ਲੁਧਿਆਣਾ:- ਮਾਸਕੋ ਸਥਿਤ ਵਾਤਾਵਰਨ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਛੇ ਮੈਂਬਰੀ ਡੈਲੀਗੇਸ਼ਨ ਨੇ ਅੱਜ ਡਾ: ਨਤਾਲੀਆ ਫੈਸਚੈਂਕਾ ਦੀ ਅਗਵਾਈ ਹੇਠ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਕੀਤੀ। ਇਸ ਵਫਦ ਵਿੱਚ ਚਾਰ ਵਿਦਿਆਰਥੀ ਅਤੇ ਦੋ ਅਧਿਆਪਕ ਸ਼ਾਮਿਲ ਸਨ। ਵਫਦ ਨਾਲ ਗੱਲਬਾਤ ਕਰਦਿਆਂ ਡਾ: ਕੰਗ ਨੇ ਆਖਿਆ ਕਿ ਦੁਵੱਲੇ ਸਹਿਯੋਗ ਦੇ ਅਹਿਦਨਾਮੇ ਦਾ ਮੰਤਵ ਗਿਆਨ ਵਿਗਿਆਨ, ਤਕਨਾਲੋਜੀ ਅਤੇ ਸਭਿਆਚਾਰਕ ਵਟਾਂਦਰੇ ਨਾਲ ਭਾਰਤ-ਰੂਸ ਦੋਸਤੀ ਨੂੰ ਹੋਰ ਮਜ਼ਬੂਤ ਕਰਨਾ ਹੈ ਤਾਂ ਜੋ ਸਰਬੱਤ ਦੇ ਭਲੇ ਲਈ ਸਾਂਝੇ ਯਤਨ ਅੱਗੇ ਵਧਾਏ ਜਾ ਸਕਣ। ਡਾ: ਕੰਗ ਨੇ ਰੂਸੀ ਵਿਦਿਆਰਥੀਆਂ ਨਾਲ ਆਪਣੀ ਰੂਸ ਯਾਤਰਾ ਦੇ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਡਾਇਰੈਕਟਰ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਵੀ ਹਾਜ਼ਰ ਸਨ।
ਰੂਸੀ ਵਫਦ ਵੱਲੋਂ ਬੋਲਦਿਆਂ ਡਾ: ਫੈਸਚੈਂਕਾ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਇਸ ਅਹਿਦਨਾਮੇ ਅਧੀਨ ਬਹੁਤ ਕੁਝ ਨਵਾਂ ਸਿੱਖਿਆ ਹੈ ਅਤੇ ਅੰਤਰ ਰਾਸ਼ਟਰੀ ਖੋਜ ਵਿਕਾਸ ਅਦਾਰਿਆਂ ਨਾਲ ਸਾਂਝ ਵਧਾਉਣ ਦਾ ਮਨੋਰਥ ਆਪਣੇ ਵਿਦਿਆਰਥੀਆਂ ਨੂੰ ਗਲੋਬਲ ਮਸਲਿਆਂ ਨਾਲ ਸਾਂਝ ਪੁਆਉਣਾ ਹੈ। ਵਫਦ ਵਿੱਚ ਸ਼ਾਮਿਲ ਡਾ: ਲੈਵ ਰੈਟਕੋਵਿਚ ਨੇ ਆਪਣੇ ਵਾਈਸ ਚਾਂਸਲਰ ਅਤੇ ਡਾ: ਸਾਰੋਕਿਨ ਵੱਲੋਂ ਭੇਜੀਆਂ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਕਿਹਾ ਕਿ ਦੁਵੱਲੇ ਸਹਿਯੋਗ ਨਾਲ ਰੌਸ਼ਨ ਭਵਿੱਖ ਦੀ ਸਿਰਜਣਾ ਯਕੀਨੀ ਹੈ। ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਆਖਿਆ ਕਿ ਰੂਸੀ ਡੈਲੀਗੇਸ਼ਨ ਨੂੰ ਖੇਤੀ ਇੰਜੀਨੀਅਰਿੰਗ ਕਾਲਜ ਤੋਂ ਇਲਾਵਾ ਪੇਂਡੂ ਵਸਤਾਂ ਦੇ ਅਜਾਇਬ ਘਰ, ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਦਾ ਵੀ ਦੌਰਾ ਕਰਵਾਇਆ ਗਿਆ ਹੈ। ਇਸ ਵਫਦ ਨੂੰ ਪਾਣੀ ਅਤੇ ਸੀਵਰੇਜ ਸੋਧ ਪਲਾਂਟ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਮੋਗਾ ਅਤੇ ਲੁਧਿਆਣਾ ਸਥਿਤ ਦੋ ਨਿੱਜੀ ਅਦਾਰਿਆਂ ਦਾ ਵੀ ਦੌਰਾ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਭਾਖੜਾ ਡੈਮ, ਤਾਜ ਮਹੱਲ ਅਤ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਲਿਜਾਇਆ ਜਾਵੇਗਾ।
ਗਿਆਨ ਵਿਗਿਆਨ ਤਕਨਾਲੋਜੀ ਅਤੇ ਸਭਿਆਚਾਰਕ ਵਟਾਂਦਰੇ ਨਾਲ ਭਾਰਤ-ਰੂਸ ਦੋਸਤੀ ਵਾਪਸੀ ਹੋਰ ਮਜ਼ਬੂਤ ਹੋਵੇਗੀ-ਡਾ: ਕੰਗ
This entry was posted in ਖੇਤੀਬਾੜੀ.