ਅੰਮ੍ਰਿਤਸਰ:- ਹੋਂਦ ਚਿਲੜ ਕਾਂਡ ਸਿੱਖ ਭਾਈਚਾਰੇ ’ਤੇ ਜਬਰ, ਜੁਲਮ ਤੇ ਤਸ਼ੱਦਦ ਦੀ ਮੂੰਹ ਬੋਲਦੀ ਖ਼ੂਨੀ ਦਾਸਤਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਅਜਿਹੇ ਜਬਰ ਜੁਲਮ ਦਾ ਟਾਕਰਾ ਕਰਨ ਲਈ ਅੱਜ ਸਮੁੱਚੀ ਸਿੱਖ ਕੌਮ ਨੂੰ ਜਥੇਬੰਦ ਹੋਣ ਦੀ ਲੋੜ ਹੈ ਅਤੇ ਇਸ ਗੱਲ ਲਈ ਗੰਭੀਰ ਹੋਣਾ ਚਾਹੀਦਾ ਹੈ ਕਿ ਅੱਗੇ ਤੋਂ ਕੋਈ ਅਜਿਹਾ ਕਾਂਡ ਨਾ ਵਾਪਰੇ। ਅੱਜ ਕਈ ਲੋਕ ਪੰਥ ਵਿਰੋਧੀ ਸ਼ਕਤੀਆਂ ਦੀ ਪਿੱਠ ਪੂਰ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਹੋਂਦ ਚਿਲੜ ਕਾਂਡ ’ਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੇ ਨਮਿਤ ਆਤਮਿਕ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ ਆਪਣੀ ਤੇ ਦੂਸਰਿਆਂ ਦੀ ਰੱਖਿਆ ਲਈ ਟੈਲੀਵਿਜ਼ਨਾਂ ਦੀ ਨਹੀਂ ਬਲਕਿ ਰਿਵਾਇਤੀ ਸ਼ਸ਼ਤਰਾਂ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਚੁਨੌਤੀ ਦੇਣ ਵਾਲੇ ਜ਼ਰ ਖ਼ਰੀਦ ਲੋਕਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਦੁਸ਼ਮਨ ਦਾ ਦਸਤਾ ਨਾ ਬਨਣ ਸਗੋਂ ਕੌਮ ਦੀ ਢਾਲ ਬਣ ਕੇ ਅੱਗੇ ਆਉਣ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੇਕਸੂਰ ਨੌਜਵਾਨ ਅੱਜ ਬਜ਼ੁਰਗੀ ਦੇ ਅਲਮ ਵਿਚ ਪੁੱਜ ਗਏ ਹਨ ਦੀ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਵੀ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਸਿੱਖ ਕੌਮ ਨੂੰ ਅਦੇਸ਼ ਕੀਤਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ’ਤੇ ਚਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਨਵੰਬਰ 1984 ’ਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਸਿੱਖਾਂ ਤੇ ਕੀਤੇ ਹਮਲੇ ਸਮੇਂ ਦੀ ਹਕੂਮਤ ਵਲੋਂ ਨਿਸਚਤ ਰੂਪ ’ਚ ਸਿੱਖ ਕੌਮ ਨੂੰ ਨੇਸਤੋਨਾਬੂਦ ਕੀਤੇ ਜਾਣ ਦੀ ਸਾਜ਼ਿਸ਼ ਸੀ ਅਤੇ ਹਰਿਆਣੇ ਦੇ ਰਿਵਾੜੀ ਜਿਲ੍ਹੇ ’ਚ ਪਿੰਡ ਹੋਂਦ ਚਿਲੜ ਵਿਖੇ ਸਿੱਖ ਪ੍ਰੀਵਾਰਾਂ ਦਾ ਯੋਜਨਾ ਬੱਧ ਕਤਲੇਆਮ ਵੀ ਇਸ ਦਾ ਇਕ ਹਿੱਸਾ ਸੀ ਜੋ 26 ਸਾਲ ਬਾਅਦ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਜੁਲਮੀਕਾਰਾ ਅਬਦਾਲੀ ਤੇ ਲੱਖਪਤ ਰਾਏ ਦੇ ਜ਼ਬਰ ਨੂੰ ਵੀ ਮਾਤ ਪਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਰ ਸੰਹਾਰ ਲੋਕਤੰਤਰ ’ਤੇ ਕਲੰਕ, ਬੱਜਰ ਗੁਨਾਹ ਅਤੇ ਅਕ੍ਰਿਤਘਣਤਾ ਦਾ ਪ੍ਰਤੀਕ ਜਿਸ ਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ 1984 ’ਚ ਵਾਪਰੇ ਇਸ ਨਰਸੰਹਾਰ ਦੇ ਦੋਸ਼ੀਆਂ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਜੇਕਰ ਕਿਸੇ ਦੀ ਪਹਿਚਾਣ ਹੋ ਗਈ ਤਾਂ ਉਸ ਨੂੰ ਬਚਾਉਣ ਦੇ ਯਤਨ ਕੀਤੇ ਗਏ। ਇਨੇ ਵੱਡੇ ਜ਼ਬਰ ਜੁਲਮ ਕਾਰਨ ਸਿੱਖ ਕੌਮ ’ਚ ਭਾਰੀ ਰੋਸ ਤੇ ਰੋਹ ਹੈ ਅਤੇ ਕੌਮ ਇਸ ਘਟਨਾ ਦਾ ਉਤਰ ਮੰਗਦੀ ਹੈ।
ਉਨ੍ਹਾਂ ਦੱਸਿਆ ਕਿ ਮੈਂ ਖੁਦ ਘਟਨਾ ਵਾਲੀ ਥਾਂ ’ਤੇ ਜਾ ਕੇ ਜਾਇਜਾ ਲਿਆ ਅਤੇ ਅੱਖੀਂ ਵੇਖਣ ਵਾਲਿਆਂ ਪਾਸੋਂ ਇਸ ਖੂਨੀ ਕਾਂਡ ਦੀ ਦਾਸਤਾਨ ਸੁਣਕੇ ਲੂੰ ਕੰਡੇ ਖੜ੍ਹੇ ਹੋ ਗਏ। ਉਨ੍ਹਾਂ ਕਮਿਸ਼ਨਰ ਪਾਸੋਂ ਕਰਵਾਈ ਜਾਂਚ ਨੂੰ ਮੂਲੋਂ ਹੀ ਰੱਦ ਕਰਦਿਆਂ ਇਸ ਘਟਨਾ ਦੀ ਹਾਈਕੋਰਟ ਦੇ ਜੱਜ ਪਾਸੋਂ ਜਾਂਚ ਕਰਾਏ ਜਾਣ ਅਤੇ ਦੋਸ਼ੀਆਂ ਦੀ ਸਨਾਖ਼ਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦਹਿਸ਼ਤ ਦੇ ਸਾਏ ਹੇਠ ਪੀੜਤਾਂ ਪਾਸੋਂ ਕੌਡੀਆਂ ਦੇ ਭਾਅ ਖ਼ਰੀਦ ਕੀਤੀਆਂ ਜ਼ਮੀਨਾਂ ਉਨ੍ਹਾਂ ਨੂੰ ਵਾਪਸ ਕੀਤੀਆਂ ਜਾਣ ਅਤੇ ਲੁੱਟੇ ਹੋਏ ਸਮਾਨ ਦਾ ਨਵੇਂ ਸਿਰਿਓਂ ਮੁਆਵਜਾ ਤਹਿ ਕੀਤਾ ਜਾਵੇ। ਉਨ੍ਹਾਂ ਦੱਸਿਆ ਪੀੜਤ ਪ੍ਰੀਵਾਰਾਂ ਦੇ ਘਰ ਜੋ ਢਾਹ ਕੇ ਜ਼ਮੀਨ ’ਚ ਮਿਲਾ ਦਿੱਤੇ ਗਏ ਉਸ ਥਾਂ ਪੁਰ ਪੀੜਤ ਪ੍ਰੀਵਾਰ ਦੀ ਰਾਏ ਅਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਢੁੱਕਵੀਂ ਯਾਦਗਾਰ ਉਸਾਰੀ ਜਾਵੇਗੀ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਪੀੜਤ ਪ੍ਰੀਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 