੇਗਾ।
ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੇ ਜਾਣ ਤੇ ਵਿਦੇਸ਼ ਵਸਦੇ ਵਿਗਿਆਨੀ ਡਾ: ਬਸਰਾ ਵੱਲੋਂ ਮੁਬਾਰਕਾਂ
This entry was posted in ਖੇਤੀਬਾੜੀ.