ਲੁਧਿਆਣਾ:- ਆਕਸਫੋਰਡ ਬਰੁਕਸ ਯੂਨੀਵਰਸਿਟੀ ਵਿੱਚ ਕੰਮ ਕਰਦੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰ ਡਾ: ਪ੍ਰੀਤਮ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਖੇਤੀ ਮਾਡਲ ਭਾਰਤੀ ਕੇਂਦਰ ਦੀਆਂ ਲੋੜਾਂ ਮੁਤਾਬਕ ਵਿਕਸਤ ਕੀਤਾ ਗਿਆ ਹੈ ਜਦ ਕਿ ਇਸ ਨੂੰ ਪੰਜਾਬੀ ਕਿਸਾਨਾਂ ਦੇ ਭਲੇ ਲਈ ਵਿਉਂਤਣ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਲੋੜਾਂ ਤਾਂ ਪੂਰੀਆਂ ਹੋ ਗਈਆਂ ਪਰ ਪੰਜਾਬ ਦਾ ਕਿਸਾਨ ਉਸ ਵਧ ਉਤਪਾਦਨ ਦਾ ਕੋਈ ਲਾਭ ਨਹੀਂ ਲੈ ਸਕਿਆ। ਉਨ੍ਹਾਂ ਆਖਿਆ ਕਿ ਸਿਆਸਤਦਾਨ ਆਪਣੀ ਸਿਆਸੀ ਗਰਜ਼ ਲਈ ਪੰਜਾਬ ਦੇ ਖੇਤੀ ਮਾਡਲ ਨੂੰ ਵਿਕਸਤ ਕਰਦੇ ਰਹੇ ਹਨ ਪਰ ਹੁਣ ਤਬਦੀਲ ਸੋਚ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਦੀ ਸਾਸਕਾ ਸੁਸਾਇਟੀ ਵੱਲੋਂ ਕਰਵਾਏ ਭਾਸ਼ਣ ਮੌਕੇ ਉਨ੍ਹਾਂ ਕਿਹਾ ਕਿ ਮੈਂ ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਆਦਿ ਵਿੱਚ ਪਿਛਲੇ 22 ਸਾਲ ਪੜ੍ਹਾਇਆ ਹੈ ਅਤੇ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਪੰਜਾਬ ਦੀ ਖੇਤੀਬਾੜੀ ਇਸ ਵੇਲੇ ਜਿਸ ਖੜੌਤ ਦੇ ਦੌਰ ਵਿਚੋਂ ¦ਘ ਰਹੀ ਹੈ ਉਸ ਨਾਲ ਕਿਸਾਨ ਦਾ ਲਾਭ ਘੱਟ ਰਿਹਾ ਹੈ । ਪੰਜਾਬ ਦੀ ਖੇਤੀ ਦਾ ਮਸ਼ੀਨੀਕਰਨ ਹੋਣ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਉਦਯੋਗਿਕ ਸੈਕਟਰ ਵਿੱਚ ਵੀ ਇਹ ਵਿਹਲੇ ਹੱਥ ਰੁਜ਼ਗਾਰਯੋਗ ਨਹੀਂ ਹਨ। ਉਨ੍ਹਾਂ ਆਖਿਆ ਕਿ ਭਾਰਤੀ ਖੇਤੀਬਾੜੀ ਇਤਿਹਾਸ ਵਿੱਚ ਪੰਜਾਬੀ ਕਿਸਾਨਾਂ ਨੇ ਹਮੇਸ਼ਾਂ ਕੁਲ ਕੌਮੀ ਉਤਪਾਦਨ ਵਿੱਚ ਵੱਡਾ ਹਿੱਸਾ ਪਾਇਆ ਹੈ ਅਤੇ ਵਿਸ਼ਵ ਦੇ ਸਿਰਕੱਢ ਕਿਸਾਨਾਂ ਵਿੱਚ ਪੰਜਾਬੀ ਕਿਸਾਨਾਂ ਨੂੰ ਗਿਣਿਆ ਜਾ ਸਕਦਾ ਹੈ ਪਰ ਅੱਜ ਆਮ ਪੇਂਡੂ ਪੰਜਾਬੀ ਨੂੰ ਵਾਤਾਵਰਨ ਅਤੇ ਖੇਤੀਬਾੜੀ ਬਾਰੇ ਸਿਖਿਅਤ ਕਰਨ ਦੀ ਲੋੜ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸਾਸ਼ਤਰੀ ਡਾ: ਸੁਖਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਖੇਤੀ ਅਰਥਚਾਰਾ ਇਸ ਵੇਲੇ ਅਨੇਕਾਂ ਮੁਸੀਬਤਾਂ ਵਿਚੋਂ ¦ਘ ਰਿਹਾ ਹੈ ਜਿਨ੍ਹਾਂ ਵਿਚੋਂ ਖੇਤੀ ਵਿਚੋਂ ਟੱਬਰਾਂ ਦਾ ਨਿਕਲਣਾ, ਕਰਜ਼ਦਾਰੀ ਕਾਰਨ ਖੁਦਕੁਸ਼ੀਆਂ ਅਤੇ ਹੋਰ ਮੁਸੀਬਤਾਂ ਹਨ, ਇਸ ਲਈ ਬਦਲਵੇਂ ਖੇਤੀ ਸਿਸਟਮ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਛੋਟੇ ਕਿਸਾਨ ਦੀ ਖੇਤੀ ਹੁਣ ਲਾਹੇਵੰਦ ਨਹੀਂ ਰਹੀ । ਇਸ ਲਈ ਸਹਿਕਾਰੀ ਖੇਤੀ ਪ੍ਰਬੰਧ ਉਸਾਰਨ ਦੀ ਲੋੜ ਹੈ।
ਅਰਥ ਸਾਸ਼ਤਰ ਵਿਭਾਗ ਦੇ ਮੁਖੀ ਡਾ: ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਅਰਥਚਾਰੇ ਨੇ ਖੇਤੀਬਾੜੀ ਵਿਕਾਸ ਨੀਤੀ ਤੋਂ ਲਾਭ ਉਠਾਇਆ ਹੈ। ਜਿਹੜਾ ਪੰਜਾਬ 1886 ਵਿੱਚ ਸਭ ਤੋਂ ਗਰੀਬ ਸੂਬਾ ਸੀ ਉਸ ਨੂੰ ਉਪਰ ਚੁੱਕਣ ਲਈ ਲਗਾਤਾਰ ਯਤਨ ਹੁੰਦੇ ਰਹੇ ਹਨ। ਡਾ: ਮਾਨ ਸਿੰਘ ਤੂਰ ਨੇ ਦੱਸਿਆ ਕਿ ਡਾ: ਪ੍ਰੀਤਮ ਸਿੰਘ ਪਹਿਲੇ ਗੈਰ ਗੋਰੇ ਵਿਅਕਤੀ ਸਨ ਜਿਨ੍ਹਾਂ ਨੂੰ ਬ੍ਰਿਟੇਨ ਦੀ ਕਿਸੇ ਸਿਆਸੀ ਪਾਰਟੀ ਨੇ ਆਕਸਫੋਰਡ ਤੋਂ ਆਪਣਾ ਉਮੀਦਵਾਰ ਬਣਾਇਆ। ਬੇਸਿਕ ਸਾਇੰਸਜ਼ ਕਾਲਜ ਦੇ ਕੋਆਡੀਨੇਟਰ ਖੋਜ ਡਾ: ਪੀ ਕੇ ਖੰਨਾ ਨੇ ਵੀ ਇਸ ਮੌਕੇ ਡਾ: ਪ੍ਰੀਤਮ ਸਿੰਘ ਦਾ ਇਸ ਵਿਸੇਸ਼ ਭਾਸ਼ਣ ਲਈ ਧੰਨਵਾਦ ਕੀਤਾ।