2-2 ਲੱਖ ਰੁਪਏ ਦਿੱਤੇ ਜਾਣਗੇ ਅਤੇ ਇਨ੍ਹਾਂ ਦੇ ਬੱਚਿਆਂ ਚੋਂ ਜਿਹੜੇ ਵਿਦਿਅਕ ਯੋਗਤਾ ਪੂਰੀ ਕਰਦੇ ਹੋਣਗੇ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਹੋਂਦ ਚਿੱਲੜ ਕਾਂਡ ਦੇ ਪੀੜਤ ਪ੍ਰੀਵਾਰਾਂ ਦੇ ਮੈਂਬਰ ਸ. ਇੰਦਰ ਸਿੰਘ, ਸ. ਬਲਵੰਤ ਸਿੰਘ, ਸ. ਹਰਨਾਮ ਸਿੰਘ, ਸ. ਪ੍ਰਤਾਪ ਸਿੰਘ, ਸ. ਸਾਵਣ ਸਿੰਘ, ਸ. ਉਤਮ ਸਿੰਘ, ਸ. ਪ੍ਰੇਮ ਸਿੰਘ, ਸ. ਚਤਰ ਸਿੰਘ, ਸ. ਕੇਸਰ ਸਿੰਘ, ਸ. ਰਣਜੀਤ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ ਅਤੇ ਅਰਦਾਸ ਸਮਾਗਮ ’ਚ ਸ਼ਾਮਲ ਹੋਣ ਵਾਲੀਆਂ ਸਮੂਹ ਧਾਰਮਿਕ ਸਭਾ-ਸੁਸਾਇਟੀਆਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਟਕਸਾਲਾਂ, ਸੰਤ ਸਮਾਜ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਸਕੱਤਰ ਸ. ਦਲਮੇਘ ਸਿੰਘ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਸੰਤ ਹਰਨਾਮ ਸਿੰਘ ਖਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਤੇ ਸ. ਮੰਗਲ ਸਿੰਘ ਸਿਧੂ, ਮੈਂਬਰ ਸ਼੍ਰੋਮਣੀ ਕਮੇਟੀ ਸ. ਗੋਪਾਲ ਸਿੰਘ ਜਾਣੀਆ, ਸ. ਜਗੀਰ ਸਿੰਘ ਵਰਪਾਲ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਸ. ਕਸ਼ਮੀਰ ਸਿੰਘ ਬਰਿਆਰ, ਸ. ਸਵਿੰਦਰ ਸਿੰਘ ਦੋਬਲੀਆ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਦਿਲਬਾਗ ਸਿੰਘ ਪਠਾਨਕੋਟ, ਬੀਬੀ ਭਜਨ ਕੌਰ ਡੋਗਰਾਂਵਾਲਾ, ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਵਿਧਾਇਕ ਸ. ਮਲਕੀਤ ਸਿੰਘ ਏ.ਆਰ. ਤੇ ਡਾ. ਦਲਬੀਰ ਸਿੰਘ ਵੇਰਕਾ, ਸਾਬਕਾ ਵਿਧਾਇਕ ਸ. ਵੀਰ ਸਿੰਘ ਲੋਪੋਕੇ, ਫੈਡਰੇਸ਼ਨ ਆਗੂ ਗੁਰਚਰਨ ਸਿੰਘ ਗਰੇਵਾਲ, ਸ. ਅਮਰਜੀਤ ਸਿੰਘ ਚਾਵਲਾ, ਸ. ਪ੍ਰਮਜੀਤ ਸਿੰਘ ਖ਼ਾਲਸਾ, ਸ. ਮਨਜੀਤ ਸਿੰਘ ਭੋਮਾ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਪਰਉਪਕਾਰ ਸਿੰਘ ਸੰਧੂ, ਸਾਬਕਾ ਐਮ.