ਟੋਕੀਓ- ਜਪਾਨ ਵਿੱਚ ਸ਼ੁਕਰਵਾਰ ਨੂੰ ਆਏ ਭੂਚਾਲ ਦੇ ਜਬਰਦਸਤ ਝਟਕਿਆਂ ਤੋਂ ਬਾਅਦ ਆਈ ਸੁਨਾਮੀ ਨੇ ਦੇਸ਼ ਦੇ ਉਤਰੀ ਤੱਟ ਤੇ ਵੱਸੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਰਿਕਟਰ ਪੈਮਾਨੇ ਤੇ ਭੂਚਾਲ ਦੀ ਸਪੀਡ 8.8 ਸੀ। ਇਹ ਭੂਚਾਲ ਦੇਸ਼ ਦੀ ਰਾਜਧਾਨੀ ਟੋਕੀਓ ਤੋਂ 400 ਕਿਲੋਮੀਟਰ ਦੂਰ ਦੇ ਖੇਤਰ ਵਿੱਚ ਆਇਆ, ਪਰ ਟੋਕੀਓ ਵਿੱਚ ਵੀ ਵੱਡੀਆਂ ਵੱਡੀਆਂ ਇਮਾਰਤਾਂ ਹਿਲ ਗਈਆਂ ਅਤੇ ਲੋਕ ਡਰਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਤੋਂ ਬਾਅਦ ਆਈ ਸੁਨਾਮੀ ਨਾਲ ਸਮੁੰਦਰੀ ਤੱਟ ਤੇ ਵਸੇ ਮਿਆਗੀ ਸੂਬੇ ਵਿੱਚ ਕਈ ਬਿਲਡਿੰਗਾਂ ਅਤੇ ਕਾਰਾਂ ਰੁੜ੍ਹ ਗਈਆਂ।
ਜਪਾਨ ਦੀ ਇੱਕ ਨਿਊਜ਼ ਏਜੰਸੀ ਨੇ ਸੈਨਦਾਈ ਵਿੱਚ ਹੀ ਸਮੁੰਦਰੀ ਤੱਟ ਦੇ ਕੋਲ 1000 ਲੋਕਾਂ ਦੇ ਮਾਰੇ ਜਾਣ ਅਤੇ 88 ਹਜ਼ਾਰ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਦਿੱਤੀ ਹੈ। ਮਿਆਗੀ ਸੂਬੇ ਵਿੱਚ ਔਨਗਾਵਾ ਨਿਊਕਲੀਅਰ ਪਲਾਂਟ ਦੀ ਟਰਬਾਈਨ ਬਿਲਡਿੰਗ ਵਿੱਚ ਅੱਗ ਲਗ ਗਈ । ਜਿਸ ਕਰਕੇ ਨਿਊਕਲੀਅਰ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਟੋਕੀਓ ਵਿੱਚ ਭੂਚਾਲ ਤੋਂ ਬਾਅਦ 14 ਸਥਾਨਾਂ ਤੇ ਅੱਗ ਲਗਣ ਦੀਆਂ ਵਾਰਦਾਤਾਂ ਹੋਈਆਂ ਹਨ। ਇਸ ਸ਼ਹਿਰ ਦੇ ਏਰੀਏ ਦੇ 40 ਲੱਖ ਲੋਕਾਂ ਦੇ ਘਰਾਂ ਵਿੱਚੋਂ ਬਿਜਲੀ ਦੀ ਸਪਲਾਈ ਠੱਪ ਪਈ ਹੈ। ਚਿਬਾ ਰੀਫਾਈਨਰੀ ਵਿੱਚ ਵੀ ਭਿਆਨਕ ਅੱਗ ਲਗਣ ਦੀ ਖ਼ਬਰ ਹੈ। ਭੂਚਾਲ ਨਾਲ ਪ੍ਰਭਾਵਿਤ ਇਲਾਕੇ ਵਿੱਚ 900 ਲੋਕ ਰਾਹਤ ਦੇ ਕੰਮਾਂ ਵਿੱਚ ਲਗੇ ਹੋਏ ਹਨ।
ਜਪਾਨ ਵਿੱਚ 140 ਸਾਲਾਂ ਬਾਅਦ ਇਹ ਭਿਆਨਕ ਭੂਚਾਲ ਆਇਆ ਹੈ। ਨਰੀਤਾ ਏਅਰਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਟੋਕੀਓ ਵਿੱਚ ਮੈਟਰੋ ਟਰੇਨ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਉਤਰੀ ਤੱਟ ਤੇ ਸਥਿਤ ਸੈਨਦਾਈ ਏਅਰਪੋਰਟ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਮਾਰ ਵਿੱਚ ਆ ਗਿਆ ਹੈ। ਜਪਾਨ ਦੀਆਂ ਸਾਰੀਆਂ ਬੰਦਰਗਾਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ਭੂਚਾਲ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਸੈਨਾ ਦੇ 8 ਜਹਾਜ਼ ਇਸ ਕੰਮ ਵਿੱਚ ਲਗਾਏ ਗਏ ਹਨ।
ਦੁਪਹਿਰ ਦੇ ਸਮੇਂ 8.9 ਦੀ ਸਪੀਡ ਨਾਲ ਆਏ ਭੂਚਾਲ ਨੇ ਜਪਾਨ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਸਮੂਦਰੀ ਤੱਟ ਤੇ 33 ਫੁੱਟ ਦੀਆਂ ਸੁਨਾਮੀ ਲਹਿਰਾਂ ਉਠੀਆਂ। ਇਹ ਭੂਚਾਲ 25 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਤੋਂ ਬਾਅਦ ਸੁਨਾਮੀ ਦੀਆਂ 13 ਫੁੱਟ ਉਚੀਆਂ ਲਹਿਰਾਂ ਨੇ ਉਤਰੀ ਤੱਟ ਦੇ ਨਜ਼ਦੀਕ ਮਿਆਗੀ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਚਪੇਟ ਵਿੱਚ ਲੈ ਲਿਆ ਹੈ। ਮੌਸਮ ਵਿਭਾਗ ਵਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਸੁਨਾਮੀ ਦੌਰਾਨ 20 ਫੁੱਟ ਉਚੀਆਂ ਲਹਿਰਾਂ ਵੀ ਉਠ ਸਕਦੀਆਂ ਹਨ। ਪੈਸੇਫਿਕ ਚੇਤਾਵਨੀ ਕੇਂਦਰ ਨੇ ਜਪਾਨ ਸਮੇਤ ਇੰਡੋਨੇਸ਼ੀਆ, ਹਵਾਈ ਦੀਪ, ਤਾਈਵਾਨ, ਰੂਸ, ਮਾਰਕਸ ਆਈਲੈਂਡ, ਗੁਆਸ, ਫਿਲਪੀਨਜਲ ਅਤੇ ਉਤਰੀ ਮਾਰਿਆਨਾ ਲਈ ਵੀ ਚੇਤਾਵਨੀ ਜਾਰੀ ਕੀਤੀ ਹੈ।