ਵਾਸਿੰਗਟਨ – ਅਮਰੀਕਾ ਦੀ ਖੋਜ ਸੰਸਥਾ ਨਾਸਾ ਦੇ ਇੱਕ ਵਿਗਿਆਨੀ ਦੂਸਰੇ ਗ੍ਰਹਿ ਤੇ ਪ੍ਰਾਣੀ ਖੋਜਣ ਦਾ ਦਾਅਵਾ ਕੀਤਾ ਹੈ। ਵਿਗਿਆਨੀ ਦੁਆਰਾ ਖੋਜਿਆ ਗਿਆ ਇਹ ਪ੍ਰਾਣੀ ਬੈਕਟੀਰੀਆ ਦਾ ਜੀਵਸ਼ਮ ਹੈ, ਜੋ ਧਰਤੀ ਤੇ ਬਹੁਤ ਸਮਾਂ ਪਹਿਲੇ ਡਿੱਗੇ ਉਲਕਾਪਿੰਡਾਂ ਵਿੱਚ ਪਾਇਆ ਗਿਆ ਹੈ।
ਨਾਸਾ ਦੇ ਜੀਵ ਵਿਗਿਆਨੀ ਡਾ: ਰਿਚਰਡ ਹੂਵਰ ਨੇ ਦੁਨੀਆਭਰ ਵਿੱਚ ਪਾਏ ਗਏ ਉਲਕਾ ਪਿੰਡਾਂ ਤੇ ਖੋਜ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਅਮਰੀਕਾ ਦੇ ਇੱਕ ਨਿਊਜ ਚੈਨਲ ਨਾਲ ਗੱਲਬਾਤ ਦੌਰਾਨ ਡਾ: ਰਿਚਰਡ ਨੇ ਦਸਿਆ,’ਅੰਟਾਰਕਟਿਕਾ, ਸਾਇਬੇਰੀਆ ਅਤੇ ਅਲਾਸਕਾ ਵਿੱਚ ਪਾਏ ਗਏ ਉਲਕਾ ਪਿੰਡਾਂ ਦੇ ਅਸਧਾਰਣ ਨਮੂਨਿਆਂ ਤੇ ਖੋਜ ਕਰਨ ਤੋਂ ਬਾਅਦ ਮੈਂ ਇਹ ਲੱਭਿਆ ਕਿ ਧਰਤੀ ਤੋਂ ਪਰੇ ਵੀ ਜੀਵਨ ਹੈ ਅਤੇ ਇਹ ਤੱਥ ਧਰਤੀ ਤੇ ਜੀਵਨ ਦੀ ਸ਼ੁਰੂਆਤ ਸਬੰਧੀ ਪਰਮਾਣ ਦੇ ਸਕਦੇ ਹਨ। ਇਸ ਖੇਤਰ ਵਿੱਚ ਅਜੇ ਤੱਕ ਪਹਿਲ ਨਹੀਂ ਕੀਤੀ ਗਈ ਕਿਉਂਕਿ ਕਈ ਵੱਡੇ ਵਿਗਿਆਨੀ ਦੂਸਰੇ ਗ੍ਰਹਿ ਤੇ ਜੀਵਨ ਨੂੰ ਅਸੰਭਵ ਮੰਨਦੇ ਹਨ।
ਡਾ: ਹੂਵਰ ਨੇ ਆਪਣੀ ਖੋਜ ਵਿੱਚ ਅਜਿਹੇ ਤੱਤ ਪਾਏ ਹਨ ਜੋ ਧਰਤੀ ਤੋਂ ਬਗੈਰ ਵੀ ਜੀਵਨ ਦਾ ਸੰਕੇਤ ਦਿੰਦੇ ਹਨ। ਉਨ੍ਹਾ ਨੇ ਆਪਣੇ ਦਾਅਵੇ ਨੂੰ ‘ਜਰਨਲ ਆਫ ਕੋਸਮੋਲੋਜੀ’ ਦੇ ਅਡੀਸ਼ਨ ਵਿੱਚ ਵੀ ਪ੍ਰਕਾਸਿ਼ਤ ਕੀਤਾ ਹੈ। ਇਸ ਵਿੱਚ ਵਿਸ਼ਵ ਭਰ ਦੇ ਵਿਗਿਆਨੀਆਂ ਨੂੰ ਸਮੀਖਿਆ ਕਰਨ ਲਈ ਕਿਹਾ ਗਿਆ ਹੈ।