ਪੀ. ਸ. ਧਿਆਨ ਸਿੰਘ ਮੰਡ ਤੇ ਸ. ਸਿਮਰਨਜੀਤ ਸਿੰਘ ਮਾਨ, ਭਾਈ ਰਾਮ ਸਿੰਘ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ, ਭਾਈ ਮੋਹਕਮ ਸਿੰਘ, ਸ. ਹਰਬੀਰ ਸਿੰਘ ਸੰਧੂ, ਸ. ਜਸਵਿੰਦਰ ਸਿੰਘ ਬਲੀਏਵਾਲ, ਬਿਧੀ ਚੰਦ ਸੰਪ੍ਰਦਾ ਸੁਰਸਿੰਘ ਵਾਲਿਆਂ ਵੱਲੋਂ ਬਾਬਾ ਅਵਤਾਰ ਸਿੰਘ, ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਵੱਲੋਂ ਭਾਈ ਜੱਸਾ ਸਿੰਘ ਤੇ ਭਾਈ ਭਜਨ ਸਿੰਘ, ਬਾਬਾ ਹਰਦਿਆਲ ਸਿੰਘ ਹਰੀਆਂ ਵੇਲਾ ਵਾਲੇ, ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ, ਬਾਬਾ ਵਸਣ ਸਿੰਘ ਤੇ ਮਾਨ ਸਿੰਘ ਮੜੀਆਂ ਵਾਲੇ, ਬਾਬਾ ਗਜਨ ਸਿੰਘ ਬਾਬਾ ਬਕਾਲਾ ਵਾਲੇ ਤੇ ਬਾਬਾ ਹਰਭਜਨ ਸਿੰਘ ਬੁਰਜ ਅਕਾਲੀ ਫੂਲਾ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਐਡੀ. ਸਕੱਤਰ ਸ. ਸਤਬੀਰ ਸਿੰਘ, ਸ. ਰੂਪ ਸਿੰਘ, ਸ. ਤਰਲੋਚਨ ਸਿੰਘ ਤੇ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਰਾਮ ਸਿੰਘ, ਸ. ਕੁਲਦੀਪ ਸਿੰਘ, ਸ. ਜਸਪਾਲ ਸਿੰਘ, ਸ. ਮਹਿੰਦਰ ਸਿੰਘ, ਸ. ਬਲਵਿੰਦਰ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ, ਸ. ਅੰਗਰੇਜ਼ ਸਿੰਘ, ਸ. ਹਰਭਜਨ ਸਿੰਘ, ਸ. ਬਲਬੀਰ ਸਿੰਘ, ਸ. ਰਣਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਇੰਚਾਰਜ 85 ਸ. ਸੁਖਦੇਵ ਸਿੰਘ ਭੂਰਾ, ਪੱਤਰ ਵਿਹਾਰ ਕੋਰਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ, ਸ. ਪ੍ਰਮਜੀਤ ਸਿੰਘ ਸਰੋਆ, ਸ. ਸੁਰਿੰਦਰ ਸਿੰਘ (ਲੁਧਿਆਣਾ), ਸੂਚਨਾਂ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਤੇ ਸ. ਦਲਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਐਡੀ. ਮੈਨੇਜਰ ਸ. ਸੁਖਦੇਵ ਸਿੰਘ ਤਲਵੰਡੀ, ਸ. ਬਲਵਿੰਦਰ ਸਿੰਘ ਭਿੰਡਰ ਤੇ ਸ. ਪ੍ਰਤਾਪ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ ਤੇ ਸ. ਬੇਅੰਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।