ਲੁਧਿਆਣਾ: – ਪੀ ਏ ਯੂ ਇੰਪਲਾਈਜ਼ ਯੂਨੀਅਨ ਵੱਲੋਂ ਫਰਵਰੀ ਮਹੀਨੇ ਦੀ ਤਨਖਾਹ ਸਮੇਂ ਸਿਰ ਨਾ ਮਿਲਣ ਕਰਕੇ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਵੱਖ-ਵੱਖ ਬਿਲਡਿੰਗਾਂ ਤੇ ਫੀਲਡ ਵਿਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਯੂਨੀਅਨ ਦੇ ਪ੍ਰਧਾਨ ਸ: ਹਰਬੰਸ ਸਿੰਘ ਮੁੰਡੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਏ ਯੂ ਨੂੰ ਜਨਵਰੀ ਮਹੀਨੇ ਦੀ ਤਨਖਾਹ ਦੀ ਗਰਾਂਟ ਵੀ ਅੱਜ ਤੱਕ ਰਿਲੀਜ਼ ਨਹੀਂ ਕੀਤੀ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਸਖਤ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਸ ਯੂਨੀਵਰਸਿਟੀ ਨੇ ਦੇਸ਼ ਦੀ ਭੁੱਖਮਰੀ ਨੂੰ ਦੂਰ ਕੀਤਾ ਉਥੇ ਕਿਸਾਨ ਦੀ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਸਾਇੰਸਦਾਨਾਂ ਅਤੇ ਮੁਲਾਜ਼ਮਾਂ ਨੇ ਰਲ ਕੇ ਕਈ ਐਵਾਰਡ ਪ੍ਰਾਪਤ ਕੀਤੀ ਅਤੇ ਹੁਣ ਹੀ ਪੀ ਏ ਯੂ ਨੂੰ ਹਿੰਦੋਸਤਾਨ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਯੂਨੀਵਰਸਿਟੀ ਦਾ ਐਵਾਰਡ ਮਿਲਿਆ ਹੈ। ਸ: ਮੁੰਡੀ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਬਣਦੀ ਜਿੰਮੇਂਵਾਰੀ ਨਿਭਾਉਣ ਦੀ ਤਾੜਨਾ ਕੀਤੀ। ਇਸ ਰੈਲੀ ਵਿੱਚ ਇਸਤਰੀ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ । ਸ: ਮੁੰਡੀ ਨੇ ਕਿਹਾ ਕਿ ਜੇਕਰ ਸੁਕਰਵਾਰ ਤੱਕ ਗਰਾਂਟ ਰਿਲੀਜ਼ ਨਾ ਕੀਤੀ ਗਈ ਤਾਂ 14 ਮਾਰਚ ਤੋਂ ਸੰਘਰਸ਼ ਭਿਆਨਕ ਰੂਪ ਧਾਰਨ ਕਰੇਗਾ ਜਿਸਦੀ ਜਿੰਮੇਂਵਾਰੀ ਸਰਕਾਰ ਦੀ ਹੋਵੇਗੀ। ਸ: ਮੁੰਡੀ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 9 ਮਾਰਚ ਨੂੰ ਸਵੇਰੇ 9 ਵਜੇ ਥਾਪਰ ਹਾਲ ਸਹਾਮਣੇ ਜ਼ਰੂਰ ਪਹੁੰਚਣ। ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਅਵਿਨਾਸ਼ ਸ਼ਰਮਾ ਨੇ ਪੰਜਾਬ ਸਰਕਾਰ ਦੀ ਖਜ਼ਾਨੇ ਵਿਚ ਰੁਕੀ 31 ਕਰੋੜ ਦੀ ਰਾਸ਼ੀ ਪੀ ਏ ਯੂ ਨੂੰ ਤੁਰੰਤ ਰਿਲੀਜ਼ ਕਰਨ ਦੀ ਸਰਕਾਰ ਨੂੰ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਗਰਾਂਟ ਜਾਰੀ ਨਾ ਹੋਈ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ 17-18 ਮਾਰਚ ਨੂੰ ਪੀ ਏ ਯੂ ਵਿੱਚ ਲੱਗ ਰਹੇ ਕਿਸਾਨ ਮੇਲੇ ਦਾ ਬਾਈਕਾਟ ਕਰਨ ਤੋਂ ਵੀ ਯੂਨੀਅਨ ਗੁਰੇਜ਼ ਨਹੀਂ ਕਰੇਗੀ, ਜਿਸ ਦੀ ਸਾਰੀ ਜਿੰਮੇਂਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਸੇਖੋਂ, ਸਰਬਜੀਤ ਸਿੰਘ, ਲਖਵਿੰਦਰ ਸਿੰਘ ਸੰਧੂ, ਮਹਿਲ ਸਿੰਘ ਸਿੱਧੂ, ਯਾਦਵਿੰਦਰ ਸਿੰਘ, ਪ੍ਰਵੀਨ ਬਾਂਦਾ, ਜਸਵੀਰ ਸਿੰਘ, ਮਨਦੀਪ ਪਾਲ ਸਿੰਘ ਅਤੇ ਅਸ਼ਵਨੀ ਨੌਰੀਅਲ ਨੇ ਵੀ ਸੰਬੋਧਨ ਕੀਤਾ। ਪੀ ਏ ਯੂ ਫੋਰਥ ਕਲਾਸ ਦੇ ਪ੍ਰਧਾਨ ਚਰਨ ਸਿੰਘ ਗੁਰਮ, ਹਰਜੀਤ ਸਿੰਘ ਅਤੇ ਹੋਰ ਆਗੂਆਂ ਨੇ ਵੀ ਹਰ ਸੰਘਰਸ਼ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ।